ਨਵੀਂ ਦਿੱਲੀ, 6 ਮਾਰਚ
ਰਾਜਕੁਮਾਰ ਰਾਓ ਨੇ ਸਮੇਂ-ਸਮੇਂ ’ਤੇ ਇਹ ਸਾਬਤ ਕੀਤਾ ਹੈ ਕਿ ਉਹ ਹਿੰਦੀ ਸਿਨੇਮਾ ਦੇ ਸਰਵੋਤਮ ਅਦਾਕਾਰਾਂ ਵਿੱਚੋਂ ਇਕ ਹੈ। ਫਿਰ ਭਾਵੇਂ ਫਿਲਮ ‘ਸ਼ਾਹਿਦ’ ’ਚ ਇਕ ਵਕੀਲ ਦਾ ਕਿਰਦਾਰ ਹੋਵੇ, ‘ਓਮੇਰਟਾ’ ’ਚ ਖੌਫਨਾਕ ਅਤਿਵਾਦੀ ਦਾ, ‘ਇਸਤਰੀ’ ’ਚ ਇਕ ਸ਼ਰਾਰਤੀ ਲੜਕੇ ਦਾ ਕਿਰਦਾਰ ਜਾਂ ਫਿਰ ‘ਬਰੇਲੀ ਕੀ ਬਰਫੀ’ ’ਚ ਭੋਲਾ ਪ੍ਰੀਤਮ ਦਾ, ਰਾਜ ਕੁਮਾਰ ਨੇ ਹਰ ਭੂਮਿਕਾ ਬਾਖੂਬੀ ਨਿਭਾਈ ਹੈ। ਰਾਜਕੁਮਾਰ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ, ‘‘ਬੌਲੀਵੁੱਡ ਦੀ ਯਾਤਰਾ ਕਾਫੀ ਮਿਹਨਤ ਭਰੀ ਰਹੀ। ਮੈਂ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਅਜਿਹਾ ਹੋਵੇਗਾ। ਮੈੈਂ ਹਮੇਸ਼ਾ ਕੰਮ ਕਰਨਾ ਚਾਹੁੰਦਾ ਸੀ, ਇਸੇ ਕਰਕੇ ਮੈਂ ਅਭਿਆਸ ਨੂੰ ਜ਼ਿਆਦਾ ਸਮਾਂ ਦਿੱਤਾ। ਮੈਂ ਫਿਲਮੀ ਸ਼ਹਿਰ ’ਚ ਘੱਟ ਪੈਸਿਆਂ ਨਾਲ ਬਿਨਾਂ ਕਿਸੇ ਫਿਲਮੀ ਪਿਛੋਕੜ ਤੋਂ ਆਇਆ। ਇੱਥੇ ਆਉਣ ਤੋਂ ਬਾਅਦ ਅੱਜ ਵੀ ਇਹ ਮੇਰੇ ਲਈ ਇਕ ਸੁਫਨੇ ਵਾਂਗ ਹੀ ਹੈ ਪਰ ਮੈਂ ਹੁਣ ਵਾਪਸ ਨਹੀਂ ਜਾਵਾਂਗਾ।’’
ਅਦਾਕਾਰ ਨੇ ਕਿਹਾ, ‘‘ਮੈਂ ਹਰ ਦਿਨ ਤੇ ਹਰ ਪਲ ਜਿਉਂਦਾ ਹਾਂ। ਮੈਨੂੰ ਅਦਾਕਾਰੀ ਨਾਲ ਪਿਆਰ ਹੈ ਅਤੇ ਪਰਦੇ ’ਤੇ ਵੱਖੋ-ਵੱਖਰੇ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ।’’ 36 ਸਾਲਾ ਅਦਾਕਾਰ ਦੀ ਅਗਲੀ ਫਿਲਮ ‘ਰੂਹੀ’ ਰਿਲੀਜ਼ ਹੋਣ ਵਾਲੀ ਹੈ, ਜੋ ਕਿ ਡਰਾਉਣੀ ਤੇ ਹਾਸ ਭਰਪੂਰ ਫਿਲਮ ਹੈ। ਇਸ ਫਿਲਮ ’ਚ ਅਦਾਕਾਰਾ ਜਾਨਵੀ ਕਪੂਰ ਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। -ਆਈਏਐੱਨਐੱਸ