ਸਾਂਵਲ ਧਾਮੀ
ਅੱਜ ਮੈਂ ਤੁਹਾਨੂੰ ਬੀਬੀ ਗੰਗੋ ਦੀ ਦਰਦ ਕਹਾਣੀ ਸੁਣਾਉਣੀ ਹੈ। ਇਸ ਦਰਦ ਕਹਾਣੀ ਨੂੰ ਸੁਣਨ ਤੋਂ ਪਹਿਲਾਂ ਤੁਹਾਨੂੰ ਬੀਬੀ ਜੀਤ ਕੌਰ ਦੀ ਕਹਾਣੀ ਸੁਣਨੀ ਪਵੇਗੀ ਕਿਉਂਕਿ ਬੀਬੀ ਗੰਗੋ ਦੀ ਦਰਦ ਕਹਾਣੀ ਮੈਂ ਉਸ ਦੇ ਮੂੰਹੋਂ ਸੁਣੀ ਸੀ।
ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਏ। ਮੈਂ ਜ਼ਿਲ੍ਹਾ ਜਲੰਧਰ ਦੇ ਪਿੰਡ ਕਡਿਆਣੇ ਗਿਆ। ਉੱਥੇ ਵੱਸਦੇ ਸੌ ਸਾਲਾ ਕਿਸੇ ਬਜ਼ੁਰਗ ਕੋਲੋਂ ਸੰਤਾਲੀ ਦੇ ਆਰ-ਪਾਰ ਦੀਆ ਗੱਲਾਂ ਸੁਣਨ। ਵੰਡ ਤੋਂ ਪਹਿਲਾਂ ਇੱਥੇ ਨਾਰੂ ਗੋਤ ਦੇ ਮੁਸਲਮਾਨ ਰਾਜਪੂਤ ਵੱਸਦੇ ਸਨ ਤੇ ਕਰੀਬ ਸੌ ਕੁ ਘਰ ਆਦਿ-ਧਰਮੀਆਂ ਦੇ ਸਨ।
ਬਾਬੇ ਕੋਲ ਸੰਤਾਲੀ ਤੋਂ ਪਹਿਲਾਂ ਦੇ ਕੰਡਿਆਣੇ ਦੀਆਂ ਸੈਆਂ ਗੱਲਾਂ ਸਨ। ਉਹਨੇ ਉੱਜੜ ਗਏ ਮੁਸਲਮਾਨਾਂ ਨੂੰ ਯਾਦ ਕਰ ਕੇ ਕਈ ਵਾਰ ਅੱਖਾਂ ਭਰੀਆਂ। ਗੱਲਬਾਤ ਮੁੱਕੀ ਤਾਂ ਉਹ ਕਹਿਣ ਲੱਗਾ- ਆ, ਮੈਂ ਤੈਨੂੰ ਇੱਕ ਓਧਰੋਂ ਆਈ ਬੀਬੀ ਨਾਲ ਮਿਲਾਉਂਦਾ ਹਾਂ। ਉਹ ਮੇਰੇ ਮੂਹਰੇ-ਮੂਹਰੇ ਤੁਰ ਪਿਆ ਤੇ ਮੈਨੂੰ ਬੀਬੀ ਜੀਤ ਕੌਰ ਦੇ ਘਰ ਲੈ ਗਿਆ। ਬੀਬੀ ਜੀਤ ਕੌਰ ਵ੍ਹੀਲ-ਚੇਅਰ ’ਤੇ ਸੀ।
ਮੇਰੀ ਗੁਜਾਰਿਸ਼ ’ਤੇ ਬੀਬੀ ਜੀਤ ਕੌਰ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ, “ਸਾਡੇ ਦਾਦੇ ਹੁਸ਼ਿਆਰਪੁਰ ਦੇ ਪਿੰਡ ਨੌਧ ਸਿੰਘ ਦੇ ਕੋਟਲੇ ਤੋਂ ਉੱਠ ਕੇ ਕੋਟਬਾਰ ਪਿੰਡ ’ਚ ਗਏ ਸਨ। ਨਨਕਾਣਾ ਸਾਹਿਬ ਨੇੜੇ।
ਉੱਥੇ ਸਾਡਾ ਆਦਿ ਧਰਮੀਆਂ ਦਾ ਵੱਖਰਾ ਵਿਹੜਾ ਸੀ। ਵੀਹ ਪੱਚੀ ਘਰ ਹੋਣਗੇ। ਬਾਪੂ ਹੋਰੀਂ ਚਾਰ ਭਰਾ ਸਨ। ਸਾਡਾ ਬਾਪ ਰੁਲੀਆ ਰਾਮ ਸਾਰਿਆਂ ਤੋਂ ਵੱਡਾ ਸੀ। ਉਹਤੋਂ ਛੋਟਾ ਗੰਢੂ ਰਾਮ, ਫਿਰ ਛੋਟਾ ਤੋਖੂ ਰਾਮ ਤੇ ਸਭ ਨਾਲੋਂ ਛੋਟਾ ਸ਼ੇਰੂ ਰਾਮ ਸੀ। ਸਾਰੇ ਵਿਆਹੇ ਵਰ੍ਹੇ ਸਨ। ਘਰ ’ਕੱਠੇ ਸੀ, ਪਰ ਰਹਿੰਦੇ ਵੱਖੋ ਵੱਖ ਸਨ। ਅਸੀਂ ਚਾਰ ਭੈਣਾਂ ਤੇ ਸਾਡਾ ਇੱਕ ਭਾਈ ਸੀ। ਮੈਥੋਂ ਵੱਡੀਆਂ ਏਧਰ ਵਿਆਹੀਆਂ ਹੋਈਆਂ ਸਨ।
ਉਸ ਚੱਕ ਦੀ ਸਭ ਨਾਲੋਂ ਕੌੜੀ ਯਾਦ ਤਾਂ ਏਹੋ ਆ ਕਿ ਉੱਥੇ ਸਾਨੂੰ ਪੜ੍ਹਨ ਨਹੀਂ ਸੀ ਦਿੰਦੇ। ਸਕੂਲ ਪਿੰਡੋਂ ਹਟਵਾਂ ਸੀ। ਮਾਪਿਆਂ ਨੇ ਕਾਇਦੇ ਦੇ ਕੇ ਸਕੂਲ ਤੋਰਨਾ। ਰਾਹ ’ਚ ਬੰਦੇ ਖੜ੍ਹੇ ਹੋਣੇ। ਉਨ੍ਹਾਂ ਸਾਡੇ ਕੋਲੋਂ ਕਾਇਦੇ ਖੋਹ ਕੇ ਪਾੜ ਦੇਣੇ। ਅਸੀਂ ਰੋਂਦੀਆਂ-ਰੋਂਦੀਆਂ ਨੇ ਘਰ ਮੁੜ ਆਉਣਾ। ਘਰ ਆ ਕੇ ਬਾਪੂ ਨੂੰ ਦੱਸਣਾ। ਉਦੋਂ ਗ਼ਰੀਬਾਂ ਦੀ ਪੁੱਗਦੀ ਨਹੀਂ ਸੀ ਹੁੰਦੀ। ਬਾਪੂ ਨੇ ਚੁੱਪ ਕਰ ਜਾਣਾ। ਜੇ ਇਹ ਵਿਤਕਰੇ ਨਾ ਹੁੰਦੇ, ਥੋੜ੍ਹਾ ਬਹੁਤ ਮੈਂ ਵੀ ਪੜ੍ਹ ਲੈਣਾ ਸੀ…।” ਬੀਬੀ ਜੀਤ ਕੌਰ ਨੇ ਠੰਢਾ ਹਉਕਾ ਭਰਿਆ।
“…ਬਾਪੂ ਮੇਰਾ ਖੱਡੀ ਬੁਣਦਾ ਸੀ…।” ਛਿਣ ਕੁ ਚੁੱਪ ਰਹਿਣ ਮਗਰੋਂ ਉਹ ਅਗਾਂਹ ਬੋਲੀ।
“…ਤੋਖੂ ਚਾਚੇ ਨੇ ਪਸ਼ੂ ਰੱਖੇ ਹੋਏ ਸਨ। ਬਾਕੀ ਅੱਧ ’ਤੇ ਖੇਤੀ ਕਰਦੇ ਸਨ। ਉੱਥੇ ਮੁਸਲਮਾਨ ਬਹੁਤ ਸਨ। ਉਨ੍ਹਾਂ ਈਦ ਮਨਾਉਣੀ। ਅਸੀਂ ਨਿੱਕੀਆਂ-ਨਿੱਕੀਆਂ ਨੇ ਈਦ ਮੰਗਣ ਜਾਣਾ। ਤਕੀਏ ਉੱਤੇ ਸਾਲ ਮਗਰੋਂ ਪੰਜ ਛੇ ਦਿਨ ਮੇਲਾ ਲੱਗਣਾ। ਉਨ੍ਹਾਂ ਨੱਚਣ ਲਈ ਕੰਜਰੀਆਂ ਸੱਦਣੀਆਂ। ਉਨ੍ਹਾਂ ਦੇ ਦੋ ਗੁੱਤਾਂ ਕੀਤੀਆਂ ਹੋਣੀਆਂ। ਅਸੀਂ ਵੱਡੀਆਂ ਕੁੜੀਆਂ ਦੇ ਮਗਰ ਪੈ ਜਾਣਾ ਕਿ ਅਸੀਂ ਉਨ੍ਹਾਂ ਦੀਆਂ ਦੋ ਗੁੱਤਾਂ ਦੇਖਣ ਜਾਣਾ। ਉੱਥੇ ਗ਼ਰੀਬਾਂ ਦੇ ਗੁਜ਼ਾਰੇ ਵੀ ਚੰਗੇ ਸਨ। ਪਿੰਡ ਦੇ ਮੁਸਲਮਾਨ ਵੀ, ਗ਼ਰੀਬਾਂ ਦਾ ਬਹੁਤ ਖ਼ਿਆਲ ਰੱਖਦੇ ਸਨ।” ਉਹਦੇ ਚਿਹਰੇ ’ਤੇ ਥੋੜ੍ਹਾ ਸਕੂਨ ਆਇਆ।
“ਉਜਾੜਿਆਂ ਵੇਲੇ ਕੀ ਹੋਇਆ?” ਮੈਂ ਅਗਾਂਹ ਪੁੱਛਿਆ।
“ਉਦੋਂ ਦੀਆਂ ਤਾਂ ਤੂੰ ਨਾ ਹੀ ਪੁੱਛੇ ਤਾਂ ਚੰਗਾ। ਰੌਲੇ ਪੈਣੇ ਸ਼ੁਰੂ ਹੋ ਗਏ। ਮਾਹੌਲ ਵਿਗੜ ਗਿਆ। ਮੁਸਲਮਾਨਾਂ ਆਖਿਆ- ਜੇ ਤੁਸੀਂ ਨਾ ਉੱਠੇ ਤਾਂ ਤੁਹਾਡੇ ਜੀਆਂ ਦਾ ਨੁਕਸਾਨ ਹੋ ਜਾਣਾ। ਸਾਡੇ ਬਜ਼ੁਰਗ, ਮਸੀਂ ਬਣਾਏ ਘਰਾਂ ਤੇ ਮੱਝਾਂ-ਗਾਵਾਂ ਦੀਆਂ ਗੱਲਾਂ ਕਰਨ ਲੱਗ ਪਏ। ਸਭ ਨਾਲੋਂ ਵੱਧ ਅੜੀ ਚਾਚੇ ਤੋਖੇ ਨੇ ਕੀਤੀ ਸੀ। ਮੁੜ-ਮੁੜ ਇੱਕੋ ਗੱਲ ਕਰੀ ਜਾਵੇ ‘ਲਲਾਰੀ ਦਾ ਮੱਟ ਵਿਗੜ ਗਿਆ ਏ।’
ਇੱਕ ਦਿਨ ਬਰਾਦਰੀ ਦੇ ਸਾਰੇ ਬੰਦੇ ਬਾਪੂ ਕੋਲੋਂ ਪੁੱਛਣ ਲੱਗੇ-ਰੁਲੀਆ ਰਾਮ, ਹੁਣ ਕਿੱਦਾਂ ਕਰੀਏ? ਜੇ ਬਾਹਰੋਂ ਹਮਲਾ ਹੋਇਆ ਤਾਂ ਉਨ੍ਹਾਂ ਸਾਡੇ ਬੱਚੇ ਵੀ ਮਾਰ ਦੇਣੇ ਨੇ। ਆਖ਼ਰ ਬਾਪੂ ਪਿੰਡ ਛੱਡਣ ਲਈ ਮੰਨ ਗਿਆ। ਘਰੋਂ ਅਸੀਂ ਕੱਖ ਨਹੀਂ ਚੁੱਕਿਆ। ਓਦਾਂ ਈ ਰੋ-ਰੋ ਮੱਝਾਂ ਛੱਡ ਦਿੱਤੀਆਂ। ਓਦਾਂ ਈ ਰੋ-ਰੋ ਘਰ ਬਾਰ ਛੱਡ ਦਿੱਤੇ। ਮਾਪਿਆਂ ਨੇ ਮੈਨੂੰ ਤੇ ਮੇਰੇ ਭਰਾ ਨੂੰ ਮੂਹਰੇ-ਮੂਹਰੇ ਤੋਰ ਲਿਆ। ਤੁਰਨ ਵੇਲੇ ਤੋਖੂ ਚਾਚਾ ਫਿਰ ਅੜ ਗਿਆ। ਉਹੀ ਗੱਲ-ਲਲਾਰੀ ਦਾ ਮੱਟ ਵਿਗੜ ਗਿਆ ਏ।
ਉਹ ਪਿੰਡੋਂ ਨਾ ਤੁਰਿਆ। ਅਸੀਂ ਸਾਰੇ ਨਨਕਾਣੇ ਸਾਹਿਬ ਆ ਗਏ। ਉੱਥੇ ਕੈਂਪ ਲੱਗਾ ਹੋਇਆ ਸੀ। ਸਾਥੋਂ ਮਗਰੋਂ ਵੀ ਚਾਚੇ ਨੂੰ ਪਿੰਡ ਦੇ ਮੁਸਲਮਾਨਾਂ ਨੇ ਸਮਝਾਉਣਾ-ਤੋਖੂ ਰਾਮਾ, ਤੇਰੇ ਭਰਾ ਦੂਰ ਨਹੀਂ ਗਏ। ਤੂੰ ਉੱਠ ਖੜ੍ਹਾ ਹੋ। ਉੱਥੇ ਤੇਰੇ ਭਰਾ, ਤੇਰੀਆਂ ਭਰਜਾਈਆਂ, ਤੇਰੀ ਪਤਨੀ, ਤੇਰੇ ਬੱਚੇ ਆ। ਤੂੰ ਵੀ ਚਲਾ ਜਾਹ।
ਅੱਗੋਂ ਚਾਚੇ ਦੀ ਫਿਰ ਉਹੀ ਗੱਲ ਕਿ ਲਲਾਰੀ ਦਾ ਮੱਟ ਵਿਗੜ ਗਿਆ ਏ।
ਮੂਹਰਿਓਂ ਪਿੰਡ ਦਾ ਚੌਧਰੀ ਬੋਲਿਆ-ਤੋਖੂ ਰਾਮਾ, ਜੇ ਲਲਾਰੀ ਦਾ ਮੱਟ ਵਿਗੜ ਗਿਆ ਤਾਂ ਤੇਰੇ ’ਕੱਲੇ ਲਈ ਥੋੜ੍ਹੋ ਵਿਗੜਿਆ। ਇਹ ਤਾਂ ਸਾਰਿਆਂ ਲਈ ਵਿਗੜ ਗਿਆ ਏ। ਤੂੰ ਉੱਠ ਖੜ੍ਹਾ ਹੋ। ਵੱਢ ਵਢਾਂਗੇ ਸ਼ੁਰੂ ਹੋ ਗਏ ਨੇ। ਅਸੀਂ ਤਾਂ ਤੈਨੂੰ ਰੱਖ ਲਵਾਂਗੇ, ਪਰ ਜੇ ਬਾਹਰਲੇ ਆ ਗਏ ਤਾਂ ਭੀੜ ਮੂਹਰੇ ਸਾਡਾ ਕੋਈ ਜ਼ੋਰ ਨਹੀਂ ਚੱਲਣਾ।
ਦੋ ਦਿਨਾਂ ਬਾਅਦ ਉਹਨੂੰ ਰੋਂਦੇ-ਵਿਲਕਦੇ ਨੂੰ ਪਿੰਡ ਦੇ ਮੁਸਲਮਾਨ ਨਨਕਾਣਾ ਸਾਹਿਬ ਛੱਡ ਗਏ। ਉੱਥੇ ਵੀ ਉਹ ਘਰ ਤੇ ਡੰਗਰਾਂ ਨੂੰ ਯਾਦ ਕਰ ਕੇ ਰੋਈ ਗਿਆ। ਮੇਰੇ ਬਾਪੂ ਨੇ ਉਹਨੂੰ ਬੁੱਕਲ ’ਚ ਲੈ ਕੇ ਆਖਿਆ ਸੀ- ਦੇਖ ਤਾਂ ਕਿੰਨੀ ਦੁਨੀਆ ’ਕੱਠੀ ਹੋਈ ਪਈ ਆ। ਇਹ ਵੀ ਤਾਂ ਘਰ ਬਾਰ ਛੱਡ ਕੇ ਆਏ ਨੇ। ਕਈ ਤਾਂ ਕੱਲ੍ਹ ਤੱਕ ਮੁਰੱਬਿਆਂ ਦੇ ਮਾਲਕ ਸਨ ਤੇ ਅੱਜ…!
ਮਹੀਨਾ ਭਰ ਅਸੀਂ ਨਨਕਾਣਾ ਸਾਹਿਬ ਰਹੇ। ਉੱਥੋਂ ਤੁਰਨ ਲੱਗਿਆਂ ਸਾਡੇ ਸਾਰੇ ਚਾਚੇ ਸਾਥੋਂ ਵਿੱਛੜ ਗਏ।
ਇੱਧਰ ਹੁਸ਼ਿਆਰਪੁਰ ਦੇ ਪਿੰਡ ਪਿਆਲਾਂ ’ਚ ਮੇਰੀ ਭੂਆ ਹੁੰਦੀ ਸੀ। ਤੋਖੀ ਚਾਚਾ ਸਾਥੋਂ ਪਹਿਲਾਂ ਇੱਥੇ ਆ ਗਿਆ। ਕੁਝ ਦਿਨਾਂ ਬਾਅਦ ਅਸੀਂ ਵੀ ਨਸਰਾਲੇ ਵਾਲੇ ਟੇਸ਼ਣ ’ਤੇ ਉੱਤਰ ਕੇ ਪਿਆਲਾ ਪਹੁੰਚੇ। ਚਾਚਾ ਤੋਖੀ ਤਾਂ ਸੁੱਕ ਕੇ ਕਾਨਾ ਹੋ ਗਿਆ ਸੀ। ਬਸ ਰੋਈ ਜਾਂਦਾ ਸੀ। ਵੀਹ ਕੁ ਦਿਨਾਂ ਬਾਅਦ ਤੋਖੀ ਚਾਚਾ ਮੁੱਕ ਗਿਆ। ਉਹਤੋਂ ਪੱਚੀ ਦਿਨਾਂ ਬਾਅਦ ਸਾਡਾ ਬਾਪੂ ਵੀ ਪੂਰਾ ਹੋ ਗਿਆ। ਅਸੀਂ ਭੈਣ ਭਰਾ ਛੋਟੇ-ਛੋਟੇ ਸੀ। ਸਾਡੀ ਮਾਂ ਰੋਵੇ ਕਿ ਆਪਣੇ ਬੱਚੇ ਲੈ ਕੇ ਮੈਂ ਹੁਣ ਕਿੱਥੇ ਜਾਵਾਂ? ਅਸੀਂ ਉਸ ਪਾਰ ਦੇ ਰਹੇ, ਨਾ ਇਸ ਪਾਰ ਦੇ। ਇਹਦੇ ਨਾਲੋਂ ਤਾਂ ’ਕੱਠਿਆਂ ਨੂੰ ਉੱਥੇ ਈ ਮਾਰ ਦਿੰਦੇ ਤਾਂ ਚੰਗਾ ਸੀ।
ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਜੱਦੀ ਪਿੰਡ ਨੌਧ ਸਿੰਘ ਦੇ ਕੋਟਲੇ ਜਾਣ ਦਾ ਫ਼ੈਸਲਾ ਕਰ ਲਿਆ। ਇੱਕ ਸਵੇਰ ਉਹਨੇ ਰਜਾਈ ਦੀ ਗੱਠੜੀ ਜਿਹੀ ਬੰਨ੍ਹ ਕੇ ਸਿਰ ਉੱਤੇ ਰੱਖ ਲਈ ਤੇ ਸਾਨੂੰ ਮੂਹਰੇ-ਮੂਹਰੇ ਤੋਰ ਲਿਆ।
ਅਸੀਂ ‘ਆਪਣੇ’ ਪਿੰਡ ਆ ਗਏ। ਇੱਥੇ ਨਿੱਕਾ ਜਿਹਾ ਸਾਡਾ ਪੁਰਾਣਾ ਕੋਠਾ ਹਾਲੇ ਬਚਦਾ ਸੀ। ਮਾਂ ਸਾਨੂੰ ਲੈ ਕੇ ਉੱਥੇ ਬਹਿ ਗਈ। ਫਿਰ ਮਾਂ ਕਹਿੰਦੀ-ਹੁਣ ਅਸੀਂ ਮਜ਼ਦੂਰੀ ਕਿਹੜੀ ਕਰੀਏ? ਇੱਕ ਭੈਣ ਨੇ ਸਾਨੂੰ ਚੱਕੀ ਦੇ ਦਿੱਤੀ। ਕਿਸੇ ਨੇ ਪਤੀਲਾ ਦੇ ਦਿੱਤਾ। ਕਿਸੇ ਨੇ ਪਰਾਤ ਤੇ ਕਿਸੇ ਨੇ ਕੌਲੀ ਦੇ ਦਿੱਤੀ। ਨਾਨਕਿਆਂ ਨੇ ਵੀ ਥੋੜ੍ਹੀ ਬਹੁਤ ਮਦਦ ਕਰ ਦਿੱਤੀ।
ਸਾਡੇ ਪਿੰਡ ਦੇ ਕੁਝ ਲੋਕ ਸਿਲਕ ਬੁਣਦੇ ਸੀ। ਮੇਰੇ ਭਰਾ ਨੇ ਉਨ੍ਹਾਂ ਕੋਲ ਬਹਿ ਜਾਣਾ। ਦੇਖਦੇ ਰਹਿਣਾ। ਇੱਕ ਦਿਨ ਕਿਸੇ ਬਜ਼ੁਰਗ ਨੇ ਉਹਨੂੰ ਆਖਿਆ-ਰਤਨ, ਆ ਤੂੰ ਵੀ ਰੋਟੀ ਕਮਾ। ਫਿਰ ਉਹ ਵੀ ਸਿਲਕ ਬੁਣਨ ਲੱਗ ਪਿਆ। ਬੁੜੀਆਂ ਨੇ ਸਿਲਕ ਦੀਆਂ ਰੀਲ੍ਹਾਂ ਵੱਟਣੀਆਂ। ਬਾਰਾਂ ਆਨੇ ਮਿਲਦੇ ਸੀ, ਇੱਕ ਕਿਲੋ ਦੇ। ਉਨ੍ਹਾਂ ਮੈਨੂੰ ਵੀ ਕੋਲ ਬਿਠਾ ਲੈਣਾ। ਕਹਿਣਾ- ਆ ਜਾ, ਤੂੰ ਕੁਝ ਕਮਾ ਲੈ। ਰੋਜ਼ ਦੀਆਂ ਕਿਲੋ ਕੁ ਰੀਲ੍ਹਾਂ ਮੈਂ ਵੀ ਵੱਟਣ ਲੱਗ ਪਈ।
ਸਾਡਾ ਗੁਜ਼ਾਰਾ ਰਿੜ ਪਿਆ। ਮੈਂ ਬਾਰ ’ਚ ਹੀ ਮੰਗੀ ਹੋਈ ਸੀ। ਇਹ ਇਸੀ ਪਿੰਡ ਕੰਡਿਆਣੇ ਤੋਂ ਓਧਰ ਗਏ ਸੀ। ਓਧਰ ਇਨ੍ਹਾਂ ਦਾ ਜੜ੍ਹਾਂਵਾਲੇ ਕੋਲ ਚੁਤਾਲੀ ਚੱਕ ਸੀ। ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੈਂ ਜਿਹਦੇ ਨਾਲ ਮੰਗੀ ਹੋਈ ਸਾਂ ਉਹ ਮੁੰਡਾ ਏਧਰ ਆ ਗਿਆ ਏ। ਉਹਨੇ ਮਾਮੇ ਨੂੰ ਦੱਸਿਆ। ਮਾਮੇ ਨੇ ਪੁੱਛਿਆ-ਵਿਹਾਰ ਕਰ ਦਈਏ? ਮਾਂ ਬੋਲੀ-ਕਰ ਦਿਓ, ਮੇਰੇ ਕੋਲ ਤਾਂ ਕੋਈ ਪੁੱਜਤ ਨਹੀਂ। ਅਸੀਂ ਉੱਜੜਿਆਂ ਨੇ ਕੀ ਸ਼ਾਦੀਆਂ ਕਰਨੀਆਂ ਸੀ। ਕੰਡਿਆਣੇ ਤੋਂ ਗੱਡਿਆਂ ’ਤੇ ਬਰਾਤ ਗਈ ਤੇ ਮੈਨੂੰ ਵਿਆਹ ਕੇ ਲੈ ਆਈ।
ਮੇਰੇ ਸਹੁਰੇ ਪੰਜ ਭਰਾ ਸਨ। ਓਧਰ ਉਨ੍ਹਾਂ ਦੀ ਭੈਣ ਗੰਗੋ ਵੀ ਚੁਤਾਲੀ ਚੱਕ ’ਚ ਹੀ ਰਹਿੰਦੀ ਸੀ। ਗੰਗੋ ਭੂਆ ਦੇ ਸੱਤ ਪੁੱਤਰ ਸਨ। ਇਹ ਸਾਰੇ ਆਪਣੇ ਪਿੰਡੋਂ ਉੱਠ ਕੇ ਜੜ੍ਹਾਂਵਾਲੇ ਕੈਂਪ ’ਚ ਆ ਗਏ। ਉੱਥੇ ਇਨ੍ਹਾਂ ’ਤੇ ਹਮਲਾ ਹੋ ਗਿਆ। ਬਹੁਤ ਵੱਢ ਵਢਾਂਗਾ ਹੋਇਆ। ਮੇਰੇ ਸਹੁਰੇ ਸਮੇਤ, ਪੰਜ ਭਰਾਵਾਂ ’ਚੋਂ ਚਾਰ ਉੱਥੇ ਹੀ ਕਤਲ ਹੋ ਗਏ। ਮੇਰੀ ਸੱਸ ਨੇ ਦੱਸਿਆ ਸੀ ਕਿ ਖੋਖੇ ’ਚ ਉਹਦੇ ਪੁੱਤਰਾਂ ਉੱਪਰ ਰਜਾਈਆਂ ਸੁੱਟ ਕੇ ਅੱਗ ਲਗਾ ਗਏ ਸੀ। ਹਮਲਾਵਰ ਆਸੇ ਪਾਸੇ ਹੋਏ ਤਾਂ ਮੇਰੀ ਸੱਸ ਨੇ ਆਪਣੇ ਪੁੱਤ ਅੱਗ ’ਚੋਂ ਕੱਢ ਲਏ ਸੀ। ਮੇਰੀ ਸੱਸ ਦੇ ਸਿਰ ਤੇ ਹੱਥ ’ਤੇ ਵੀ ਤਲਵਾਰਾਂ ਦੇ ਨਿਸ਼ਾਨ ਸਨ।
ਮੇਰੇ ਸਹੁਰੇ ਦਾ ਇੱਕ ਭਰਾ ਜਿਹੜਾ ਬਚ ਗਿਆ ਸੀ ਕਿ ਉਹ ਭੈਣ ਗੰਗੋ ਨੂੰ ਵੀ ਇੱਥੇ ਕੰਡਿਆਣੇ ਲੈ ਆਇਆ। ਅਸੀਂ ਉਹਨੂੰ ਗੰਗੋ ਭੂਆ ਕਹਿੰਦੇ ਸੀ। ਗੰਗੋ ਭੂਆ ਦੇ ਸੱਤਾਂ ਪੁੱਤਰਾਂ ’ਚੋਂ ਛੇ ਜੜ੍ਹਾਂਵਾਲੇ ਮਾਰੇ ਗਏ ਸਨ। ਇੱਕ ਇੱਧਰ ਆ ਕੇ ਬਿਮਾਰ ਹੋ ਕੇ ਮੁੱਕ ਗਿਆ ਸੀ। ਉਹਦੇ ਪਤੀ ਕੋਲੋਂ ਇਹ ਹਾਦਸਾ ਝੱਲਿਆ ਨਹੀਂ ਸੀ ਗਿਆ। ਭੂਆ ਨੇ ਬਥੇਰੇ ਵਾਸਤੇ ਪਾਏ ਕਿ ਕੁਝ ਹੌਸਲਾ ਕਰ, ਪਰ ਉਹ ਸਦਮੇ ’ਚੋਂ ਬਾਹਰ ਨਾ ਆਇਆ। ਛੇਤੀ ਉਹ ਵੀ ਮੁੱਕ ਗਿਆ। ਗੰਗੋ ਭੂਆ ਸੌ ਸਾਲ ਦੀ ਹੋ ਕੇ ਮਰੀ। ਉਹਦੇ ਅੰਦਰ ਗ਼ਮ ਦੀਆਂ ਗੰਢਾਂ ਬੱਝ ਗਈਆਂ ਸਨ।” ਗੱਲ ਮੁਕਾ ਬੀਬੀ ਜੀਤ ਕੌਰ ਚੁੱਪ ਹੋ ਗਈ।
“ਆਪਣੇ ਪੁੱਤਰਾਂ ਨੂੰ ਯਾਦ ਕਰ ਕੇ ਕਦੇ-ਕਦੇ ਉਹ ਰੋਂਦੀ ਵੀ ਹੁੰਦੀ ਸੀ?” ਮੈਂ ਪੁੱਛਿਆ।
“ਕਿਤੇ ਲੁਕ ਕੇ ਰੋ ਲੈਂਦੀ ਹੋਊਗੀ, ਪਰ ਸਾਹਮਣੇ ਕਦੇ ਨਹੀਂ ਰੋਈ। ਮੇਰੇ ਬੱਚਿਆਂ ਨੂੰ ਉਹਨੇ ਬੜਾ ਪਿਆਰ ਕੀਤਾ। ਮਰਨ ਤੋਂ ਦੋ ਦਿਨ ਪਹਿਲਾਂ ਮੈਨੂੰ ਕਹਿਣ ਲੱਗੀ-ਜੀਤ ਕੁਰੇ, ਸੱਤ ਪੁੱਤ, ਚਾਰ ਭਰਾ ਤੇ ਘਰਵਾਲਾ; ਪੂਰੇ ਦਰਜਨ ਰਿਸ਼ਤੇ ਤੋਰ ਕੇ ਮੈਂ ਸੱਠ ਵਰ੍ਹੇ ਜਿਊਂਦੀ ਰਹੀ। ਦੇਖ ਲੈ, ਕਿੰਨੀ ਢੀਠ ਨਿਕਲੀ ਮੈਂ ਵੀ! ਮੇਰੇ ਪੁੱਤ ਵੀ ਕਹਿੰਦੇ ਹੋਣੇ ਆਂ ਕਿ ਸਾਨੂੰ ਤੋਰ ਕੇ ਸਾਡੀ ਬੀਬੀ ਪਤਾ ਨਹੀਂ ਕਿੱਥੇ ਰਹਿ ਗਈ। ਹੁਣ ਅੱਗੇ ਜਾ ਕੇ ਮੈਨੂੰ ਉਨ੍ਹਾਂ ਦੀਆਂ ਗੱਲਾਂ ਤਾਂ ਸੁਣਨੀਆਂ ਈ ਪੈਣੀਆਂ। ਉਂਜ ਬਹਾਨਾ ਤਾਂ ਸੋਚ ਲਿਆ ਆ ਮੈਂ। ਮੈਂ ਪੁੱਛਿਆ- ਬਹਾਨਾ ਕੀ ਸੋਚਿਆ ਭੂਆ? ਮੂਹਰਿਓਂ ਭੂਆ ਦਰਦੀਲਾ ਜਿਹਾ ਹੱਸ ਕੇ ਬੋਲੀ-ਕਹਿ ਦਿਆਂਗੀ ਕਿ ਮੈਂ ਜ਼ਿੱਦ ਪਾਲਣ ਲੱਗ ਪਈ ਸਾਂ। ਜਿਉਣ ਦੀ ਜ਼ਿੱਦ। ਕਾਤਲਾਂ ਨੂੰ ਜੀ ਕੇ ਦਿਖਾਉਣਾ ਸੀ।”
ਗੱਲ ਮੁਕਾਉਂਦਿਆਂ ਬੀਬੀ ਜੀਤ ਕੌਰ ਦਾ ਗੱਚ ਭਰ ਆਇਆ।
ਸੰਪਰਕ: 97818-43444