ਅੰਗਰੇਜ ਸਿੰਘ ਵਿਰਦੀ
ਅਦਾਕਾਰ ਸੁਰੇਸ਼ ਪੰਡਿਤ ਪੰਜਾਬੀ ਰੰਗਮੰਚ, ਟੀ.ਵੀ. ਅਤੇ ਫ਼ਿਲਮਾਂ ਦਾ ਉਹ ਜਾਣਿਆ ਪਛਾਣਿਆ ਚਿਹਰਾ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਰੰਗਮੰਚ ਅਤੇ ਅਦਾਕਾਰੀ ਦੇ ਲੇਖੇ ਲਗਾ ਦਿੱਤੀ। ਤਕਰੀਬਨ 55 ਸਾਲ ਪਹਿਲਾਂ ਥੀਏਟਰ ਤੋਂ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਸੁਰੇਸ਼ ਪੰਡਿਤ ਨੂੰ ਉਸ ਵੱਲੋਂ ਪੰਜਾਬੀ ਫ਼ਿਲਮ ‘ਲਹੌਰੀਏ’ ਵਿਚ ਨਿਭਾਏ ਅਦਾਕਾਰਾ ਸਰਗੁਣ ਮਹਿਤਾ ਦੇ ਦਾਦਾ ਜਾਨ ਦੇ ਮਜ਼ਬੂਤ ਅਤੇ ਭਾਵਨਾਤਮਕ ਕਿਰਦਾਰ ਲਈ ਪੰਜਾਬੀ ਦਰਸ਼ਕਾਂ ਤੋਂ ਬਹੁਤ ਸਤਿਕਾਰ ਹਾਸਲ ਹੋਇਆ। ‘ਲਹੌਰੀਏ’ ਵਿਚ ਸੁਰੇਸ਼ ਪੰਡਿਤ ਨੇ ਅਜਿਹੇ ਮੁਸਲਿਮ ਬਜ਼ੁਰਗ ਦਾ ਕਿਰਦਾਰ ਅਦਾ ਕੀਤਾ ਸੀ ਜਿਸ ਨੂੰ ਬੇਸ਼ੱਕ ਵੰਡ ਵੇਲੇ ਮਜਬੂਰੀ ’ਚ ਪਾਕਿਸਤਾਨ ਤਾਂ ਜਾਣਾ ਪੈ ਜਾਂਦਾ ਹੈ, ਪਰ ਉਸ ਦੀ ਰੂਹ 70 ਸਾਲ ਬਾਅਦ ਵੀ ਉਸ ਦੇ ਚੜ੍ਹਦੇ ਪੰਜਾਬ ਰਹਿ ਗਏ ਪਿੰਡ ਵਿਚ ਹੀ ਘੁੰਮਦੀ ਨਜ਼ਰ ਆਉਂਦੀ ਹੈ।
ਸੁਰੇਸ਼ ਪੰਡਿਤ ਦਾ ਜਨਮ 3 ਮਈ 1945 ਨੂੰ ਅੰਮ੍ਰਿਤਸਰ ਵਿਖੇ ਹੋਇਆ। ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਰੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਬਹੁਤ ਧਾਰਮਿਕ ਖਿਆਲਾਂ ਵਾਲੇ ਸਨ ਅਤੇ ਰੋਜ਼ਾਨਾ ਪੂਜਾ-ਪਾਠ ਲਈ ਘਰ ਦੇ ਨਜ਼ਦੀਕ ਸਥਿਤ ਦੁਰਗਿਆਨਾ ਮੰਦਿਰ ਜਾਂਦੇ ਸਨ ਜਿੱਥੇ ਉਸ ਸਮੇਂ ਰਾਸਾਂ ਪਿਆ ਕਰਦੀਆਂ ਸਨ ਜਿਸ ਵਿਚ ਕਲਾਕਾਰ ਆਪਣੇ ਅਭਿਨੈ ਜ਼ਰੀਏ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਹੋਰ ਦੇਵੀ ਦੇਵਤਿਆਂ ਦਾ ਰੂਪ ਧਾਰ ਕੇ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕਰਦੇ ਸਨ। ਸੁਰੇਸ਼ ਵੀ ਆਪਣੀ ਮਾਤਾ ਜੀ ਨਾਲ ਰਾਸਾਂ ਦੇਖਣ ਜਾਂਦੇ ਤੇ ਉਨ੍ਹਾਂ ਕਲਾਕਾਰਾਂ ਨੂੰ ਅਭਿਨੈ ਕਰਦੇ ਦੇਖ ਉਸ ਦੇ ਮਨ ਵਿਚ ਵੀ ਅਭਿਨੈ ਕਰਨ ਦੀ ਚਾਹਤ ਪੈਦਾ ਹੋਈ। ਇਸ ਸਦਕਾ ਉਹ ਵੀ ਉਨ੍ਹਾਂ ਕਲਾਕਾਰਾਂ ਵਿਚ ਸ਼ਾਮਲ ਹੋ ਗਿਆ। ਜਿਨ੍ਹਾਂ ਕੋਲੋਂ ਉਸ ਨੇ ਅਭਿਨੈ ਦੇ ਨਾਲ ਨਾਲ ਹਾਰਮੋਨੀਅਮ ਅਤੇ ਗਾਉਣ ਦੀ ਸਿੱਖਿਆ ਹਾਸਲ ਕੀਤੀ।
ਸਾਲ 1964-65 ਵਿਚ ਨਾਟਕਕਾਰ ਭਾਅ ਗੁਰਸ਼ਰਨ ਸਿੰਘ ਨੇ ਉਸ ਨੂੰ ਆਪਣੀ ਨਾਟ ਮੰਡਲੀ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਿਚ ਬਤੌਰ ਅਦਾਕਾਰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਨਾਟ ਮੰਡਲੀ ਵਿਚ ਸ਼ਾਮਲ ਹੋ ਕੇ ਜਿਹੜੇ ਪਹਿਲੇ ਨਾਟਕ ਵਿਚ ਸੁਰੇਸ਼ ਨੇ ਕੰਮ ਕੀਤਾ ਉਹ ਸੀ ਗੁਰਦਿਆਲ ਸਿੰਘ ਫੁੱਲ ਦੁਆਰਾ ਲਿਖਤ ਇਕਾਂਗੀ “ਮੌਤ” ਜਿਸ ਨੂੰ ਡਾਇਰੈਕਟ ਕੀਤਾ ਸੀ ਭਾਅ ਜੀ ਗੁਰਸ਼ਰਨ ਸਿੰਘ ਨੇ। ਇਸ ਨਾਟਕ ਤੋਂ ਰੰਗਮੰਚ ਤੇ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਗੁਰਸ਼ਰਨ ਸਿੰਘ ਦੀ ਨਿਰਦੇਸ਼ਨਾ ਵਿਚ ਹੋਰ ਵੀ ਬਹੁਤ ਸਾਰੇ ਨਾਟਕਾਂ ਵਿਚ ਅਦਾਕਾਰੀ ਕੀਤੀ।
ਆਪਣੇ ਥੀਏਟਰ ਗਰੁੱਪ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਿਚ ਨਾਟਕ ਖੇਡਦਿਆਂ ਸੁਰੇਸ਼ ਪੰਡਿਤ ਨੇ ਆਪਣੀ ਸੂਝ ਬੂਝ ਨਾਲ ਥੀਏਟਰ ਦੇ ਹਰ ਪਹਿਲੂ ਨੂੰ ਡੂੰਘਾ ਵਾਚਿਆ ਅਤੇ ਉਸ ਦੀ ਥੀਏਟਰ ਪ੍ਰਤੀ ਲਗਨ ਅਤੇ ਸੂਝ ਬੂਝ ਨੂੰ ਦੇਖਦਿਆਂ ਛੇਤੀ ਹੀ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਬਹੁਤ ਸਾਰੇ ਨਾਟਕਾਂ ਦੇ ਨਿਰਦੇਸ਼ਨ ਦਾ ਜ਼ਿੰਮਾ ਗੁਰਸ਼ਰਨ ਭਾਅ ਜੀ ਨੇ ਉਸ ਦੇ ਹਵਾਲੇ ਕਰ ਦਿੱਤਾ। 1966 ਵਿਚ ਗਾਂਧੀ ਗਰਾਊਂਡ ਵਿਖੇ ਓਪਨ ਏਅਰ ਥੀਏਟਰ ਦੇ ਮੰਚ ’ਤੇ ਉਸ ਦੀ ਨਿਰਦੇਸ਼ਨਾ ਵਿਚ ਪਹਿਲਾ ਨਾਟਕ “ਸਭ ਕੁਛ ਹੋਤ ਉਪਾਏ” ਦਾ ਮੰਚਨ ਕੀਤਾ।
ਉਨ੍ਹਾਂ ਦਿਨਾਂ ਵਿਚ ਹੀ ਬੌਲੀਵੁੱਡ ਅਦਾਕਾਰ ਬਲਰਾਜ ਸਾਹਨੀ ਦਾ ਰਾਬਤਾ ਅੰਮ੍ਰਿਤਸਰ ਕਲਾ ਕੇਂਦਰ ਨਾਲ ਹੋਇਆ। ਸੁਰੇਸ਼ ਪੰਡਿਤ ਦੇ ਨਿਰਦੇਸ਼ਤ ਕੀਤੇ ਨਾਟਕ ਦੇਖ ਕੇ ਬਲਰਾਜ ਸਾਹਨੀ ਉਸ ਤੋਂ ਕਾਫ਼ੀ ਪ੍ਰਭਾਵਿਤ ਹੋਏ ਤੇ ਪਹਿਲੀ ਵਾਰ ਉਸ ਦੀ ਨਿਰਦੇਸ਼ਨਾ ਵਿਚ ਉਨ੍ਹਾਂ ਨੇ ਆਪਣਾ ਖ਼ੁਦ ਦਾ ਲਿਖਿਆ ਨਾਟਕ ‘ਅਰਸ਼ ਫ਼ਰਸ਼’ ਖੇਡਿਆ।
ਰੰਗਮੰਚ ਦੀਆਂ ਵੱਖ ਵੱਖ ਵਿਧਾਵਾਂ ਤੇ ਸ਼ੈਲੀਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਉਸ ਨੇ ਵਿਸ਼ਵ ਦੀਆਂ ਮਹਾਨ ਰਚਨਾਵਾਂ ਦਾ ਅਧਿਐਨ ਕੀਤਾ। ਵਿਸ਼ਵ ਥੀਏਟਰ ਦੇ ਅਧਿਐਨ ਤੋਂ ਬਾਅਦ ਸੁਰੇਸ਼ ਨੇ ਜਿਨ੍ਹਾਂ ਨਾਟਕਾਂ ਦਾ ਮੰਚਨ ਕੀਤਾ ਉਹ ਲਾਜਵਾਬ ਸਨ। ਮੈਕਸਿਮ ਗੋਰਕੀ ਦੇ ਨਾਟਕ ‘ਪੈਟੀ ਬੁਰਜੂਆਸ’ ਤੇ ‘ਮੜ੍ਹੀ ਦਾ ਦੀਵਾ’ ਲਈ ਉਸ ਨੂੰ ਨੈਸ਼ਨਲ ਐਵਾਰਡ ਹਾਸਲ ਹੋਇਆ। ਇਸ ਤੋਂ ਬਾਅਦ ਮੈਕਸਿਮ ਗੋਰਕੀ ਦੇ ਪ੍ਰਸਿੱਧ ਨਾਟਕ “ਲੋਅਰ ਦੈਪਥ” ਜਿਸ ਦਾ ਨਿਰਦੇਸ਼ਨ ਤੇ ਅਨੁਵਾਦ ਵੀ ਸੁਰੇਸ਼ ਨੇ ਹੀ ਕੀਤਾ ਸੀ, ਦੇ ਸ਼ੋਅ ਅੰਮ੍ਰਿਤਸਰ, ਪਟਿਆਲਾ, ਦਿੱਲੀ ਦੇ ਨਾਲ ਨਾਲ ਬਲਰਾਜ ਸਾਹਨੀ ਦੇ ਸੱਦੇ ’ਤੇ ਮੁੰਬਈ ਦੇ ਸਨਮੁੱਖ ਨੰਦਾ ਹਾਲ ਵਿਚ ਪੇਸ਼ ਕੀਤੇ ਗਏ ਜਿਸ ਨੂੰ ਉਸ ਵੇਲੇ ਦੀਆਂ ਮਸ਼ਹੂਰ ਬੌਲੀਵੁੱਡ ਹਸਤੀਆਂ ਵੇਖਣ ਆਈਆਂ। ਇਨ੍ਹਾਂ ਨਾਟਕਾਂ ਤੋਂ ਬਾਅਦ ਸੁਰੇਸ਼ ਨੇ ਹੋਰ ਵੀ ਬਹੁਤ ਸਾਰੇ ਵਿਸ਼ਵ ਦੇ ਚੋਟੀ ਦੇ ਨਾਟਕਾਂ ਦੇ ਪੰਜਾਬੀ ਰੂਪਾਂਤਰਨ ਪੰਜਾਬੀ ਰੰਗਮੰਚ ’ਤੇ ਪੇਸ਼ ਕੀਤੇੇ।
ਰੰਗਮੰਚ ’ਤੇ ਇਕੱਠਿਆਂ ਵਿਚਰਦਿਆਂ ਬਲਰਾਜ ਸਾਹਨੀ ਨਾਲ ਸੁਰੇਸ਼ ਦਾ ਕਾਫ਼ੀ ਕਰੀਬੀ ਰਿਸ਼ਤਾ ਬਣ ਗਿਆ। ਉਸ ਦਾ ਰੰਗਮੰਚ ਪ੍ਰਤੀ ਜਨੂੰਨ ਤੇ ਉਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਬਲਰਾਜ ਸਾਹਨੀ ਨੇ ਉਸ ਨੂੰ ਬੰਬਈ ਆ ਕੇ ਇਪਟਾ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਬੰਬਈ ਜਾਣ ਤੋਂ ਇਨਕਾਰ ਕਰ ਦਿੱਤਾ।
ਉਹ ਕਾਫ਼ੀ ਲੰਬਾ ਸਮਾਂ ਅਦਾਕਾਰੀ ਵਿਚ ਖਾਮੋਸ਼ ਰਿਹਾ। ਇਸ ਖਾਮੋਸ਼ੀ ਨੂੰ ਤੋੜਦੇ ਹੋਏ ਉਸ ਨੇ 2017 ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲਹੌਰੀਏ’ ਵਿਚ ਦਾਦਾ ਜਾਨ ਦਾ ਬਿਹਤਰੀਨ ਅਤੇ ਭਾਵੁਕ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਸ ਦੀ ਅਦਾਕਾਰੀ ਵਾਲੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਰਿਲੀਜ਼ ਹੋਈ। ਰੰਗਮੰਚ, ਟੀ.ਵੀ., ਰੇਡੀਓ ਅਤੇ ਫ਼ਿਲਮਾਂ ਵਿਚ ਪਾਏ ਯੋਗਦਾਨ ਬਦਲੇ ਦਸੰਬਰ 2020 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰੇਸ਼ ਪੰਡਿਤ ਨੂੰ ਸ਼੍ਰੋਮਣੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੰਪਰਕ : 94646-28857