ਮੁੰਬਈ: ਅਦਾਕਾਰਾ ਅੰਕਿਤਾ ਲੋਖੰਡੇ ਵੱਲੋਂ ਮਸ਼ਹੂਰ ਟੀਵੀ ਸ਼ੋਅ ‘ਪਵਿੱਤਰ ਰਿਸ਼ਤਾ’ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰਨ ਸਬੰਧੀ ਆਈਆਂ ਖ਼ਬਰਾਂ ਮਗਰੋਂ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਇਸ ਦਾ ਵਿਰੋਧ ਕੀਤਾ ਹੈ। ਸੁਸ਼ਾਂਤ ਦੇ ਪ੍ਰਸ਼ਸੰਕਾਂ ਦਾ ਕਹਿਣਾ ਹੈ ਕਿ ਉਹ ਮਾਨਵ (ਸੁਸ਼ਾਂਤ ਵੱਲੋਂ ਨਿਭਾਈ ਭੂਮਿਕਾ) ਦੇ ਕਿਰਦਾਰ ਵਿੱਚ ਕਿਸੇ ਹੋਰ ਅਦਾਕਾਰ ਨੂੰ ਸਵੀਕਾਰ ਨਹੀਂ ਕਰਨਗੇ। ਇਸ ਸਬੰਧੀ ਅੱਜ ਟਵਿੱਟਰ ’ਤੇ ਹੈਸ਼ਟੈਗ ਮੁਹਿੰਮ #ਬਾਈਕਾਟਪਵਿੱਤਰਰਿਸ਼ਤਾ2’ ਵੀ ਚਲਾਈ ਗਈ।
ਦੱਸਣਯੋਗ ਹੈ ਕਿ ਅੰਕਿਤਾ ਲੋਖੰਡੇ ਤੇ ਉਸ ਦੇ ਮਰਹੂਮ ਸਾਬਕਾ ਪ੍ਰੇਮੀ ਸੁਸ਼ਾਂਤ ਨੇ 12 ਸਾਲ ਪਹਿਲਾਂ ‘ਪਵਿੱਤਰ ਰਿਸ਼ਤਾ’ ਸ਼ੋਅ ਰਾਹੀਂ ਪ੍ਰਸਿੱਧੀ ਖੱਟੀ ਸੀ। ਹੁਣ ਅੰਕਿਤਾ ਇਸ ਸ਼ੋਅ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਉਹ ਆਪਣਾ ਪੁਰਾਣਾ ਅਰਚਨਾ ਦਾ ਕਿਰਦਾਰ ਨਿਭਾ ਰਹੀ ਹੈ, ਜਦਕਿ ਸੁਸ਼ਾਂਤ ਵਾਲਾ ਮਾਨਵ ਦੇਸ਼ਮੁੱਖ ਦਾ ਕਿਰਦਾਰ ਅਦਾਕਾਰ ਸ਼ਾਹੀਨ ਸ਼ੇਖ ਨਿਭਾਉਣ ਜਾ ਰਿਹਾ ਹੈ। ਸੁਸ਼ਾਂਤ ਰਾਜਪੂੁਤ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਇਹ ਸ਼ੋਅ ਨਹੀਂ ਦੇਖਣਗੇ। ਉਸ ਦੇ ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ, ‘ਕੋਈ ਵੀ ਸੁਸ਼ਾਂਤ ਦੀ ਜਗ੍ਹਾ ਨਹੀਂ ਲੈ ਸਕਦਾ। ਕਿਸੇ ਵਿੱਚ ਇੰਨਾ ਦਮ ਨਹੀਂ ਹੈ। ਉਹ ਸਾਡੇ ਨਾਲ ਹੈ ਤੇ ਸਾਡੇ ਦਿਲਾਂ ’ਚ ਜ਼ਿੰਦਾ ਹੈ। ਅਸੀਂ ਉਸ ਦੇ ਸਨਮਾਨ ਲਈ ਹਮੇਸ਼ਾਂ ਲੜਦੇ ਰਹਾਂਗੇ। ਸਾਡਾ ਮਾਨਵ ਸਿਰਫ਼ ਸੁਸ਼ਾਂਤ ਹੈ। #ਬਾਈਕਾਟਪਵਿੱਤਰਰਿਸ਼ਤਾ2’। ਕੁਝ ਲੋਕਾਂ ਨੇ ਅਕਿੰਤਾ ਲੋਖੰਡੇ ਵੱਲੋਂ ਸ਼ੋਅ ਦੇ ਦੂਜੇ ਭਾਗ ’ਚ ਹਿੱਸਾ ਲੈਣ ’ਤੇ ਉਸ ਦਾ ਮਜ਼ਾਕ ਵੀ ਉਡਾਇਆ ਹੈ। -ਆਈਏਐੱਨਐੱਸ