ਨਵੀਂ ਦਿੱਲੀ: ਪਰਦੇ ’ਤੇ ਲੋਕਾਂ ਨੂੰ ਖੂਬ ਹਸਾਉਣ ਵਾਲਾ ਹਾਸਰਸ ਕਲਾਕਾਰ ਤੇ ਅਦਾਕਾਰ ਸੁਨੀਲ ਗਰੋਵਰ ਇਕੋ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਖੁਸ਼ ਹੈ। ਉਸ ਦਾ ਮੰਨਣਾ ਹੈ ਕਿ ਇਸ ਨਾਲ ਕੁਝ ਘਟਣ ਨਹੀਂ ਲੱਗਿਆ। ਸੁਨੀਲ ਨੇ ਆਖਿਆ,‘‘ਇਕੋ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਠੀਕ ਹੈ। ਮੈਂ ਇਸ ਨਾਲ ਬਹੁਤ ਖੁਸ਼ ਹਾਂ ਕਿਉਂਕਿ ਲੋਕਾਂ ਨੇ ਤੁਹਾਨੂੰ ਜਿਵੇਂ ਦੇਖਿਆ ਹੈ ਉਹ ਉਸੇ ਰੂਪ ਵਿੱਚ ਤੁਹਾਨੂੰ ਪਸੰਦ ਕਰਨਗੇ। ਇਸ ਦਾ ਮਤਲਬ ਇਹ ਵੀ ਹੈ ਕਿ ਲੋਕ ਤੁਹਾਨੂੰ ਇਸੇ ਰੂਪ ਵਿੱਚ ਮਾਨਤਾ ਦਿੰਦੇ ਹਨ। ਇਹ ਕਹਿਣ ਦੀ ਬਜਾਏ ਕਿ ਬੰਦਾ ਇਕੋ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਉਥੋਂ ਤੱਕ ਹੀ ਸੀਮਤ ਹੋ ਜਾਂਦਾ ਹੈ। ਕਈ ਵਾਰ ਸਭ ਕੁਝ ਤੁਹਾਡੀ ਤਕਦੀਰ ਦੇ ਹੱਥ ਹੀ ਹੁੰਦਾ ਹੈ। ਇਹ ਭਾਣਾ ਉਦੋਂ ਵਾਪਰਿਆ ਜਦੋਂ ਮੈਨੂੰ ਫ਼ਿਲਮ ‘ਪਟਾਖਾ’ ਦੀ ਪੇਸ਼ਕਸ਼ ਹੋਈ। ਉਦੋਂ ਮੇਰੇ ਕੋਲ ਕੁਝ ਨਹੀਂ ਸੀ। ਮੈਂ ਬਿਲਕੁਲ ਵਿਹਲਾ ਸੀ ਅਤੇ ਇਹ ਬਹੁਤ ਸ਼ਾਨਦਾਰ ਪੇਸ਼ਕਸ਼ ਸੀ। ਮੈਂ ਫ਼ਿਲਮ ਲਈ ਹਾਂ ਕਰ ਦਿੱਤੀ।’’ ਉਸ ਨੇ ਆਖਿਆ ਕਿ ਇਸ ਤੋਂ ਬਾਅਦ ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਅਤੇ ਵੈੱਬ ਸੀਰੀਜ਼ ‘ਤਾਂਡਵ’ ਵਿਚ ਭੂਮਿਕਾ ਨਿਭਾਈ। ਉਸ ਨੇ ਆਖਿਆ,‘‘ਕੁਝ ਭੂਮਿਕਾਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਮੈਨੂੰ ਮਿਲਣਗੀਆਂ। ਇਨ੍ਹਾਂ ਭੂਮਿਕਾਵਾਂ ਦੀ ਗੱਲ ਛੱਡੋ ਅੱਜ ਇਕ ਤੋਂ ਬਾਅਦ ਇਕ ਨਵਾਂ ਮਾਧਿਅਮ ਹੋਂਦ ਵਿਚ ਆ ਰਿਹਾ ਹੈ। ਮੈਂ ਇਸ ਸਭ ਕਾਸੇ ਲਈ ਤਿਆਰ ਨਹੀਂ ਸੀ ਅਤੇ ਨਾ ਹੀ ਮੈਂ ਕੋਈ ਯੋਜਨਾ ਬਣਾਈ ਸੀ। ਮੈਨੂੰ ਅੱਜ ਵੀ ਇਉਂ ਲੱਗਦਾ ਹੈ ਜਿਵੇਂ ਮੈਂ ਨਵਾਂ-ਨਵਾਂ ਇਥੇ ਕੰਮ ਕਰਨ ਲਈ ਆਇਆ ਹਾਂ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਤੱਕ ਪਹੁੰਚਣ ਦੇ ਨਵੇਂ ਨਵੇਂ ਢੰਗ-ਤਰੀਕੇ ਸਾਹਮਣੇ ਆਾ ਰਹੇ ਹਨ।’’ -ਆਈਏਐੱਨਐੱਸ