ਨਵੀਂ ਦਿੱਲੀ, 7 ਦਸੰਬਰ
ਸੁਪਰੀਮ ਕੋਰਟ ਵਿਚ ਇਕ ਲੋਕ ਹਿੱਤ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਸੀਬੀਆਈ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਸਟੇਟਸ ਰਿਪੋਰਟ ਦਾਇਰ ਕਰਨ ਦਾ ਹੁਕਮ ਦਿੱਤਾ ਜਾਵੇ। ਵਕੀਲ ਪੁਨੀਤ ਢਾਂਡਾ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਿਖ਼ਰਲੀ ਅਦਾਲਤ ਨੇ ਸੀਬੀਆਈ ਜਾਂਚ ਲਈ 19 ਅਗਸਤ ਨੂੰ ਹੁਕਮ ਦਿੱਤੇ ਸਨ। ਚਾਰ ਮਹੀਨੇ ਬੀਤ ਜਾਣ ਮਗਰੋਂ ਵੀ ਏਜੰਸੀ ਦੀ ਜਾਂਚ ਪੂਰੀ ਨਹੀਂ ਹੋਈ। ਪਟੀਸ਼ਨ ਵਿਚ ਵਕੀਲ ਨੇ ਕਿਹਾ ਹੈ ਕਿ ਸੀਬੀਆਈ ਇਸ ਕੇਸ ਵਿਚ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ ਤੇ ਜਾਂਚ ਦਾ ਸਿੱਟਾ ਕੱਢਣ ਵਿਚ ਦੇਰੀ ਕੀਤੀ ਜਾ ਰਹੀ ਹੈ। ਵਕੀਲ ਨੇ ਕਿਹਾ ਕਿ ਗੰਭੀਰ ਅਪਰਾਧਾਂ ਜਿਵੇਂ ਹੱਤਿਆ ਦੇ ਕੇਸ ਵਿਚ ਚਾਰਜਸ਼ੀਟ 90 ਦਿਨਾਂ ਦੇ ਅੰਦਰ ਦਾਇਰ ਕਰਨੀ ਜ਼ਰੂਰੀ ਹੁੰਦੀ ਹੈ, ਪਰ ਮੌਜੂਦਾ ਕੇਸ ਵਿਚ ਏਜੰਸੀ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਦਾਲਤ ਸੀਬੀਆਈ ਨੂੰ ਹੁਕਮ ਦੇਵੇ ਕਿ ਜਾਂਚ ਦੋ ਮਹੀਨਿਆਂ ਵਿਚ ਮੁਕੰਮਲ ਕਰ ਕੇ ਰਿਪੋਰਟ ਸੌਂਪੀ ਜਾਵੇ। -ਪੀਟੀਆਈ