ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਪੰਜਾਬੀ ਫ਼ਿਲਮਾਂ ਦੇ ਕਾਮਯਾਬ ਅਤੇ ਸੁਹਿਰਦ ਹਿਦਾਇਤਕਾਰਾਂ ਦੀ ਫ਼ਹਿਰਿਸਤ ਵਿਚ ਹਿਦਾਇਤਕਾਰ ਸੁਖਮਿੰਦਰ ਧੰਜਲ ਦਾ ਨਾਮ ਵੀ ਕਾਬਿਲ-ਏ-ਇਹਤਰਾਮ ਹੈ। ਉਨ੍ਹਾਂ ਨੇ ਜਿੰਨੀਆਂ ਵੀ ਪੰਜਾਬੀ ਫ਼ਿਲਮਾਂ ਦੀ ਹਿਦਾਇਤ ਦਿੱਤੀ ਸਾਰੀਆਂ ਕਾਮਯਾਬ ਫ਼ਿਲਮਾਂ ਕਰਾਰ ਪਾਈਆਂ। ਹਿਦਾਇਤਕਾਰ ਦੇ ਨਾਲ-ਨਾਲ ਕਹਾਣੀਨਵੀਸ, ਮੁਕਾਲਮਾਨਿਗਾਰ, ਮੰਜ਼ਰਨਿਗਾਰ ਅਤੇ ਸ਼ੌਕ ਵਜੋਂ ਸ਼ਾਇਰ, ਗੁਲੂਕਾਰ ਤੇ ਅਦਾਕਾਰ ਵੀ ਹਨ। ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਬਾਗ਼ੀ’ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ।
ਸੁਖਮਿੰਦਰ ਸਿੰਘ ਧੰਜਲ ਦੀ ਪੈਦਾਇਸ਼ 2 ਅਕਤੂਬਰ 1966 ਨੂੰ ਚੇਤ ਨਗਰ (ਗਿੱਲ ਰੋਡ) ਲੁਧਿਆਣਾ ’ਚ ਨਾਨਕਾ ਘਰ ਹੋਈ। ਉਂਜ ਇਨ੍ਹਾਂ ਦਾ ਆਬਾਈ ਪਿੰਡ ਚੱਕ ਭਾਈਕਾ, ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਲੁਧਿਆਣਾ) ਹੈ। ਇਨ੍ਹਾਂ ਦੇ ਪਿਤਾ ਦਾ ਨਾਮ ਅਮਰਜੀਤ ਸਿੰਘ ਧੰਜਲ (ਮਰਹੂਮ) ਅਤੇ ਮਾਤਾ ਦਾ ਨਾਮ ਮਨਜੀਤ ਕੌਰ ਹੈ। ਪਿਤਾ ਅਧਿਆਪਨ ਕਿੱਤੇ ਦੇ ਨਾਲ-ਨਾਲ ਸ਼ੌਕ ਵਜੋਂ ਕਵੀਸ਼ਰ ਅਤੇ ਲਿਖਾਰੀ ਵੀ ਸਨ। ਚਾਚਾ ਸੁਰਿੰਦਰਪਾਲ ਸਿੰਘ ਧੰਜਲ ਵੀ ਨਾਮੀ ਸ਼ਾਇਰ ਹਨ। ਇਨ੍ਹਾਂ ਦੇ ਫੁੱਫੜ ਗੁਰਚਰਨ ਸਿੰਘ (ਮਰਹੂਮ), ਮਹਿਲਾਂ ਕਲਾਂ ਵੀ ਸ਼ਬਦ-ਕੀਰਤਨ ਕਰਦੇ ਤੇ ਧਾਰਮਿਕ ਗੀਤ ਲਿਖਦੇ ਸਨ। ਲਿਹਾਜ਼ਾ ਘਰ ਤੇ ਰਿਸ਼ਤੇਦਾਰੀ ’ਚੋਂ ਮਿਲੇ ਸੋਹਣੇ ਅਦਬੀ ਮਾਹੌਲ ਦਾ ਅਸਰ ਤਾਂ ਹੋਣਾ ਵੀ ਸੁਭਾਵਿਕ ਸੀ।
ਸੁਖਮਿੰਦਰ ਧੰਜਲ ਨੇ ਪਹਿਲੀ ਤੋਂ ਪੰਜਵੀਂ ਨਾਨਕਾ ਘਰ ਰਹਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ, ਜਨਤਾ ਨਗਰ, ਲੁਧਿਆਣਾ ਅਤੇ ਛੇਵੀਂ ਤੋਂ ਦਸਵੀਂ ਤਕ ਤਾਲੀਮ ਸੰਤ ਈਸ਼ਰ ਦਾਸ ਸਕੂਲ, ਪਿੰਡ ਚੱਕ ਭਾਈਕਾ, ਜ਼ਿਲ੍ਹਾ ਸੰਗਰੂਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪ੍ਰੀ-ਇੰਜੀਨੀਰਿੰਗ ਸਨਮਤੀ ਸਰਕਾਰੀ ਸਾਇੰਸ ਕਾਲਜ ਲੁਧਿਆਣਾ ਅਤੇ ਇਲੈੱਕਟ੍ਰੀਕਲ ਇੰਜਨੀਰਿੰਗ ਗੁਰੂ ਨਾਨਕ ਇੰਜਨੀਰਿੰਗ ਕਾਲਜ, ਲੁਧਿਆਣਾ ਤੋਂ ਕੀਤੀ। ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਫੁੱਫੜ ਗੁਰਚਰਨ ਸਿੰਘ ਪਾਸੋਂ ਸੰਗੀਤ ਦੀ ਤਾਲੀਮ ਦੌਰਾਨ ਬੈਂਜੋ ਤੇ ਹਾਰਮੋਨੀਅਮ ਵਜਾਉਣਾ ਸਿੱਖਿਆ ਤੇ ਨਾਲ ਗਾਇਕੀ ਦੇ ਗੁਰ ਵੀ। ਧੰਜਲ ਨੇ ਦੱਸਿਆ ਕਿ ਸਕੂਲ ਟਾਈਮ ਪਹਿਲੀ ਵਾਰ ਉਸ ਦੇ ਫੁੱਫੜ ਨੇ ਮਹਿਲ ਕਲਾਂ ਲੱਗਦੇ ਵਿਸਾਖੀ ਦੇ ਮੇਲੇ ’ਤੇ ਕਵੀ ਨੰਦਲਾਲ ਨੂਰਪੁਰੀ ਦੇ ਲਿਖੇ ਇਕ ਗੀਤ ‘ਓ ਦੁਨੀਆ ਦੇ ਬੰਦਿਓ ਪੂਜੋ ਇਨ੍ਹਾਂ ਨੇਕ ਇਨਸਾਨਾਂ ਨੂੰ’ ਜ਼ਰੀਏ ਉਸ ਨੂੰ ਗਾਇਕ ਦੇ ਰੂਪ ਵਿਚ ਆਪਣੇ ਦੋ ਪੁੱਤਰਾਂ ਕੁਲਦੀਪ ਸਿੰਘ ਤੇ ਗੁਰਦੀਪ ਸਿੰਘ ਨਾਲ ਪੇਸ਼ ਕੀਤਾ। ਉਨ੍ਹਾਂ ਵੱਲੋਂ ਗਾਇਆ ਗੀਤ ਲੋਕਾਂ ਨੇ ਐਨਾ ਸਲਾਹਿਆ ਕਿ ਹਰ ਸਾਲ ਉਹ ਤਿੰਨੋਂ ਵਿਸਾਖੀ ਮੇਲੇ ਉੱਤੇ ਗੀਤ ਪੇਸ਼ ਕਰਦੇ ਸਨ।
ਸੁਖਮਿੰਦਰ ਧੰਜਲ ਫ਼ਿਲਮ ਹਿਦਾਇਤਕਾਰੀ ਵੱਲ ਕਿਵੇਂ ਆਏ ਇਸ ਦਾ ਵੀ ਇਕ ਦਿਲਚਸਪ ਕਿੱਸਾ ਹੈ। ਧੰਜਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ 1987 ਵਿਚ ਦੂਰਦਰਸ਼ਨ ਦਿੱਲੀ ਦੀ ਇਕ ਹਿੰਦੀ ਟੈਲੀ ਫ਼ਿਲਮ ‘ਸਾਂਝੀ ਦੀਵਾਰ’ ਦੇ ਮੁਕਾਲਮੇ ਤੇ ਮੰਜ਼ਰਨਾਮਾ ਲਿਖਿਆ ਜੋ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ’ਤੇ ਆਧਾਰਿਤ ਸੀ। ਇਸ ਫ਼ਿਲਮ ਵਿਚ ਉਸ ਨੇ ‘ਫ਼ੌਜੀ’ ਦਾ ਕਿਰਦਾਰ ਵੀ ਨਿਭਾਇਆ।
1988 ਵਿਚ ਸੁਖਮਿੰਦਰ ਧੰਜਲ ਹਿਦਾਇਤਕਾਰੀ ਦਾ ਸੁਫ਼ਨਾ ਸੰਮੋਏ ਲੁਧਿਆਣਾ ਤੋਂ ਟਰੇਨ ਲੈ ਕੇ ਬੰਬੇ ਟੁਰ ਗਿਆ। ਥੋੜ੍ਹਾ ਸਾਲ ਫ਼ਿਲਮ ਸਨਅਤ ਨਾਲ ਜੁੜੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਰਾਬਤਾ 1993 ਵਿਚ ਮਾਰੂਫ਼ ਹਿਦਾਇਤਕਾਰ ਪੰਕਜ ਪ੍ਰਾਸ਼ਰ ਨਾਲ ਹੋਇਆ। ਫਿਰ 1995 ਤੱਕ ਉਹ ਹਿਦਾਇਤਕਾਰ ਰਵਿੰਦਰ ਪੀਪਟ, ਕੇ. ਬਪੀਹਾ ਅਤੇ ਕੇ. ਸੀ. ਬੋਕਾਡੀਆ ਦੀ ਰਹਿਨੁਮਾਈ ਹੇਠ ਸਹਾਇਕ ਹਿਦਾਇਤਕਾਰ ਵਜੋਂ ਕੰਮ ਕਰਦੇ ਰਹੇ। ਇਸ ਦੇ ਨਾਲ ਹੀ ਧੰਜਲ ਨੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਸਿਨਮੈਟੋਗ੍ਰਾਫਰ ਤੇ ਕੈਮਰਾਮੈਨ ਸ਼੍ਰੀਪਦ ਨਾਟੂ ਨਾਲ ਵੀ ਸਹਾਇਕ ਕੈਮਰਾਮੈਨ ਵਜੋਂ ਕੰਮ ਕੀਤਾ।
ਵਿਜੈ ਟੰਡਨ ਦੇ ਫ਼ਿਲਮਸਾਜ਼ ਅਦਾਰੇ ਗੌਤਮ ਵਿਜੈ ਫ਼ਿਲਮਜ਼, ਬੰਬੇ ਦੀ ਰਵਿੰਦਰ ਪੀਪਟ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕਚਹਿਰੀ’ (1993) ਵਿਚ ਉਸ ਨੇ ਸਹਾਇਕ ਹਿਦਾਇਤਕਾਰ ਹੋਣ ਦੇ ਨਾਲ-ਨਾਲ ਅਦਾਲਤੀ ‘ਗਵਾਹ’ ਦਾ ਛੋਟਾ ਜਿਹਾ ਕਿਰਦਾਰ ਵੀ ਨਿਭਾਇਆ। ਇਸ ਫ਼ਿਲਮ ਨੂੰ 1993 ਵਿਚ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ।
1995 ਵਿਚ ਉਸ ਨੇ ਪੰਜਾਬ ਆ ਕੇ ਆਜ਼ਾਦਾਨਾ ਹਿਦਾਇਤਕਾਰ ਵਜੋਂ ਆਪਣੇ ਫ਼ਿਲਮੀ ਸਫ਼ਰ ਦੀ ਜਬਰਦਸਤ ਸ਼ੁਰੂਆਤ ਕੀਤੀ। ਉਨ੍ਹਾਂ ਦੀ ਹਿਦਾਇਤਕਾਰੀ ਵਿਚ ਰਿਲੀਜ਼ਸ਼ੁਦਾ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ਫ਼ਿਲਮਸਾਜ਼ ਨਰਪਿੰਦਰ ਸੁਨੇਤ ਉਰਫ਼ ਨਰਪਿੰਦਰ ਸਿੰਘ ਖੰਗੂੜਾ ਦੇ ਫ਼ਿਲਮਸਾਜ਼ ਅਦਾਰੇ ਗੁੱਡਵਿਲ ਫ਼ਿਲਮਜ਼, ਬੰਬੇ ਦੀ ‘ਮੇਲਾ’ (1997) ਸੀ। ਫ਼ਿਲਮ ਵਿਚ ਧੰਜਲ ਨੇ ਮਾਡਲ ਚਾਂਦਨੀ ਤੂਰ (ਅਸਲੀ ਨਾਮ ਚਰਨਜੀਤ ਕੌਰ/ਪਿੰਡ ਮਦਾਰ) ਨੂੰ ਨਵੀਂ ਅਦਾਕਾਰਾ ਵਜੋਂ ਪੇਸ਼ ਕੀਤਾ, ਜਿਸ ਦੇ ਰੂਬਰੂ ਹੀਰੋ ਦਾ ਕਿਰਦਾਰ ਹਿਮਾਚਲ ਦਾ ਗੱਭਰੂ ਅਜੇ ਮਾਨਕੋਟੀਆ (ਪਹਿਲੀ ਪੰਜਾਬੀ ਫ਼ਿਲਮ) ਨਿਭਾ ਰਿਹਾ ਸੀ। ਕਹਾਣੀ, ਮੁਕਾਲਮੇ, ਮੰਜ਼ਰਨਾਮਾ ਤੇ ਗੀਤ (6) ਸੁਖਮਿੰਦਰ ਧੰਜਲ ਅਤੇ ਸੰਗੀਤ ਵਿੱਦਤ ਗੋਸਵਾਮੀ (ਸਹਾਇਕ ਆਰ. ਡੀ. ਬਰਮਨ) ਨੇ ਮੁਰੱਤਬਿ ਕੀਤਾ ਸੀ। 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਫ਼ਿਲਮ 26 ਸਤੰਬਰ 1997 ਨੂੰ ਅਰੋੜਾ ਪੈਲੇਸ, ਲੁਧਿਆਣਾ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਧੰਜਲ ਨੇ ਦੱਸਿਆ ਕਿ ਪਹਿਲੀ ਵਾਰ ਐੱਸਆਰ 2 ਕੈਮਰੇ ਦੀ ਵਰਤੋਂ, ਐੱਚਐੱਮਆਈ ਲਾਈਟ ਤੇ ਪਹਿਲੀ ਵਾਰ ਹੀ ਕਿਸੇ ਪੰਜਾਬੀ ਫ਼ਿਲਮ ’ਚ ਸ਼ੂਟਿੰਗ ਲਈ ਬੰਬੇ ਤੋਂ ਕਰੇਨ ਲਿਆਂਦੀ ਗਈ ਜੋ ਟਰੈਕ ’ਤੇ ਚੱਲਦੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਬੀਐੱਲ ਕੈਮਰੇ ਨਾਲ ਹੀ ਫ਼ਿਲਮਾਂ ਸ਼ੂਟ ਹੁੰਦੀਆਂ ਸਨ।
ਉਸ ਦੀ ਮੁੱਖ ਹਿਦਾਇਤਕਾਰ ਵਜੋਂ ਦੂਜੀ ਪੰਜਾਬੀ ਫ਼ਿਲਮ ਗਜ ਦਿਓਲ ਉਰਫ਼ ਹਰਮਿੰਦਰ ਸਿੰਘ ਦਿਓਲ ਦੇ ਫ਼ਿਲਮਸਾਜ਼ ਅਦਾਰੇ ਦਿਓਲ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ‘ਬਾਗ਼ੀ’ (2005) ਸੀ। ਅੰਤਰਜਾਤੀ ਵਿਆਹ ’ਤੇ ਆਧਾਰਿਤ ਇਸ ਫ਼ਿਲਮ ਦੀ ਸਕਰਿਪਟ ਧੰਜਲ 1990 ਵਿਚ ਲਿਖ ਚੁੱਕਿਆ ਸੀ, ਪਰ ਇਸ ਤੋਂ ਪਹਿਲਾਂ ਉਸ ਦੀ ‘ਮੇਲਾ’ ਫ਼ਿਲਮ ਰਿਲੀਜ਼ ਹੋ ਗਈ, ਜਿਸ ਦਾ ਪਹਿਲਾ ਨਾਮ ‘ਬੋਲ ਸ਼ਰੀਕਾਂ ਦੇ’ ਸੀ। ਬਾਗ਼ੀ ਫ਼ਿਲਮ ਵਿਚ ‘ਸੂਬੇਦਾਰ ਹਾਕਮ ਸਿੰਘ’ ਦਾ ਸ਼ਾਨਦਾਰ ਕਿਰਦਾਰ ਓਮਪੁਰੀ ਨੇ ਨਿਭਾਇਆ। ਫ਼ਿਲਮ ਵਿਚ ਧੰਜਲ ਨੇ ਚੰਡੀਗੜ੍ਹ ਦੀ ਮੁਟਿਆਰ ਗੁਰਲੀਨ ਚੋਪੜਾ (ਪ੍ਰੀਤੋ) ਨੂੰ ਨਵੀਂ ਹੀਰੋਇਨ ਵਜੋਂ ਮੁਤਆਰਿਫ਼ ਕਰਵਾਇਆ, ਜਿਸ ਦੇ ਹਮਰਾਹ ਅਦਾਕਾਰ ਪਰਮਵੀਰ (ਭਰਾ ਲੋਕ ਗਾਇਕਾ ਰਣਜੀਤ ਕੌਰ) ਕੰਮ ਕਰ ਰਿਹਾ ਸੀ। 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਫ਼ਿਲਮ ’ਤੇ ਉਸ ਵੇਲੇ ਮੌਜੂਦਾ ਸਰਕਾਰ ਨੇ ਬੈਨ ਲਾ ਦਿੱਤਾ ਸੀ ਜੋ ਕੁਝ ਸਮੇਂ ਬਾਅਦ ਹਟਾ ਦਿੱਤਾ ਗਿਆ। ਇਹ ਫ਼ਿਲਮ 10 ਫਰਵਰੀ 2006 ਨੂੰ ਸੰਗਮ ਥੀਏਟਰ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਇਸ ਫ਼ਿਲਮ ਨੂੰ 2006 ਵਿਚ 53ਵੇਂ ਨੈਸ਼ਨਲ ਫ਼ਿਲਮ ਐਵਾਰਡ ਦੌਰਾਨ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਸੁਖਮਿੰਦਰ ਧੰਜਲ ਨੂੰ ਸਿਲਵਰ ਮੈਡਲ ਅਤੇ 20 ਹਜ਼ਾਰ ਰੁਪਏ ਅਤੇ ਫ਼ਿਲਮਸਾਜ਼ ਗਜ ਦਿਓਲ ਨੂੰ ਵੀ 20 ਹਜ਼ਾਰ ਰੁਪਏ ਤੇ ਸਿਲਵਰ ਮੈਡਲ ਨਾਲ ਸਰਫ਼ਰਾਜ਼ ਕੀਤਾ ਗਿਆ।
2008 ਵਿਚ ਨਰਿੰਦਰ ਪਾਲ ਸਿਆਲ ਦੇ ਫ਼ਿਲਮਸਾਜ਼ ਅਦਾਰੇ ਡੈਡੀ ਸਿਆਲ ਫ਼ਿਲਮਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਲੱਗਦਾ ਇਸ਼ਕ ਹੋ ਗਿਆ’ (2009) ਦੀ ਹਿਦਾਇਤਕਾਰੀ ਦੇ ਫ਼ਰਜ਼ ਵੀ ਸੁਖਮਿੰਦਰ ਧੰਜਲ ਨੇ ਅੰਜਾਮ ਦਿੱਤੇ। ਕਹਾਣੀ, ਮੁਕਾਲਮੇ (ਸਰਦਾਰ ਸੋਹੀ) ਤੇ ਗੀਤ ਸੁਖਮਿੰਦਰ ਧੰਜਲ (ਇਕ ਗੀਤ), ਰਾਜ ਕਾਕੜਾ, ਨੇਕ ਬਰੰਗ, ਜੀਤ ਕੱਦੋਂਵਾਲਾ ਅਤੇ ਸੰਗੀਤ ਗੁਰਮੀਤ ਸਿੰਘ (ਅੰਮ੍ਰਿਤਸਰ) ਨੇ ਤਾਮੀਰ ਕੀਤਾ। ਫ਼ਿਲਮ ਵਿਚ ਪਹਿਲੀ ਵਾਰ ਧੰਜਲ ਨੇ ਆਪਣੀ ਹਿਦਾਇਤ ਵਿਚ ਆਵਾਜ਼ ਪੰਜਾਬ ਦੇ ਜੇਤੂ ਰਹੇ ਨੌਜਵਾਨ ਰੌਸ਼ਨ ਪ੍ਰਿੰਸ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਸਵੇਤਾ ਗਰੋਤਰਾ ਕੰਮ ਕਰ ਰਹੀ ਸੀ। ਸਵਾ ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਫ਼ਿਲਮ 22 ਮਈ 2009 ਨੂੰ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ ਜੋ ਫ਼ਿਲਮਬੀਨਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ।
ਐੱਚ. ਐੱਸ. ਧਨੋਆ ਉਰਫ਼ ਹਰਜਿੰਦਰ ਸਿੰਘ ਧਨੋਆ ਦੇ ਫ਼ਿਲਮਸਾਜ਼ ਅਦਾਰੇ ਕਰਮਾ ਧਨੋਆ ਮੂਵੀਜ਼, ਬੰਬੇ ਦੀ ਫ਼ਿਲਮ ‘ਕਬੱਡੀ ਵਨਸ ਅਗੇਨ’ ਉਰਫ਼ ‘ਗ਼ੇਮ ਆਫ਼ ਵਰੀਅਰਸ’ (2012) ਸੁਖਮਿੰਦਰ ਧੰਜਲ ਦੀ ਹਿਦਾਇਤਕਾਰੀ ਵਿਚ ਬਣੀ ਖੇਡ ਆਧਾਰਿਤ ਜਬਰਦਸਤ ਫ਼ਿਲਮ ਸੀ, ਜਿਸ ਵਿਚ ਧੰਜਲ ਨੇ ਜਲੰਧਰ ਦੇ ਇਕ ਬੌਡੀ ਬਿਲਡਰ ਨੌਜਵਾਨ ਵਰਿੰਦਰ ਘੁੰਮਣ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਦਾ ਪਾਰਟ ਅੰਮ੍ਰਿਤਸਰ ਦੀ ਮੁਟਿਆਰ ਸੁਦੀਪਾ ਸਿੰਘ ਨਿਭਾ ਰਹੀ ਸੀ। ਕਹਾਣੀ, ਮੰਜ਼ਰਨਾਮਾ ਸੁਖਮਿੰਦਰ ਧੰਜਲ ਤੇ ਮੁਕਾਲਮੇ ਸਰਦਾਰ ਸੋਹੀ, ਗੀਤ ਰਾਜ ਕਾਕੜਾ, ਸੰਗੀਤ ਗੁਰਮੀਤ ਸਿੰਘ। ਰੈੱਡ ਵਨ ਡਿਜ਼ੀਟਲ ਕੈਮਰਾ ’ਤੇ ਬਣਨ ਵਾਲੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ। ਫ਼ਿਲਮ ’ਚ ਧੰਜਲ ਦੇ ਫ਼ਰਜ਼ੰਦ ਸੰਕੇਤ ਧੰਜਲ ਨੇ ਵਰਿੰਦਰ ਦੇ ਬਚਪਨ ਦਾ ਪਾਰਟ ਅਦਾ ਕੀਤਾ ਸੀ। 2 ਕਰੋੜ ਦੇ ਬਜਟ ਨਾਲ ਬਣਨ ਵਾਲੀ ਇਹ ਫ਼ਿਲਮ 8 ਜੂਨ 2012 ਨੂੰ ਸਰਬ ਮਲਟੀਪਲੈਕਸ, ਜਲੰਧਰ ਵਿਖੇ ਪਰਦਾਪੇਸ਼ ਹੋਈ।
2018 ’ਚ ਉਸ ਨੇ ਓਹਰੀ ਪ੍ਰੋਡਕਸਨਜ਼ ਪ੍ਰਾਈਵੇਟ ਲਿਮਟਿਡ, ਜਲੰਧਰ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਬਲੈਕੀਆ’ (2019) ਸ਼ੁਰੂ ਕੀਤੀ। ਫ਼ਿਲਮ ਅੰਤਰ-ਰਾਸ਼ਟਰੀ ਸੋਨੇ ਦੀ ਤਸਕਰੀ ਵਰਗੇ ਗ਼ੈਰ-ਕਾਨੂੰਨੀ ਵਿਸ਼ੇ ’ਤੇ ਬਣਾਈ ਗਈ। ਫ਼ਿਲਮਸਾਜ਼ ਵਿਵੇਕ ਓਹਰੀ, ਅਤੁਲ ਓਹਰੀ, ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਇੰਦਰਪਾਲ ਸਿੰਘ, ਗੀਤ ਗਿੱਲ ਰੌਂਤਾ, ਗੁਰਬਿੰਦਰ ਮਾਨ, ਜੱਗੀ ਜੌੜਕੀਆਂ ਅਤੇ ਸੰਗੀਤ ਗੁਰਮੀਤ ਸਿੰਘ, ਜੈ ਦੇਵ ਕੁਮਾਰ, ਕੇ. ਵੀ. ਸਿੰਘ (ਪਹਿਲੀ ਫ਼ਿਲਮ) ਨੇ ਤਰਤੀਬ ਕੀਤਾ। ਫ਼ਿਲਮ ਦੇ ਹੀਰੋ ਦੇਵ ਖਰੋੜ ਨੇ ਆਪਣੀ ਅਦਾਕਾਰੀ ਦੀ ਬਿਹਤਰੀਨ ਨੁਮਾਇਸ਼ ਕੀਤੀ, ਜਿਸ ਦੇ ਮੁਕਾਬਿਲ ਹੀਰੋਇਨ ਦੇ ਤੌਰ ’ਤੇ ਇਹਾਨਾ ਢਿੱਲੋਂ ਮੌਜੂਦ ਸੀ। ਸਾਢੇ ਤਿੰਨ ਕਰੋੜ ਦੇ ਬਜਟ ਨਾਲ ਬਣਨ ਵਾਲੀ ਇਸ ਫ਼ਿਲਮ ਨੇ 12 ਕਰੋੜ ਦਾ ਬਿਜ਼ਨਸ ਕੀਤਾ। ਇਹ ਬਲਾਕ ਬਸਟਰ ਫ਼ਿਲਮ 3 ਮਈ 2019 ਨੂੰ ਵਰਲਡ ਵਾਈਡ ਰਿਲੀਜ਼ ਹੋਈ।
ਫ਼ਿਲਮੀ ਹਿਦਾਇਤ ਤੋਂ ਇਲਾਵਾ ਸੁਖਮਿੰਦਰ ਨੇ ਟੈਲੀਵਿਜ਼ਨ ਕਿਸ਼ਤਵਾਰਾਂ ਦੀ ਹਿਦਾਇਤਕਾਰੀ ਕੀਤੀ ਹੈ, ਜਿਨ੍ਹਾਂ ਵਿਚ ‘ਮੱਸਿਆ ਦੀ ਰਾਤ’ (1992/ ਪੰਜਾਬੀ/ਡੀਡੀ ਵਨ), ‘ਸਰਹੱਦ’ (2000/ਅਲਫ਼ਾ ਪੰਜਾਬੀ), ‘ਮਨ ਜੀਤੈ ਜਗੁ ਜੀਤੁ’ (2001/ਅਲਫ਼ਾ ਪੰਜਾਬੀ), ‘ਆਪਣੀ ਮਿੱਟੀ ਆਪਣੇ ਲੋਗ’ (2003/ਹਿੰਦੀ/ਡੱਬਾ ਬੰਦ), ‘ਆਲ੍ਹਣਾ’ (2005/ਅਲਫ਼ਾ ਪੰਜਾਬੀ) ‘ਹਾਣੀ’ (ਯੂ ਟਿਊਬ/ਚੈਨਲ ਪੰਜਾਬ), ‘ਪੰਗਾ ਨਾ ਲੈ’ (2003/ਹਿੰਦੀ/ਅਲਫ਼ਾ ਪੰਜਾਬੀ/ਡੱਬਾ ਬੰਦ) ਅਤੇ ਹਿੰਦੀ ਵਿਚ ਬੱਚਿਆਂ ਲਈ ਰਾਮਾਨੰਦ ਸਾਗਰ ਅਦਾਰੇ ਦਾ ਕਿਸ਼ਤਵਾਰ ‘ਬਚ ਕੇ ਰਹਿਨਾ’ (2004/ਡੀਡੀ ਵਨ) ਤੇ ‘ਆਈਪੀਐੱਸ ਡਾਇਰੀ’ (2018/ਹਿੰਦੀ/ਡੀਡੀ ਵਨ) ਦੇ ਨਾਮ ਕਾਬਿਲ-ਏ-ਜ਼ਿਕਰ ਹਨ।
ਸੰਪਰਕ: 97805-09545