ਗੋਪਾਲ ਸ਼ਰਮਾ
ਅੱਜਕੱਲ੍ਹ ਸਭ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲਦੀਆਂ ਹਨ। ਜਿਸ ਨੂੰ ਮਰਜ਼ੀ ਛੇੜ ਲਵੋ, ਉਹੀ ਕਹਿੰਦਾ ਹੈ, ‘‘ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈ। ਜਿਵੇਂ ਰੱਬ ਨੇ ਸਾਰੇ ਜਹਾਨ ਦੀਆਂ ਮੁਸੀਬਤਾਂ ਮੇਰੇ ਹੀ ਲੇਖਾਂ ਵਿੱਚ ਲਿਖ ਦਿੱਤੀਆਂ ਹਨ।’’ ਹਰ ਸ਼ਖ਼ਸ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਹੈ। ਕਿਸੇ ਨੂੰ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨ ਦੀ ਚਿੰਤਾ ਹੈ, ਤਾਂ ਕਿਸੇ ਨੂੰ ਆਪਣੇ ਕੰਮ ਧੰਦੇ ਦੀ। ਕੋਈ ਭਲਾਮਾਣਸ ਸੰਸਾਰ ਦੀ ਬੁਰੀ ਹਾਲਤ ਨੂੰ ਦੇਖ ਕੇ ਫਿਕਰਮੰਦ ਹੈ ਤਾਂ ਕੋਈ ਆਪਣੇ ਆਪ ਤੋਂ ਹੀ ਤੰਗ ਹੈ। ਕਿਸੇ ਦੀ ਆਤਮਾ ਔਲਾਦ ਪੱਖੋਂ ਤੜਫ਼ਦੀ ਹੈ। ਕਈ ਲੋਕ ਰਿਸ਼ਤੇਦਾਰਾਂ ਅਤੇ ਸਰਕਾਰਾਂ ਆਦਿ ਤੋਂ ਜ਼ਿਆਦਾ ਦੁਖੀ ਹਨ, ਪਰ ਜੇ ਪਹਿਲਾਂ ਗੱਲ ਪਰਿਵਾਰ ਦੀ ਕਰੀਏ ਤਾਂ ਘਰ ਪਰਿਵਾਰ ਬਿਨਾਂ ਜ਼ਿੰਦਗੀ ਦੀ ਕੋਈ ਹੋਂਦ ਨਹੀਂ ਰਹਿ ਜਾਂਦੀ।
ਪਰਿਵਾਰ ਇਨਸਾਨ ਨੂੰ ਰੱਬ ਦੀ ਬਖ਼ਸ਼ੀ ਉਹ ਦਾਤ ਹੈ ਜਿਸ ਦਾ ਮੁਕਾਬਲਾ ਦੁਨੀਆ ਦੀ ਕੋਈ ਵੀ ਵਸਤੂ ਨਹੀਂ ਕਰ ਸਕਦੀ ਕਿਉਂਕਿ ਹਰ ਸੁੱਖ, ਹਰ ਖੁਸ਼ੀ ਪਰਿਵਾਰ ਨਾਲ ਜੁੜੀ ਹੋਈ ਹੈ। ਆਪਣਿਆਂ ਤੋਂ ਬਿਨਾਂ ਜ਼ਿੰਦਗੀ ਦੀ ਹਰ ਸੌਗਾਤ ਅਧੂਰੀ ਲੱਗਦੀ ਹੈ। ਪਰਿਵਾਰ ਵਿਅਕਤੀ ਦੇ ਸਿਰਫ਼ ਜਿਉਣ ਦਾ ਸਹਾਰਾ ਨਹੀਂ ਹੈ। ਬਲਕਿ ਗ੍ਰਹਿਸਥ ਜੀਵਨ ਬਿਨਾਂ ਉਸ ਦਾ ਸਹੀ ਮਾਅਨੇ ਵਿੱਚ ਗੁਜ਼ਾਰਾ ਨਹੀਂ ਹੈ। ਇੱਕ ਖੁਸ਼ਹਾਲ ਪਰਿਵਾਰ ਵਿਅਕਤੀ ਦੀ ਕਾਮਨਾ ਵੀ ਹੈ ਅਤੇ ਉਸ ਦਾ ਹੌਸਲਾ ਵੀ ਹੈ। ਇਸ ਲਈ ਆਪਣੇ ਟੱਬਰ ਅਤੇ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਉੱਪਰ ਬੋਝ ਨਾ ਸਮਝੋ ਕਿਉਂਕਿ ਵਿਆਹ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣਾ ਮਨੁੱਖ ਦਾ ਫਰਜ਼ ਵੀ ਹੈ ਅਤੇ ਧਰਮ ਵੀ ਹੈ। ਕਬੀਲਦਾਰੀ ਦੇ ਚੱਲਦਿਆਂ ਦੁਨਿਆਵੀ ਕਾਰਜਾਂ ਨੂੰ ਪੂਰਾ ਕਰਦਿਆਂ ਤੰਗੀਆਂ ਤੁਰਸ਼ੀਆਂ ਅਤੇ ਦੇਣੇ-ਲੈਣੇ ਚੱਲਦੇ ਹੀ ਰਹਿੰਦੇ ਹਨ। ਵੱਸਦੇ ਘਰਾਂ ਅੰਦਰ ਇੱਕ ਦੂਸਰੇ ਨਾਲ ਅਕਸਰ ਕਿਹਾ ਸੁਣੀ ਹੁੰਦੀ ਰਹਿੰਦੀ ਹੈ ਕਿਉਂਕਿ ਜਿੱਥੇ ਦੋ ਭਾਂਡੇ ਹੋਣਗੇ, ਉਹ ਖੜਕਣਗੇ ਵੀ। ਸਮੇਂ ਅਨੁਸਾਰ ਪਰਿਵਾਰਾਂ ਦਾ ਅੱਡ ਹੋਣਾ, ਜਾਇਦਾਦਾਂ ਵਿੱਚ ਵੰਡੀਆਂ ਪੈਣਾ ਸਾਡੇ ਸਮਾਜ ਵਿੱਚ ਆਮ ਗੱਲ ਹੈ, ਪਰ ਵਧੀਆ ਹੋਵੇਗਾ ਜੇਕਰ ਲੋਕਾਂ ਨੂੰ ਤਮਾਸ਼ਾ ਦਿਖਾਉਣ ਦੀ ਥਾਂ ਆਪਸੀ ਰਜ਼ਾਮੰਦੀ ਨਾਲ ਦੋ ਚੁੱਲ੍ਹੇ ਬਣਾ ਲਏ ਜਾਣ।
ਮਨਾਂ ਵਿੱਚ ਖਟਾਸ ਪੈਦਾ ਕਰਨ ਨਾਲੋਂ ਸ਼ਾਂਤੀ ਨਾਲ ਮਿਲ ਬੈਠ ਕੇ ਹੀ ਨਿਪਟਾਰਾ ਕਰ ਲਿਆ ਜਾਵੇ ਤਾਂ ਚੰਗਾ ਹੈ ਕਿਉਂਕਿ ਅੱਗ ਚੁੱਲ੍ਹਿਆਂ ਵਿੱਚ ਹੀ ਬਲਦੀ ਚੰਗੀ ਲੱਗਦੀ ਹੈ, ਕਲੇਜੇ ਅੰਦਰ ਨਹੀਂ। ਸ਼ਾਂਤੀ ਨਾਲ ਇਕੱਠੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਘਰੇਲੂ ਤੌਰ ’ਤੇ ਪੇਸ਼ ਆ ਰਹੀਆਂ ਉਲਝਣਾਂ ਨੂੰ ਸੁਲਝਾਉਣ ਵਿੱਚ ਹੀ ਸਾਰੇ ਪਰਿਵਾਰ ਦੀ ਭਲਾਈ ਹੈ। ਬਾਕੀ ਪਤੀ-ਪਤਨੀ ਵਿਚਕਾਰ ਕਿਸੇ ਨਾ ਕਿਸੇ ਗੱਲੋਂ ਤੂੰ-ਤੂੰ, ਮੈਂ-ਮੈਂ ਹੋਣਾ ਤਾਂ ਹਰ ਘਰ ਵਿੱਚ ਨਿੱਤ ਦੀ ਕਹਾਣੀ ਹੈ, ਪਰ ਦੋਵੇਂ ਜਣਿਆਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਨਿੱਕੀ ਜਿਹੀ ਗੱਲ ਵੀ ਕਿਧਰੇ ਰਾਈ ਦਾ ਪਹਾੜ ਨਾ ਬਣ ਜਾਵੇ। ਕਹਿੰਦੇ ਹਨ ਕਿ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ।
ਵਿਆਹ ਦਾ ਮਤਲਬ ਸੱਤ ਜਨਮਾਂ ਦਾ ਸਾਥ ਹੈ। ਟੁਕੜਿਆਂ ਦੀ ਤਰ੍ਹਾਂ ਜ਼ਿੰਦਗੀ ਜਿਉਣ ਦਾ ਫੈਸਲਾ ਨਾ ਕਰੋ। ਔਰਤ ਤੇ ਮਰਦ ਪਰਿਵਾਰ ਦੀ ਗੱਡੀ ਦੇ ਦੋ ਪਹੀਏ ਹੁੰਦੇ ਹਨ। ਇਸ ਲਈ ਪਰਿਵਾਰ ਦੀ ਇੱਜ਼ਤ ਅਤੇ ਆਪਣੇ ਬੱਚਿਆਂ ਦੇ ਭਵਿੱਖ ਵੱਲ ਵੇਖ ਕੇ ਇੱਕ ਦੂਜੇ ਦੀਆਂ ਮਜਬੂਰੀਆਂ ਨੂੰ ਸਮਝੋ। ਛੋਟੀਆਂ ਛੋਟੀਆਂ ਗੱਲਾਂ ਨੂੰ ਤਵੱਜੋ ਦੇਣ ਦੀ ਬਜਾਏ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰੋ ਤਾਂ ਜੋ ਖੁਸ਼ੀਆਂ ਘਰ ਦੇ ਬੂਹੇ ’ਤੇ ਦਸਤਕ ਦਿੰਦੀਆਂ ਰਹਿਣ।
ਦੂਜਾ ਜੀਵਨ ਨਿਰਵਾਹ ਲਈ ਕਿਰਤ ਕਰਨਾ ਜ਼ਰੂਰੀ ਹੈ। ਕਿਰਤ ਢਿੱਡ ਭਰਨ ਦੇ ਨਾਲ ਨਾਲ ਸਾਡੇ ਅਰਮਾਨ ਵੀ ਪੂਰੇ ਕਰਦੀ ਹੈ। ਇਨ੍ਹਾਂ ਨਾਲ ਸਮਾਜ ਵਿੱਚ ਸਾਡੀ ਵੱਖਰੀ ਪਹਿਚਾਣ ਬਣਦੀ ਹੈ। ਇਸ ਲਈ ਆਪਣੇ ਰੁਜ਼ਗਾਰ ਦਾ ਸਦਾ ਸਤਿਕਾਰ ਕਰੋ। ਹਾਂ! ਕੰਮ ਧੰਦਿਆਂ ਵਿੱਚ ਨਫਾ, ਨੁਕਸਾਨ, ਮੰਦਾ ਚੰਗਾ ਚੱਲਦਾ ਹੀ ਰਹਿੰਦਾ ਹੈ। ਬਸ! ਲੋੜ ਹੈ ਤਾਂ ਹੌਸਲਾ ਬਣਾਈ ਰੱਖਣ ਦੀ। ਤਰੱਕੀ ਲਈ ਆਪਣੀ ਯੋਗਤਾ ਦਾ ਇਸਤੇਮਾਲ ਕਰਕੇ ਅਤੇ ਮਿਹਨਤ ਨਾਲ ਖੁਦ ਨੂੰ ਇੱਕ ਬਿਹਤਰ ਇਨਸਾਨ ਸਾਬਤ ਕਰਨ ਦੀ ਕੋਸ਼ਿਸ਼ ਕਰੋ। ਨੇਕ ਕਮਾਈ ਵਿੱਚ ਹਮੇਸ਼ਾਂ ਬਰਕਤ ਹੁੰਦੀ ਹੈ। ਬੇਸ਼ੱਕ ਜੀਵਨ ਵਿੱਚ ਉਤਰਾਅ- ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਬਸ! ਲੋੜ ਹੈ ਤਾਂ ਜੀਵਨ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ। ਵੈਸੇ ਵੀ ਇਕੱਲਾ ਇਨਸਾਨ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਦੀ ਨਹੀਂ ਹੁੰਦਾ, ਥੋੜ੍ਹਾ ਬਹੁਤ ਕਸੂਰ ਸਭ ਦਾ ਹੁੰਦਾ ਹੈ। ਇਕੱਲੇ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਖੁਦ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੇਣਾ ਅਕਲਮੰਦੀ ਨਹੀਂ ਹੈ। ਇਹ ਸੰਸਾਰ ਦੁਖਾਂ ਤਕਲੀਫਾਂ ਦਾ ਘਰ ਹੈ।
ਦੂਜਾ ਬਹੁਤੀਆਂ ਸਿਰਦਰਦੀਆਂ ਤਾਂ ਬੰਦੇ ਨੇ ਆਪਣੇ ਨਾਲ ਐਂਵੇ ਹੀ ਸਹੇੜੀਆਂ ਹੁੰਦੀਆਂ ਹਨ। ਇਸ ਲਈ ਜੇ ਅਸੀ ਸਮੱਸਿਆਵਾਂ ਨੂੰ ਖਤਮ ਨਹੀਂ ਕਰ ਸਕਦੇ, ਘੱਟੋ ਘੱਟ ਸਮੱਸਿਆਵਾਂ ਦੀ ਗਿਣਤੀ ਤਾਂ ਘਟਾ ਹੀ ਸਕਦੇ ਹਾਂ। ਇਹ ਤਾਂ ਆਪਣੇ ਹੱਥ ਹੈ। ਕਈ ਵਾਰ ਕੁਝ ਲੋਕਾਂ ਅਤੇ ਚੀਜ਼ਾਂ ਦੀ ਅਣਦੇਖੀ ਕਰਨਾ ਵੀ ਗਲਤ ਨਹੀਂ ਹੁੰਦਾ। ਕੁਝ ਹਾਲਤਾਂ ਨੂੰ ਵਕਤ ਉੱਤੇ ਛੱਡ ਦੇਣਾ ਹੀ ਠੀਕ ਰਹਿੰਦਾ ਹੈ। ਇੱਕ ਕਹਾਵਤ ਅਨੁਸਾਰ ‘ਆਪ ਮਰੇ ਵਗੈਰ ਸਵਰਗ ਨਸੀਬ ਨਹੀਂ ਹੁੰਦਾ।’ ਇਸ ਲਈ ਭਾਵੇਂ ਰਿਸ਼ਤੇਦਾਰ ਹੋਣ ਜਾਂ ਸਰਕਾਰਾਂ ਦੂਜਿਆਂ ਤੋਂ ਬਹੁਤੀ ਉਮੀਦ ਰੱਖਣਾ ਵੀ ਦੁੱਖਾਂ ਦਾ ਕਾਰਨ ਬਣਦਾ ਹੈ। ਸੋ ਖੁਦ ’ਤੇ ਭਰੋਸਾ ਰੱਖੋ ਅਤੇ ਕੰਮ ਕਰਕੇ ਖਾਣ ਬਾਰੇ ਸੋਚੋ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਮਾਜ ਵਿੱਚ ਰਹਿੰਦਿਆਂ ਸਾਨੂੰ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਜਾਂ ਲੋੜ ਪੈਣ ’ਤੇ ਖੁਦ ਕਿਸੇ ਤੋਂ ਸਹਾਇਤਾ ਨਹੀਂ ਮੰਗਣੀ ਚਾਹੀਦੀ, ਪਰ ਸਹਾਇਤਾ ਕਰਨ ਜਾਂ ਮੰਗਣ ਤੋਂ ਪਹਿਲਾਂ ਐਨਾ ਜ਼ਰੂਰ ਸੋਚ ਲਵੋ ਕਿ ਆਪਣੀ ਜਾਂ ਦੂਜੇ ਦੀ ਮਦਦ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਜੀਅ ਦਾ ਜੰਜਾਲ ਨਾ ਬਣ ਜਾਵੇ। ਇਸ ਤੋਂ ਇਲਾਵਾ ਕਿਸੇ ਦੀ ਜੀਵਨਸ਼ੈਲੀ ਵਿੱਚ ਬਹੁਤੀ ਦਖਲਅੰਦਾਜ਼ੀ ਕਰਨਾ ਵੀ ਚੰਗਾ ਨਹੀਂ ਹੁੰਦਾ ਕਿਉਂਕਿ ਸਭ ਦੇ ਘਰ ਦਾ ਮਾਹੌਲ ਵੱਖਰਾ ਹੁੰਦਾ ਹੈ। ਹਰ ਮੈਂਬਰ ਦਾ ਸੁਭਾਅ ਅਲੱਗ ਅਲੱਗ ਹੁੰਦਾ ਹੈ। ਦੂਜਾ ਸਲਾਹ ਤੇ ਸਾਥ ਵੀ ਕਿਸੇ ਹੱਦ ਤੱਕ ਹੀ ਚੰਗੇ ਲੱਗਦੇ ਹਨ।
ਕਿਸੇ ਦੀ ਜ਼ਿੰਦਗੀ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਬੇਮਤਲਬ ਦੀਆਂ ਫਿਕਰਾਂ ਅਤੇ ਝਮੇਲੇ ਜੀਵਨ ਨੂੰ ਨਰਕ ਬਣਾ ਦਿੰਦੇ ਹਨ, ਪਰ ਆਪਣੀਆਂ ਕਰਤੂਤਾਂ ਕਾਰਨ ਅਸੀਂ ਕਈ ਵਾਰ ਇਸ ਨੂੰ ਆਤਮਹੱਤਿਆ ਤੱਕ ਪਹੁੰਚਾ ਦਿੰਦੇ ਹਾਂ। ਜ਼ਿੰਦਗੀ ਜਿਉਣ ਦਾ ਨਾਮ ਹੈ ਨਾ ਕਿ ਮਾਯੂਸੀ ਵਿੱਚ ਕੱਟਣ ਦਾ ਨਾਮ। ਇਕੱਲਾ ਇਨਸਾਨ ਬੀਆਵਾਨ ਵਿੱਚ ਖੜ੍ਹੇ ਦਰੱਖਤ ਵਾਂਗ ਹੁੰਦਾ ਹੈ, ਹੱਦੋਂ ਵੱਧ ਮਾਨਸਿਕ ਤਣਾਅ ਗੰਭੀਰ ਤੋਂ ਗੰਭੀਰ ਬਿਮਾਰੀ ਨਾਲੋਂ ਵੀ ਜ਼ਿਆਦਾ ਭਿਆਨਕ ਹੁੰਦਾ ਹੈ। ਇਸ ਲਈ ਦਿਲੋਂ ਦਿਮਾਗ਼ ’ਤੇ ਹਰ ਵਕਤ ਬੋਝ ਪਾਈ ਰੱਖਣਾ ਵੀ ਸਿਹਤ ਲਈ ਨੁਕਸਾਨਦਾਇਕ ਹੈ । ਬਾਕੀ ਸਾਰੇ ਸੁਪਨੇ ਅਤੇ ਸਾਰੀਆਂ ਰੀਝਾਂ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਬਹੁਤ ਕੁਝ ਹੁੰਦਿਆਂ ਹੋਇਆਂ ਵੀ ਹਰ ਸਮੇਂ ਮਰੂੰ ਮਰੂੰ ਕਰੀ ਜਾਣਾ ਵੀ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਨਿਰਾ ਪੂਰਾ ਪੈਸਾ ਅਤੇ ਸਹੂਲਤਾਂ ਵੀ ਬੰਦੇ ਨੂੰ ਸੁੱਖ ਪ੍ਰਦਾਨ ਨਹੀਂ ਕਰਦੀਆਂ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਅਮੀਰ ਲੋਕ ਕਦੀ ਦੁਖੀ ਨਾ ਹੁੰਦੇ, ਉਹ ਨੀਂਦ ਦੀਆਂ ਗੋਲੀਆਂ ਨਾ ਖਾਂਦੇ। ਮਨ ਦੀ ਭਟਕਣਾ ਤਨ ਦੀ ਪੀੜਾ ਨਾਲੋਂ ਜ਼ਿਆਦਾ ਤੜਫ਼ਾਉਂਦੀ ਹੈ। ਸਭ ਇੱਥੇ ਹੀ ਰਹਿ ਜਾਣਾ ਹੈ, ਕੁਝ ਵੀ ਨਾਲ ਨਹੀਂ ਜਾਣਾ।
ਭਾਵੇਂ ਥੋੜ੍ਹੇ ਵਿੱਚ ਹੀ ਸਹੀ, ਪਰ ਆਪਣੀ ਜ਼ਿੰਦਗੀ ਨੂੰ ਸੰਤੁਸ਼ਟੀ ਨਾਲ ਅਤੇ ਹੱਸ ਖੇਡ ਕੇ ਬਿਤਾਉਣ ਦੀ ਕੋਸ਼ਿਸ਼ ਕਰੋ। ਇਸ ਜੀਵਨ ਲਈ ਅਤੇ ਪਰਿਵਾਰ ਲਈ ਰੱਬ ਦਾ ਸ਼ੁਕਰਾਨਾ ਕਰੋ। ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਨਿਆਮਤਾਂ ਬਖ਼ਸ਼ੀਆਂ ਹਨ। ਉਨ੍ਹਾਂ ਦਾ ਆਨੰਦ ਮਾਣੋ। ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਸ਼ੌਕ ਜਿਉਂਦੇ ਰੱਖੋ। ਛੋਟੀਆਂ ਛੋਟੀਆਂ ਚੀਜ਼ਾਂ ਵਿੱਚੋਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਖੁਸ਼ ਰੱਖਣ ਦੀ ਆਦਤ ਪਾਓ।
ਸੰਪਰਕ: 98564-50006