ਨਵੀਂ ਦਿੱਲੀ, 28 ਸਤੰਬਰ
ਸੀਬੀਆਈ ਨੇ ਅੱਜ ਕਿਹਾ ਕਿ ਉਹ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਅਜੇ ਤਕ ਕਿਸੇ ਸਿੱਟੇ ’ਤੇ ਨਹੀਂ ਪੁੱਜੀ ਤੇ ਕੇਸ ਨਾਲ ਸਬੰਧਤ ਸਾਰੇ ਪਹਿਲੂ ਜਾਂਚ ਅਧੀਨ ਹਨ।
ਕੇਂਦਰੀ ਜਾਂਚ ਏਜੰਸੀ ਦੇ ਤਰਜਮਾਨ ਨੇ ਇਕ ਬਿਆਨ ਵਿੱਚ ਕਿਹਾ, ‘ਸੀਬੀਆਈ ਵੱਲੋਂ ਇਸ ਮਾਮਲੇ ਦੀ ਪੂਰੇ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਕਿਸੇ ਵੀ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ।’ ਸੱਤ ਸਾਲ ਪਹਿਲਾਂ ਫਿਲਮ ‘ਕਾਇ ਪੋ ਚੇ’ ਨਾਲ ਬੌਲੀਵੁੱਡ ਵਿੱਚ ਪੈਰ ਧਰਨ ਵਾਲਾ ਰਾਜਪੂਤ (34) 14 ਜੂਨ ਨੂੰ ਮੁੰਬਈ ਦੇ ਸਬਅਰਬਨ ਬਾਂਦਰਾ ਸਥਿਤ ਆਪਣੀ ਰਿਹਾਇਸ਼ ’ਤੇ ਮ੍ਰਿਤ ਮਿਲਿਆ ਸੀ। ਸੀਬੀਆਈ ਨੇ ਇਹ ਕੇਸ ਬਿਹਾਰ ਪੁਲੀਸ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਰਾਜਪੂਤ ਦੇ ਪਿਤਾ ਕੇ.ਕੇ.ਸਿੰਘ ਨੇ ਅਦਾਕਾਰਾ ਰੀਆ ਚੱਕਰਵਰਤੀ ਤੇ ਉਸ ਦੇ ਪਰਿਵਾਰ ’ਤੇ ਆਪਣੇ ਪੁੱਤ ਨੂੰ ਕਥਿਤ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਟਨਾ ਵਿੱਚ ਕੇਸ ਦਰਜ ਕਰਵਾਇਆ ਸੀ। ਪਿਛਲੇ ਹਫ਼ਤੇ ਕੇਕੇ ਸਿੰਘ ਦੇ ਵਕੀਲ ਵਿਕਾਸ ਸਿੰਘ ਨੇ ਸੁਸ਼ਾਂਤ ਮਾਮਲੇ ’ਚ ਸੀਬੀਆਈ ਵੱਲੋਂ ਸੁਸਤ ਰਫ਼ਤਾਰ ਨਾਲ ਕੀਤੀ ਜਾ ਰਹੀ ਜਾਂਚ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ। -ਪੀਟੀਆਈ