ਅੰਗਰੇਜ ਸਿੰਘ ਵਿਰਦੀ
ਪੰਜਾਬ ਦੀ ਪ੍ਰਸਿੱਧ ਲੋਕ ਦਾਸਤਾਨ ‘ਸੋਹਣੀ ਮਹੀਂਵਾਲ’ ਨੂੰ ਪੰਜਾਬੀ ਸਾਹਿਤ ਵਿਚ ਉੱਚਾ ਮੁਕਾਮ ਹਾਸਲ ਹੈ। ਬਹੁਤ ਸਾਰੇ ਪੰਜਾਬੀ ਕਿੱਸਾਕਾਰਾਂ ਨੇ ਸੋਹਣੀ ਮਹੀਂਵਾਲ ਦੀ ਪ੍ਰੀਤ ਗਾਥਾ ਨੂੰ ਆਪਣੀ ਵਿਲੱਖਣ ਸ਼ੈਲੀ ਵਿਚ ਕਲਮਬੱਧ ਕੀਤਾ ਜਿਨ੍ਹਾਂ ਵਿਚ ਹਾਫਿਜ਼ ਬਰਖੁਰਦਾਰ, ਹਾਸ਼ਮ ਸ਼ਾਹ, ਅਹਿਮਦ ਯਾਰ, ਮੀਆਂ ਮੁਹੰਮਦ ਬਖ਼ਸ਼ ਅਤੇ ਫ਼ਜ਼ਲ ਸ਼ਾਹ ਸ਼ਾਮਲ ਹਨ। ਸੋਹਣੀ ਅਤੇ ਮਿਰਜ਼ਾ ਇੱਜ਼ਤ ਬੇਗ਼ (ਮਹੀਂਵਾਲ) ਦੇ ਇਸ਼ਕ ਦੀ ਦਾਸਤਾਨ ਨੂੰ ਇਨ੍ਹਾਂ ਕਿੱਸਾਕਾਰਾਂ ਨੇ ਬੇਹੱਦ ਮਕਬੂਲੀਅਤ ਦਿਵਾਈ ਤੇ ਇਨ੍ਹਾਂ ਕਿੱਸਾਕਾਰਾਂ ਦੀ ਬਦੌਲਤ ਹੀ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਸਾਹਿਤ ਵਿਚ ਹੀਰ ਰਾਂਝਾ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾਂ ਦੀਆਂ ਪ੍ਰੀਤ ਗਾਥਾਵਾਂ ਦੀ ਤਰ੍ਹਾਂ ਹੀ ਉੱਚਾ ਮੁਕਾਮ ਹਾਸਲ ਹੋਇਆ।
ਮੰਨਿਆ ਜਾਂਦਾ ਹੈ ਕਿ ਸੋਹਣੀ ਮਹੀਂਵਾਲ ਦੀ ਸੱਚੀ ਸੁੱਚੀ ਪ੍ਰੀਤ ਸ਼ਹਿਰ ਗੁਜਰਾਤ (ਲਹਿੰਦੇ ਪੰਜਾਬ) ਵਿਚ ਝਨਾਂ ਦਰਿਆ ਦੇ ਕੰਢੇ ਪਰਵਾਨ ਚੜ੍ਹੀ। ਮਿੱਟੀ ਦੇ ਭਾਂਡੇ ਤੇ ਸੁਰਾਹੀਆਂ ਬਣਾਉਣ ਵਾਲੇ ਤੁੱਲੇ ਘੁਮਿਆਰ ਦੀ ਧੀ ਸੋਹਣੀ ਅਤੇ ਬਲਖ਼ ਬੁਖਾਰੇ ਦੇ ਸ਼ਹਿਜ਼ਾਦੇ ਮਿਰਜ਼ਾ ਇੱਜ਼ਤ ਬੇਗ਼ (ਮਹੀਂਵਾਲ) ਦੀ ਇਸ਼ਕ ਦੀ ਦਾਸਤਾਨ ਝਨਾਂ ਦੇ ਕੰਢੇ ਤੋਂ ਸ਼ੁਰੂ ਹੋ ਕੇ ਅਖੀਰ ਦੋਵਾਂ ਦੇ ਝਨਾਂ ਵਿਚ ਡੁੱਬਣ ਨਾਲ ਹੀ ਖ਼ਤਮ ਹੁੰਦੀ ਹੈ। ਬਲਖ਼ ਬੁਖਾਰੇ ਦੇ ਸ਼ਹਿਜਾਦੇ ਤੋਂ ਲੈ ਕੇ ਝਨਾਂ ਦੇ ਪਰਲੇ ਪਾਰ ਕੁੱਲੀ ਪਾਈ ਬੈਠੇ ਮਹੀਂਵਾਲ ਦੇ ਦੁੱਖ ਦਰਦ ਅਤੇ ਸੋਹਣੀ ਦੇ ਦਿਲ ਵਿਚ ਮਹੀਂਵਾਲ ਦੀ ਪਾਕ ਮੁਹੱਬਤ ਤੇ ਤੜਪ ਦੀ ਪ੍ਰੀਤ ਕਹਾਣੀ ਨੂੰ ਪੰਜਾਬੀਆਂ ਨੇ ਸਦਾ ਲਈ ਆਪਣੇ ਦਿਲ ਵਿਚ ਵਸਾ ਲਿਆ।
ਸੋਹਣੀ ਮਹੀਂਵਾਲ ਦੇ ਇਸ਼ਕ ਦੀ ਦਾਸਤਾਨ ’ਤੇ ਰਚਿਤ ਇਨ੍ਹਾਂ ਕਿੱਸਿਆਂ ਦੀ ਖ਼ੂਬਸੂਰਤੀ ਨੂੰ ਦੇਖ ਕੇ ਭਾਰਤੀ ਫ਼ਿਲਮਸਾਜ਼ਾਂ ਨੇ ਇਸ ਨੂੰ ਫ਼ਿਲਮੀ ਪਰਦੇ ’ਤੇ ਲੈ ਕੇ ਆਉਣ ਦਾ ਫ਼ੈਸਲਾ ਕੀਤਾ। ਜੇਕਰ ਭਾਰਤੀ ਫ਼ਿਲਮੀ ਇਤਿਹਾਸ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ’ਤੇ ਸਭ ਤੋਂ ਪਹਿਲੀ ਫ਼ਿਲਮ 1933 ਵਿਚ ਬਣਾਈ ਗਈ ਸੀ। ਸ਼ਾਰਦਾ ਮੂਵੀਟੋਨ ਦੇ ਬੈਨਰ ਹੇਠ ਬਣੀ ਹਿੰਦੀ ਫ਼ਿਲਮ ‘ਸੋਹਣੀ ਮਹੀਂਵਾਲ’ ਦੇ ਨਿਰਦੇਸ਼ਕ ਸਨ ਹਰਸ਼ਦ ਰਾਏ ਮਹਿਤਾ ਅਤੇ ਇਸ ਫ਼ਿਲਮ ਦੇ ਸਿਤਾਰੇ ਸਨ ਗੌਹਰ ਕਰਨਾਟਕੀ, ਬਾਬੂ ਰਾਏ ਆਪਟੇ, ਚੌਂਕਰ, ਸ਼ਿਵ ਰਾਣੀ ਗੋਂਸ਼ ਅਤੇ ਨਿਜ਼ਾਮ। ਇਸ ਫ਼ਿਲਮ ਦੇ ਸੰਗੀਤਕਾਰ ਅਤੇ ਗੀਤਕਾਰ ਸਨ ਮੁੰਸ਼ੀ ਆਸਿਫ਼।
ਇਹ ਫ਼ਿਲਮ ਆਉਣ ਤੋਂ ਬਾਅਦ ਅਗਲੇ ਕੁਝ ਸਾਲਾਂ ਵਿਚ ਹੋਰ ਬਹੁਤ ਸਾਰੀਆਂ ਫ਼ਿਲਮਾਂ ਸੋਹਣੀ ਮਹੀਂਵਾਲ ਦੀ ਪ੍ਰੀਤ ਗਾਥਾ ’ਤੇ ਬਣੀਆਂ ਜਿਨ੍ਹਾਂ ਵਿਚ 1939 ਵਿਚ ਬਣੀ ਪੰਜਾਬੀ ਫ਼ਿਲਮ ‘ਸੋਹਣੀ ਕੁਮ੍ਹਾਰਨ’ ਦਾ ਵੀ ਜ਼ਿਕਰ ਆਉਂਦਾ ਹੈ। ਇਸ ਫ਼ਿਲਮ ਵਿਚ ਸੋਹਣੀ ਦਾ ਕਿਰਦਾਰ ਅਦਾਕਾਰਾ ਮੁਮਤਾਜ਼ ਸ਼ਾਂਤੀ ਅਤੇ ਮਹੀਂਵਾਲ ਦਾ ਕਿਰਦਾਰ ਅਦਾਕਾਰ ਮੁਬਾਰਕ ਅਲੀ ਖਾਨ ਨੇ ਅਦਾ ਕੀਤਾ ਸੀ। ਇਸ ਤੋਂ ਇਲਾਵਾ ਖੁਰਸ਼ੀਦ ਸੁਲਤਾਨਾ, ਜ਼ੁਬੈਦਾ ਬਾਨੋ, ਮਹਿਮੂਦ ਖਾਨ, ਪੀ.ਐੱਨ.ਬਾਲੀ ਅਤੇ ਏ.ਆਰ.ਕਸ਼ਮੀਰੀ ਨੇ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਸਨ। ਮੋਤੀ ਮਹਿਲ ਥੀਏਟਰਜ਼ ਲਿਮਟਿਡ ਕਲਕੱਤਾ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਬੀ. ਐੱਸ. ਰਾਜਹੰਸ ਅਤੇ ਫ਼ਿਲਮ ਵਿਚ ਸੰਗੀਤ ਦਿੱਤਾ ਸੀ ਸ਼ਿਆਮ ਸੁੰਦਰ ਨੇ। ਇਸੇ ਸਾਲ ਹੀ ਫ਼ਿਲਮ ਇੰਡਸਟਰੀ ਲਾਹੌਰ ਵਿਖੇ ਵੀ ਕਮਲਾ ਮੂਵੀਟੋਨ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ‘ਸੋਹਣੀ ਮਹੀਂਵਾਲ’ ਦੇ ਨਿਰਦੇਸ਼ਕ ਸਨ ਆਰ.ਐੱਲ.ਸ਼ੋਰੀ ਅਤੇ ਜੀ.ਏ.ਚਿਸ਼ਤੀ ਦੇ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਵਿਚ ਸੋਹਣੀ ਦੇ ਕਿਰਦਾਰ ਵਿਚ ਅਦਾਕਾਰਾ ਅਲਮਾਸ ਬਾਈ ਅਤੇ ਮਹੀਂਵਾਲ ਦਾ ਕਿਰਦਾਰ ਅਦਾਕਾਰ ਮਾਸਟਰ ਬਸ਼ੀਰ ਵੱਲੋਂ ਅਦਾ ਕੀਤਾ ਗਿਆ। ਇਨ੍ਹਾਂ ਫ਼ਿਲਮਾਂ ਦੀ ਖ਼ਾਸ ਗੱਲ ਇਹ ਸੀ ਕਿ ਇਹ ਦੋਵੇਂ ਫ਼ਿਲਮਾਂ ਇਕ ਹੀ ਦਿਨ 3 ਮਾਰਚ 1939 ਨੂੰ ਰਿਲੀਜ਼ ਹੋਈਆਂ ਸਨ। 1946 ਵਿਚ ਜਯੰਤ ਦੇਸਾਈ ਪ੍ਰੋਡਕਸ਼ਨ ਦੀ ਬੰਬਈ ਵਿਚ ਬਣੀ ਹਿੰਦੀ ਫ਼ਿਲਮ ‘ਸੋਹਣੀ ਮਹੀਂਵਾਲ’ ਰਿਲੀਜ਼ ਹੋਈ। ਇਸ ਫ਼ਿਲਮ ਦੇ ਨਿਰਦੇਸ਼ਕ ਸਨ ਈਸ਼ਵਰ ਲਾਲ, ਰਵਿੰਦਰ ਜੈਕਾਰ। ਇਸ ਫ਼ਿਲਮ ਵਿਚ ਸੋਹਣੀ ਦਾ ਕਿਰਦਾਰ ਉਸ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਬੇਗ਼ਮ ਪਾਰਾ ਨੇ ਅਦਾ ਕੀਤਾ ਸੀ ਅਤੇ ਮਹੀਂਵਾਲ ਦੇ ਰੋਲ ਵਿਚ ਈਸ਼ਵਰ ਲਾਲ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਅਦਾਕਾਰ ਮੁਬਾਰਕ, ਦੀਕਸ਼ਤ ਅਤੇ ਸ਼ੋਭਨਾ ਨੇ ਵੀ ਇਸ ਫ਼ਿਲਮ ਵਿਚ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਸਨ। ਫ਼ਿਲਮ ਨੂੰ ਸੰਗੀਤ ਨਾਲ ਸਜਾਇਆ ਸੀ ਸੰਗੀਤਕਾਰ ਲਾਲ ਮੁਹੰਮਦ ਨੇ ਅਤੇ ਇਸ ਫ਼ਿਲਮ ਵਿਚ 11 ਗੀਤ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਜੌਹਰਾ ਬਾਈ ਅੰਬਾਲੇ ਵਾਲੀ ਅਤੇ ਜੀ.ਐੱਮ.ਦੁਰਾਨੀ ਨੇ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸੋਹਣੀ ਮਹੀਂਵਾਲ ਦੀ ਪ੍ਰੀਤ ਗਾਥਾ ’ਤੇ ਫ਼ਿਲਮਾਂ ਬਣਦੀਆਂ ਰਹੀਆਂ। ਪਾਕਿਸਤਾਨੀ ਫ਼ਿਲਮ ਇੰਡਸਟਰੀ ਲਾਹੌਰ ਦੇ ਬੈਨਰ ਐਵਰਰੈਡੀ ਪਿਕਚਰਜ਼ ਵੱਲੋਂ 1955 ਵਿਚ ਉਰਦੂ ਫ਼ਿਲਮ ‘ਸੋਹਣੀ’ ਦਾ ਨਿਰਮਾਣ ਕੀਤਾ ਗਿਆ। 24 ਮਈ 1955 ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਐੱਮ.ਜੇ.ਰਾਣਾ ਅਤੇ ਇਸ ਫ਼ਿਲਮ ਦਾ ਸੰਗੀਤ ਦਿੱਤਾ ਸੀ ਫਿਰੋਜ਼ ਨਿਜ਼ਾਮੀ ਨੇ। ਫ਼ਿਲਮ ਵਿਚ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਏ ਸਨ ਉਸ ਜ਼ਮਾਨੇ ਦੇ ਸੁਪਰਸਟਾਰ ਅਦਾਕਾਰ ਸੁਧੀਰ (ਮਹੀਂਵਾਲ ਦੇ ਕਿਰਦਾਰ ਵਿਚ) ਅਤੇ ਅਦਾਕਾਰਾ ਸ਼ਬੀਹਾ ਖਾਨੁਮ (ਸੋਹਣੀ ਦੇ ਕਿਰਦਾਰ ਵਿਚ)। ਇਸ ਫ਼ਿਲਮ ਤੋਂ ਬਾਅਦ ਲਾਹੌਰ ਫ਼ਿਲਮ ਇੰਡਸਟਰੀ ਵੱਲੋਂ ਇਕ ਵਾਰ ਫਿਰ ਇਕ ਪੰਜਾਬੀ ਫ਼ਿਲਮ ‘ਸੋਹਣੀ ਕੁਮ੍ਹਾਰਨ’ ਦੇ ਨਾਂ ਨਾਲ ਬਣਾਈ ਗਈ। ਵਲੀ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਮੁੱਖ ਸਿਤਾਰੇ ਸਨ ਬਹਾਰ (ਸੋਹਣੀ), ਅਸਲਮ ਪ੍ਰਵੇਜ਼ (ਮਹੀਂਵਾਲ), ਜ਼ਰੀਫ, ਅਜ਼ਮਲ, ਰੇਖਾ ਅਤੇ ਸ਼ੇਖ ਇਕਬਾਲ। 22 ਜੁਲਾਈ 1960 ਨੂੰ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਵਲੀ ਸਾਹਿਬ ਅਤੇ ਸੰਗੀਤ ਦਿੱਤਾ ਸੀ ਹਸਨ ਲਤੀਫ ਨੇ।
ਬੌਲੀਵੁੱਡ ਫ਼ਿਲਮ ਇੰਡਸਟਰੀ ਵਿਚ ਵੀ ਆਜ਼ਾਦੀ ਤੋਂ ਬਾਅਦ ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ’ਤੇ ਇਕ ਵਾਰ ਫੇਰ ਫ਼ਿਲਮ ਦਾ ਨਿਰਮਾਣ ਕੀਤਾ ਗਿਆ। 1958 ਵਿਚ ਬਣੀ ਹਿੰਦੀ ਫ਼ਿਲਮ ‘ਸੋਹਣੀ ਮਹੀਂਵਾਲ’ ਹੁਣ ਤਕ ਬਣੀਆਂ ਸਾਰੀਆਂ ਫ਼ਿਲਮਾਂ ਨਾਲੋਂ ਸਭ ਤੋਂ ਵੱਧ ਖ਼ੂਬਸੂਰਤ ਫ਼ਿਲਮ ਹੈ। ਸੋਹਣੀ ਮਹੀਂਵਾਲ ਦੇ ਕਿੱਸੇ ਦੇ ਤਕਰੀਬਨ ਸਾਰੇ ਪ੍ਰਸੰਗਾਂ ਨੂੰ ਬਿਆਨ ਕਰਦੀ ਇਹ ਫ਼ਿਲਮ ਪੰਜਾਬੀ ਸਾਹਿਤ ਅਤੇ ਸਿਨਮਾ ਦੀ ਕਲਾ ਦਾ ਖ਼ੂਬਸੂਰਤ ਸੁਮੇਲ ਹੈ। 31 ਅਕਤੂਬਰ 1958 ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਰਾਜਾ ਨਵਾਥੇ, ਸੰਗੀਤ ਨੌਸ਼ਾਦ ਦਾ, ਫਿਲਮ ਦੇ ਗੀਤ ਲਿਖੇ ਸਨ ਸ਼ਕੀਲ ਬਦੁਅਨੀ ਨੇ ਅਤੇ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਮੁਹੰਮਦ ਰਫੀ, ਲਤਾ ਮੰਗੇਸ਼ਕਰ ਅਤੇ ਮਹਿੰਦਰ ਕਪੂਰ ਨੇ। ਇਸ ਫ਼ਿਲਮ ਵਿਚ ਸੋਹਣੀ ਦਾ ਕਿਰਦਾਰ ਨਿਭਾਇਆ ਸੀ ਅਦਾਕਾਰਾ ਨਿੰਮੀ ਨੇ ਅਤੇ ਮਹੀਂਵਾਲ ਦੇ ਕਿਰਦਾਰ ਵਿਚ ਸਨ ਭਾਰਤ ਭੂਸ਼ਨ। ਇਸ ਫ਼ਿਲਮ ਵਿਚ ਕੁਲ 13 ਗੀਤ ਸ਼ਾਮਲ ਕੀਤੇ ਗਏ ਸਨ। ਨੌਸ਼ਾਦ ਦੀਆਂ ਖ਼ੂਬਸੂਰਤ ਧੁਨਾਂ ਨਾਲ ਸ਼ਿੰਗਾਰੀ ਇਹ ਬਿਹਤਰੀਨ ਫ਼ਿਲਮ ਸੀ। ਫ਼ਿਲਮ ਵਿਚ ਨਿੰਮੀ ਅਤੇ ਓਮ ਪ੍ਰਕਾਸ਼ ਦੀ ਅਦਾਕਾਰੀ ਨੇ ਬੁਲੰਦੀਆਂ ਨੂੰ ਛੂਹਿਆ।
ਲਾਹੌਰ ਫ਼ਿਲਮ ਇੰਡਸਟਰੀ ਵੱਲੋਂ 1976 ਵਿਚ ਪੰਜਾਬੀ ਵਿਚ ‘ਸੋਹਣੀ ਮਹੀਂਵਾਲ’ ਨਾਂ ’ਤੇ ਸ਼ਾਨਦਾਰ ਫ਼ਿਲਮ ਬਣਾਈ ਗਈ। ਜ਼ਬਰਦਸਤ ਅਦਾਕਾਰੀ, ਬਿਹਤਰੀਨ ਸਿਨਮੈਟੋਗ੍ਰਾਫੀ ਅਤੇ ਚਨਾਬ ਦਰਿਆ ਦੇ ਕੰਢੇ ਦੀਆਂ ਖ਼ੂਬਸੂਰਤ ਲੋਕੇਸ਼ਨਾਂ ’ਤੇ ਫ਼ਿਲਮਾਈ ਇਸ ਫ਼ਿਲਮ ਦੇ ਸੰਗੀਤ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ। 4 ਜੂਨ 1976 ਨੂੰ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਰਜ਼ਾ ਮੀਰ, ਫ਼ਿਲਮ ਦੇ ਗੀਤਕਾਰ ਸਨ ਸੈਫ਼ ਊ ਦੀਨ ਸੈਫ਼ ਅਤੇ ਸੰਗੀਤ ਦਿੱਤਾ ਸੀ ਜਨਾਬ ਏ.ਹਮੀਦ ਨੇ। ਫ਼ਿਲਮ ਵਿਚ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਨੂਰਜਹਾਂ, ਨੋਸ਼ੀ, ਮੁਨੀਰ ਹੁਸੈਨ, ਮਹਿੰਦੀ ਹਸਨ ਅਤੇ ਮਸੂਦ ਰਾਣਾ ਨੇ।
ਇਸ ਫ਼ਿਲਮ ਵਿਚ ਸੋਹਣੀ ਦਾ ਕਿਰਦਾਰ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੁਮਤਾਜ਼ ਬੇਗ਼ਮ ਨੇ ਨਿਭਾਇਆ ਸੀ। ਮੁਮਤਾਜ਼ ਬੇਗ਼ਮ ਨੇ ਇਸ ਫ਼ਿਲਮ ਵਿਚ ਉਮਦਾ ਅਦਾਕਾਰੀ ਨਾਲ ਸਭ ਦਾ ਮਨ ਮੋਹ ਲਿਆ ਸੀ। ਫ਼ਿਲਮ ਵਿਚ ਮਹੀਂਵਾਲ ਦਾ ਕਿਰਦਾਰ ਪਾਕਿਸਤਾਨ ਫ਼ਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਯੂਸਫ਼ ਖ਼ਾਨ ਨੇ ਅਦਾ ਕੀਤਾ ਸੀ। ਇਸ ਫ਼ਿਲਮ ਵਿਚ ਯੂਸਫ਼ ਖ਼ਾਨ ਨੇ ਮਹੀਂਵਾਲ ਦੀ ਪੂਰੀ ਹਯਾਤੀ ਨੂੰ ਜੀਵਿਆ ਤੇ ਉਨ੍ਹਾਂ ਦੀ ਅਦਾਕਾਰੀ ਨੇ ਬੁਲੰਦੀਆਂ ਨੂੰ ਛੂਹਿਆ।
ਇਸ ਫ਼ਿਲਮ ਤੋਂ ਬਾਅਦ ਸੋਹਣੀ ਮਹੀਂਵਾਲ ਦੇ ਨਾਮ ਨਾਲ 2 ਹੋਰ ਫ਼ਿਲਮਾਂ ਵੀ ਬਣੀਆਂ। 29 ਜੂਨ 1984 ਨੂੰ ਪ੍ਰਦਰਸ਼ਿਤ ਹੋਈ ਹਿੰਦੀ ਫ਼ਿਲਮ ‘ਸੋਹਣੀ ਮਹੀਂਵਾਲ’ ਭਾਰਤ ਅਤੇ ਰੂਸ ਦੀ ਸਾਂਝੀ ਪੇਸ਼ਕਸ਼ ਸੀ ਜਿਸ ਵਿਚ ਸੰਨੀ ਦਿਓਲ (ਮਹੀਂਵਾਲ), ਪੂਨਮ ਢਿੱਲੋਂ (ਸੋਹਣੀ), ਜ਼ੀਨਤ ਅਮਾਨ, ਪ੍ਰਾਣ, ਸ਼ਮੀ ਕਪੂਰ ਅਤੇ ਰੂਸੀ ਕਲਾਕਾਰਾਂ ਨੇ ਕੰਮ ਕੀਤਾ ਸੀ। ਇਹ ਫ਼ਿਲਮ ਸੋਹਣੀ ਮਹੀਂਵਾਲ ਦੇ ਪ੍ਰਚੱਲਤ ਪੰਜਾਬੀ ਕਿੱਸਿਆਂ ਅਨੁਸਾਰ ਨਹੀਂ ਦਿਖਾਈ ਗਈ ਜਿਸ ਕਰਕੇ ਫ਼ਿਲਮ ਵਧੀਆ ਪ੍ਰਭਾਵ ਨਾ ਛੱਡ ਸਕੀ। ਅਨੂ ਮਲਿਕ ਦੇ ਖ਼ੂਬਸੂਰਤ ਸੰਗੀਤ ਨਾਲ ਸ਼ਿੰਗਾਰੀ ਇਹ ਫ਼ਿਲਮ ਸੋਹਣੀ ਮਹੀਂਵਾਲ ਦੀ ਅਸਲ ਪ੍ਰੀਤ ਕਹਾਣੀ ਤੋਂ ਕੋਹਾਂ ਦੂਰ ਲੱਗੀ। ਇਸੇ ਸਾਲ ਚੜ੍ਹਦੇ ਪੰਜਾਬ ਦੀ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਵੀ ਦਲਜੀਤ ਕੌਰ ਅਭਿਨੀਤ ਪੰਜਾਬੀ ਫ਼ਿਲਮ ‘ਸੋਹਣੀ ਮਹੀਂਵਾਲ’ ਬਣਾਈ ਗਈ। 12 ਜੁਲਾਈ 1984 ਨੂੰ ਪ੍ਰਦਰਸ਼ਿਤ ਹੋਈ ਇਹ ਫ਼ਿਲਮ ਵੀ ਮਿਆਰ ਤੇ ਅਦਾਕਾਰੀ ਪੱਖੋਂ ਜ਼ਿਆਦਾ ਪ੍ਰਭਾਵ ਨਾ ਛੱਡ ਸਕੀ।
ਸੰਪਰਕ: 94646-28857