ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ 19 ਸਾਲਾ ਨੌਜਵਾਨ ਦੀ ਜਾਨ ਬਚਾਈ। ਬੀਤੇ ਦਿਨੀਂ ਪੰਜਾਬ ਦੇ ਮੋਗਾ ਸ਼ਹਿਰ ਵਿਚ ਪੁਲੀ ’ਤੇ ਹੋਏ ਹਾਦਸੇ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ। ਇਸ ਹਾਦਸੇ ਦੌਰਾਨ ਸੋਨੂ ਸੂਦ ਵੀ ਉਥੋਂ ਲੰਘ ਰਿਹਾ ਸੀ। ਅਦਾਕਾਰ ਨੇ ਦੇਖਿਆ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿਚ ਨੌਜਵਾਨ ਫਸਿਆ ਹੋਇਆ ਸੀ। ਉਸ ਨੇ ਨੌਜਵਾਨ ਨੂੰ ਨੁਕਸਾਨੀ ਗਈ ਕਾਰ ਤੋਂ ਬਾਹਰ ਕੱਢਿਆ। ਇਸ ਹਾਦਸੇ ਕਾਰਨ ਨੌਜਵਾਨ ਬੇਹੋਸ਼ ਹੋ ਗਿਆ ਸੀ। ਨੌਜਵਾਨ ਨੂੰ ਕੱਢਣ ਲਈ ਥੋੜ੍ਹਾ ਸਮਾਂ ਲੱਗ ਗਿਆ ਕਿਉਂਕਿ ਕਾਰ ਦਾ ਸੈਂਟਰਲ ਲਾਕ ਲੱਗਿਆ ਹੋਇਆ ਸੀ। ਅਦਾਕਾਰ ਨੇ ਪੀੜਤ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀ ਨੌਜਵਾਨ ਨੂੰ ਸਮੇਂ ਸਿਰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਜਿਸ ਸਦਕਾ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਚ ਕੋਵਿਡ-19 ਮਹਾਮਾਰੀ ਦੇ ਦੂਜੇ ਗੇੜ ਦੌਰਾਨ ਅਦਾਕਾਰ ਨੇ ਵੱਡੇ ਪੱਧਰ ’ਤੇ ਸੇਵਾ ਨਿਭਾਈ ਸੀ। -ਆਈਏਐਨਐਸ