ਜੋਗਿੰਦਰ ਕੌਰ ਅਗਨੀਹੋਤਰੀ
ਇਕ ਸੰਘਣਾ ਜੰਗਲ ਸੀ। ਉਸ ਵਿਚ ਜਿੱਥੇ ਵੱਡੇ-ਵੱਡੇ ਜਾਨਵਰ ਰਹਿੰਦੇ ਸਨ। ਉੱਥੇ ਛੋਟੇ ਜਾਨਵਰ, ਜੀਵ ਜੰਤੂ ਅਤੇ ਰੁੱਖਾ ਉੱਤੇ ਪੰਛੀ ਵੀ ਰਹਿੰਦੇ ਸਨ। ਸਾਰੇ ਹੀ ਸਵੇਰੇ ਆਪਣਾ ਪੇਟ ਭਰਨ ਲਈ ਨਿਕਲ ਜਾਂਦੇ ਅਤੇ ਸ਼ਾਮ ਨੂੰ ਪੇਟ ਭਰ ਕੇ ਆਪਣੇ ਟਿਕਾਣੇ ’ਤੇ ਆ ਜਾਂਦੇ। ਪੰਛੀ ਤਾਂ ਬਿੱਲੀ ਜਾਂ ਕੁੱਤੇ ਤੋਂ ਹੀ ਡਰਦੇ ਸਨ, ਪਰ ਜੀਵ ਜੰਤੂ ਤਾਂ ਵੱਡੇ ਜਾਨਵਰ ਤੋਂ ਡਰ ਕੇ ਲੁਕ ਜਾਂਦੇ। ਪੰਛੀ ਉਡਾਰੀ ਮਾਰ ਕੇ ਕਿਤੇ ਦੀ ਕਿਤੇ ਚਲੇ ਜਾਂਦੇ। ਪੰਛੀਆਂ ਦੀ ਡਾਰ ਵਿਚ ਇਕ ਅਜਿਹਾ ਤੋਤਾ ਵੀ ਸ਼ਾਮਲ ਸੀ ਜੋ ਆਪਣੇ ਆਪ ਨੂੰ ਬਹੁਤ ਚਲਾਕ ਸਮਝਦਾ ਸੀ। ਉਹ ਰੋਜ਼ ਹੀ ਕੋਈ ਨਵੀਂ ਤੋਂ ਨਵੀਂ ਗੱਲ ਕਰਦਾ। ਕਦੇ ਉਹ ਮਨੁੱਖ ਵਾਲੀ ਬੋਲ ਬੋਲਦਾ, ਕਦੇ ਕਿਸੇ ਦੀ ਨਕਲ ਉਤਾਰਦਾ। ਉਸ ਦੇ ਸਾਥੀ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ। ਉਸ ਨੂੰ ਸਾਰੇ ਹੀ ਸਮਝਾਉਂਦੇ, ਪਰ ਉਹ ਕਿਸੇ ਦੀ ਗੱਲ ਨਾ ਸੁਣਦਾ।
ਉਹ ਸਵੇਰੇ ਆਪਣੇ ਸਾਥੀਆਂ ਨਾਲ ਨਿਕਲਦਾ, ਪਰ ਉਨ੍ਹਾਂ ਦੇ ਨਾਲ ਨਾ ਜਾਂਦਾ ਬਲਕਿ ਰਸਤੇ ਵਿਚ ਹੀ ਰੁਕ ਜਾਂਦਾ। ਸ਼ਾਮ ਨੂੰ ਜਦੋਂ ਉਸ ਦੇ ਸਾਥੀ ਮੁੜਦੇ ਤਾਂ ਉਹ ਉਨ੍ਹਾਂ ਨਾਲ ਮੁੜ ਆਉਂਦਾ।
ਇਕ ਦਿਨ ਉਹ ਆਪਣੇ ਸਾਥੀਆਂ ਨਾਲ ਉੱਡਿਆ ਜਾ ਰਿਹਾ ਸੀ ਤਾਂ ਉਸ ਨੂੰ ਦੋ ਖਰਗੋਸ਼ ਦਿਸੇ। ਉਸ ਦੋਵੇਂ ਘਾਹ ਖਾ ਰਹੇ ਸਨ। ਤੋਤੇ ਨੂੰ ਸ਼ਰਾਰਤ ਸੁੱਝੀ ਕਿ ਕਿਉਂ ਨਾ ਉਨ੍ਹਾਂ ਦੋਹਾਂ ਨੂੰ ਡਰਾਇਆ ਜਾਵੇ। ਉਸ ਨੇ ਥੋੜ੍ਹਾ ਜਿਹਾ ਨੀਵਾਂ ਹੋ ਕੇ ਕਿਹਾ ‘‘ਬਿੱਲੀ ਆ ਰਹੀ ਹੈ।’’ ਦੋਵੇਂ ਖਰਗੋਸ਼ ਤੋਤੇ ਦੀ ਗੱਲ ਸੁਣ ਕੇ ਡਰ ਕੇ ਭੱਜ ਗਏ। ਤੋਤਾ ਹੱਸਣ ਲੱਗਾ ਅਤੇ ਟੈਂ ਟੈਂ ਕਰਕੇ ਉੱਥੋਂ ਭੱਜ ਗਿਆ।
ਕੁਝ ਦੇਰ ਬਾਅਦ ਉਹ ਫਿਰ ਉੱਥੇ ਹੀ ਆ ਕੇ ਇਕ ਰੁੱਖ ’ਤੇ ਬੈਠ ਗਿਆ। ਖਰਗੋਸ਼ ਫਿਰ ਆਜ਼ਾਦੀ ਨਾਲ ਘਾਹ ਖਾਣ ਲੱਗੇ ਤਾਂ ਤੋਤੇ ਨੇ ਉਨ੍ਹਾਂ ਨੂੰ ਡਰਾਉਣ ਲਈ ਫਿਰ ਕਿਹਾ ‘‘ਬਿੱਲੀ!’’
ਖਰਗੋਸ਼ ਤੋਤੇ ਦੀ ਗੱਲ ਸੁਣ ਕੇ ਘਬਰਾ ਗਏ। ਉਨ੍ਹਾਂ ਨੇ ਤੋਤੇ ਨੂੰ ਪੁੱਛਿਆ ‘‘ਕਿੱਥੇ ਐ ਬਿੱਲੀ?
‘‘ਜੰਗਲ ਵਿਚ।’’ ਤੋਤੇ ਨੇ ਕਿਹਾ ਤੇ ਹੱਸਣ ਲੱਗਾ।
ਖਰਗੋਸ਼ ਨੂੰ ਤੋਤੇ ਦੀ ਸ਼ਰਾਰਤ ਦਾ ਪਤਾ ਲੱਗ ਗਿਆ। ਉਨ੍ਹਾਂ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਹ ਕੁਝ ਨਾ ਬੋਲੇ। ਫਿਰ ਉਨ੍ਹਾਂ ਨੇ ਤੋਤੇ ਨੂੰ ਪੁੱਛਿਆ ਕਿ ਤੂੰ ਕਦੇ ਬਿੱਲੀ ਨੂੰ ਮਿਲਿਆ ਏ?
ਤੋਤੇ ਨੇ ਕੋਈ ਉੱਤਰ ਨਾ ਦਿੱਤਾ। ਖਰਗੋੋਸ਼ ਵੀ ਅੱਗੋਂ ਕੁਝ ਨਾ ਬੋਲੇ। ਇਸ ਤਰ੍ਹਾਂ ਕਈ ਦਿਨ ਬੀਤ ਗਏ।
ਵੱਡਾ ਖਰਗੋਸ਼ ਜਿਸ ਦਾ ਨਾਂ ਨੀਟੂ ਸੀ, ਉਸ ਨੇ ਟੀਟੂ ਨੂੰ ਕਿਹਾ, ‘‘ਤੋਤਾ ਆਪਾਂ ਨੂੰ ਹਰ ਰੋਜ਼ ਡਰਾਉਂਦਾ ਏ। ਆਪਾਂ ਇਸ ਨੂੰ ਸਬਕ ਸਿਖਾਵਾਂਗੇ।’’
‘‘ਹਾਂ, ਸਿਖਾਉਣਾ ਚਾਹੀਦਾ ਹੈ।’’
ਇਸ ਤਰ੍ਹਾਂ ਕਈ ਦਿਨ ਨਿਕਲ ਗਏ। ਤੋਤਾ ਉੱਥੋਂ ਦੀ ਲੰਘਦਾ, ਪਰ ਉਸ ਨੇ ਖਰਗੋਸ਼ਾਂ ਨੂੰ ਕੁਝ ਨਾ ਕਿਹਾ। ਇਕ ਦਿਨ ਨੀਟੂ ਤੇ ਟੀਟੂ ਘਾਹ ਖਾ ਰਹੇ ਸਨ ਤਾਂ ਤੋਤਾ ਫਿਰ ਆ ਗਿਆ। ਉਸ ਨੂੰ ਦੇਖ ਕੇ ਨੀਟੂ ਨੇ ਟੀਟੂ ਨੂੰ ਕਿਹਾ, ‘‘ਅੱਜ ਕਰਦੇ ਹਾਂ ਇਸ ਨਾਲ ਗੱਲ।’’
ਨੀਟੂ ਨੇ ਤੋਤੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਪੁੱਛਿਆ,‘‘ਤੋਤੇ ਤੂੰ ਕਦੇ ਬਿੱਲੀ ਨੂੰ ਮਿਲਿਆ ਏ ਕਿ ਨਹੀਂ?’’
‘‘ਨਹੀਂ ਮੈਂ ਤਾਂ ਕਦੇ ਨਹੀਂ ਮਿਲਿਆ।’’
‘‘ਅਸੀਂ ਤਾਂ ਹੁਣ ਕਈ ਵਾਰ ਮਿਲ ਚੁੱਕੇ ਹਾਂ।’’
‘‘ਤੁਸੀਂ ਝੂਠ ਬੋਲਦੇ ਓ।’’ ਤੋਤੇ ਨੇ ਕਿਹਾ।
‘‘ਨਹੀਂ ਭਰਾ ਅਸੀਂ ਝੂਠ ਨਹੀਂ ਬੋਲਦੇ। ਬਿੱਲੀ ਨੇ ਆਪਣੀ ਆਦਤ ਬਦਲ ਲਈ ਹੈ। ਉਹ ਹੁਣ ਗੰਗਾ ਨਹਾ ਕੇ ਆਈ ਐ। ਉਸ ਨੇ ਮਾਸ ਖਾਣਾ ਛੱਡ ਦਿੱਤਾ ਹੈ। ਉਹ ਤਾਂ ਹੁਣ ਘਾਹ ਖਾਂਦੀ ਐ।’’
‘‘ਅੱਛਾ, ਤਾਂ ਹੀ ਨਹੀਂ ਤੁਸੀਂ ਡਰਦੇ।’’
‘‘ਹਾਂ! ਇਸ ਲਈ ਨਹੀਂ ਅਸੀਂ ਡਰਦੇ।’’
ਖਰਗੋਸ਼ ਦੀ ਗੱਲ ਤੋਤੇ ਦੇ ਦਿਮਾਗ਼ ਵਿਚ ਬੈਠ ਗਈ। ਤੋਤਾ ਆਪਣੇ ਸੁਭਾਅ ਅਨੁਸਾਰ ਫ਼ਲਾਂ ਵਾਲੇ ਰੁੱਖ ’ਤੇ ਬੈਠ ਕੇ ਪੱਕੇ ਫ਼ਲ ਖਾਂਦਾ ਅਤੇ ਕੱਚੇ ਤੋੜ ਕੇ ਸੁੱਟ ਦਿੰਦਾ। ਇਕ ਦਿਨ ਤੋਤਾ ਅੰਬ ਦੇ ਰੁੱਖ ਉੱਤੇ ਬੈਠਾ ਸੀ। ਉਸ ਨੇ ਦੇਖਿਆ ਤਾਂ ਰੁੱਖ ਹੇਠ ਬਿੱਲੀ ਸੌਂ ਰਹੀ ਸੀ। ਤੋਤੇ ਨੇ ਪੱਕਾ ਅੰਬ ਤੋੜ ਕੇ ਬਿੱਲੀ ਦੇ ਢਿੱਡ ਉੱਤੇ ਸੁੱਟਿਆ। ਬਿੱਲੀ ਡਰ ਗਈ। ਉਹ ਉੱਠ ਕੇ ਫ਼ਲ ਨੂੰ ਸੁੰਘਣ ਲੱਗੀ। ਉਸ ਨੇ ਤੋਤੇ ਵੱਲ ਮੂੰਹ ਕਰਕੇ ਕਿਹਾ,‘‘ਵੇ ਭਾਈ ਤੋਤਿਆ, ਮੇਰੀ ਤਾਂ ਨਿਗਾ ਕਮਜ਼ੋਰ ਹੋ ਗਈ, ਮੈਨੂੰ ਚੰਗੀ ਤਰ੍ਹਾਂ ਦਿਸਦਾ ਨਹੀਂ ਅਤੇ ਨਾ ਹੀ ਸੁਣਦਾ ਹੈ। ਮੇਰਾ ਤਾਂ ਗਲਾ ਖਰਾਬ ਐ। ਮੈਂ ਅੰਬ ਨਹੀਂ ਚੂਪਦੀ।’’
ਤੋਤੇ ਨੂੰ ਲੱਗਿਆ ਕਿ ਖਰਗੋਸ਼ ਠੀਕ ਹੀ ਕਹਿੰਦੇ ਹਨ। ਉਸ ਨੇ ਸੋਚਿਆ ਕਿ ਜੇਕਰ ਬਿੱਲੀ ਪੱਕਾ ਅੰਬ ਨਹੀਂ ਖਾਂਦੀ ਤਾਂ ਉਸ ਨੂੰ ਖਾ ਲੈਣਾ ਚਾਹੀਦਾ ਹੈ। ਬਿੱਲੀ ਨੂੰ ਦਿਖਦਾ ਵੀ ਨਹੀਂ ਤੇ ਸੁਣਦਾ ਵੀ ਨਹੀਂ। ਉਹ ਉਡਾਰੀ ਮਾਰ ਕੇ ਰੁੱਖ ਤੋਂ ਹੇਠਾਂ ਆ ਗਿਆ। ਜਿਉਂ ਹੀ ਉਹ ਅੰਬ ਚੁੱਕਣ ਲੱਗਾ ਤਾਂ ਬਿੱਲੀ ਨੇ ਝੱਟ ਪੰਜਾ ਮਾਰ ਕੇ ਉਸ ਨੂੰ ਫੜ ਲਿਆ। ਹੁਣ ਪਛਤਾਏ ਤੋਂ ਬਿਨਾਂ ਕੁਝ ਨਹੀਂ ਬਣਦਾ ਸੀ।
ਸੰਪਰਕ: 94178-40323