ਗੁਰਮੀਤ ਸਿੰਘ*
ਸੱਪਾਂ ਬਾਰੇ ਲੋਕਾਂ ਵਿਚ ਅਕਸਰ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਰਹਿੰਦੀਆਂ ਹਨ। ਕਈ ਵਾਰ ਲੋਕ ਡਰ ਨਾਲ ਸੱਪ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਲੋਕ ਸੱਪ ਦੇ ਡੰਗਣ ਤੋਂ ਬਾਅਦ ਡਾਕਟਰੀ ਸਹਾਇਤਾ ਲੈਣ ਦੀ ਬਜਾਏ ਜਾਦੂ-ਟੂਣਿਆਂ ਦੇ ਚੱਕਰ ਵਿਚ ਪੈ ਕੇ ਆਪਣੀ ਜਾਨ ਤਕ ਗਵਾ ਲੈਂਦੇ ਹਨ ਅਤੇ ਕਈ ਵਹਿਮ ਕਰਕੇ ਆਪਣੇ ਅੰਦਰੂਨੀ ਡਰ ਨਾਲ ਹੀ ਜਾਨ ਗਵਾ ਲੈਂਦੇ ਹਨ। ਇਸ ਅਣਜਾਣਪੁਣੇ ਕਰਕੇ ਲੋਕ ਸਾਡੇ ਵਾਤਾਵਰਣ ਦੇ ਜੀਵਾਂ ਨੂੰ ਮਾਰਨ ਤੋਂ ਵੀ ਨਹੀਂ ਝਿਜਕਦੇ। ਸੱਪ ਸਾਡੇ ਵਾਤਾਵਰਣ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਹ ਸਾਡੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ।
ਅੱਜ ਅਸੀਂ ‘ਪਾਣੀ ਵਿਚ ਰਹਿਣ ਵਾਲਾ ਸੱਪ’ ਜਿਸ ਨੂੰ ਅੰਗਰੇਜ਼ੀ ਵਿਚ ‘ਚੈੱਕਰਡ ਕੀਲਬੈਕ ਸਨੇਕ’ (Checkered Keelback Snake) ਕਹਿੰਦੇ ਹਾਂ, ’ਤੇ ਚਰਚਾ ਕਰ ਰਹੇ ਹਾਂ। ਇਸ ਸੱਪ ਦੇ ਸਰੀਰ ਉੱਤੇ ਸ਼ਤਰੰਜ ਦੀ ਤਰ੍ਹਾਂ ਨਿਸ਼ਾਨ ਹੁੰਦੇ ਹਨ, ਜਿਸ ਕਰਕੇ ਇਸ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਹੈ। ਇਹ ਪਾਣੀ ਵਿਚ ਰਹਿੰਦੇ ਹਨ ਕਿਉਂਕਿ ਉਹ ਮੱਛੀਆਂ, ਡੱਡੂਆਂ, ਖੇਪੜੀਦਾਰ ਜੀਵਾਂ ਅਤੇ ਘੋਗਿਆਂ ਨੂੰ ਖਾਂਦੇ ਹਨ। ਸੱਪ ਦੀ ਇਹ ਕਿਸਮ ਅੰਟਾਰਕਟਿਕਾ, ਆਈਸਲੈਂਡ, ਆਇਰਲੈਂਡ, ਗਰੀਨਲੈਂਡ ਅਤੇ ਨਿਊਜ਼ੀਲੈਂਡ ਵਿਚ ਨਹੀਂ ਮਿਲਦੀ। ਚੈੱਕਰਡ ਕੀਲਬੈਕ ਸੱਪ ਵੀ ਬਾਕੀ ਸੱਪਾਂ ਦੀ ਤਰ੍ਹਾਂ ਆਪਣੇ ਸ਼ਿਕਾਰ ਨੂੰ ਮੂੰਹ ਵਿਚ ਦੰਦ ਨਾ ਹੋਣ ਕਰਕੇ ਸਾਬਤ ਨਿਗਲ ਲੈਂਦੇ ਹਨ। ਇਹ ਸੱਪ ਆਪਣੇ ਮੂੰਹ ਤੋਂ ਤਿੰਨ ਗੁਣਾ ਵੱਡੇ ਸ਼ਿਕਾਰ ਨੂੰ ਨਿਗਲ ਸਕਦੇ ਹਨ। ਇਸ ਸੱਪ ਦਾ ਸਰੀਰ ਵੀ ਬਾਕੀ ਸੱਪਾਂ ਦੇ ਸਰੀਰ ਦੀ ਤਰ੍ਹਾਂ ਛਿਲੜਾਂ (Scales) ਨਾਲ ਢਕਿਆ ਹੋਇਆ ਹੁੰਦਾ ਹੈ। ਇਹ ਠੰਢੇ ਖੂਨ ਵਾਲੇ ਜੀਵ ਹਨ। ਇਸੇ ਕਰਕੇ ਇਨ੍ਹਾਂ ਨੂੰ ਆਪਣੇ ਸਰੀਰ ਦੇ ਤਾਪਮਾਨ ਨੂੰ ਬਾਹਰੋਂ ਨਿਯਮਤ ਰੱਖਣਾ ਪੈਂਦਾ ਹੈ। ਇਨ੍ਹਾਂ ਦੇ ਸਕੇਲ ਕਈ ਉਦੇਸ਼ਾਂ ਨੂੰ ਪੂਰਾ ਕਰਦੇ ਹਨ। ਇਹ ਜਲਵਾਯੂ ਵਿਚ ਨਮੀ ਨੂੰ ਇਕੱਠੀ ਕਰਦੇ ਰਹਿੰਦੇ ਹਨ ਅਤੇ ਜਿਵੇਂ ਜਿਵੇਂ ਸੱਪ ਹਿੱਲਦਾ ਹੈ, ਘਿਸਰਨ ਦੀ ਆਵਾਜ਼ ਘੱਟ ਕਰਦਾ ਹੈ। ਬਾਕੀ ਸੱਪਾਂ ਦੀ ਤਰ੍ਹਾਂ ਇਸ ਦੀ ਜੀਭ ਵੀ ਅੱਗੇ ਤੋਂ ਦੋ ਫਾੜ ਹੁੰਦੀ ਹੈ, ਜਿਸ ਨਾਲ ਉਹ ਆਪਣੇ ਆਲੇ-ਦੁਆਲੇ ਦੀ ਗੰਧ ਨੂੰ ਵੱਖ-ਵੱਖ ਦਿਸ਼ਾਵਾਂ ਵਿਚੋਂ ਸੁੰਘ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਆਲੇ-ਦੁਆਲੇ ਤੋਂ ਕਿਸੇ ਵੀ ਖ਼ਤਰੇ ਅਤੇ ਨੇੜੇ ਘੁੰਮਦੇ ਜੀਵ ਬਾਰੇ ਪਤਾ ਲੱਗਦਾ ਰਹਿੰਦਾ ਹੈ।
ਸਾਰੇ ਸੱਪਾਂ ਦੀ ਤਰ੍ਹਾਂ ਪਾਣੀ ਵਿਚ ਰਹਿਣ ਵਾਲਾ ਇਹ ਸੱਪ ਵੀ ਬੋਲਾ ਹੁੰਦਾ ਹੈ, ਇਸੇ ਲਈ ਸੱਪ ਕੋਈ ਆਵਾਜ਼ ਨਹੀਂ ਸੁਣ ਸਕਦੇ। ਇਹ ਆਪਣੀ ਚਮੜੀ ਤੋਂ ਸਾਹ ਲੈਂਦੇ ਹਨ। ਇਹ ਦਰਮਿਆਨੇ ਆਕਾਰ ਦਾ ਸੱਪ ਹੈ, ਪਰ ਇਹ ਵੱਡਾ ਹੋ ਸਕਦਾ ਹੈ। ਇਸ ਪ੍ਰਜਾਤੀ ਦੇ ਇਕ ਵੱਡੇ ਸੱਪ ਦੀ ਲੰਬਾਈ 1.75 ਮੀਟਰ (5.7 ਫੁੱਟ) ਤਕ ਪਹੁੰਚ ਸਕਦੀ ਹੈ। ਇਹ ਸੱਪ ਮਹੀਨੇ ਵਿਚ ਇਕ ਵਾਰ ਆਪਣੀ ਚਮੜੀ ਨੂੰ ਉਤਾਰ ਦਿੰਦੇ ਹਨ। ਇਸ ਤਰ੍ਹਾਂ ਇਹ ਆਪਣੀ ਖੱਲ ਤੋਂ ਪਰਜੀਵੀਆਂ ਤੋਂ ਛੁਟਕਾਰਾ ਪਾ ਲੈਂਦੇ ਹਨ। ਉਹ ਕਿਸੇ ਰੁੱਖ ਦੀ ਟਾਹਣੀ ਜਾਂ ਹੋਰ ਵਸਤੂ ਨਾਲ ਰਗੜਦੇ ਹਨ, ਫੇਰ ਪਹਿਲਾਂ ਆਪਣੀ ਚਮੜੀ ਨੂੰ ਸਿਰ ਤੋਂ ਬਾਹਰ ਕੱਢ ਲੈਂਦੇ ਹਨ ਅਤੇ ਇਸ ਤਰ੍ਹਾਂ ਕੁੰਜ ਨੂੰ ਸਰੀਰ ਦੇ ਨਾਲੋਂ ਉਤਾਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਪਾਣੀ ਦਾ ਇਹ ਸੱਪ ਜ਼ਹਿਰੀਲਾ ਨਹੀਂ ਹੁੰਦਾ, ਪਰ ਬਹੁਤ ਸਾਰੇ ਲੋਕ ਡਰ ਦੇ ਕਾਰਨ ਇਸ ਨੂੰ ਮਾਰ ਦਿੰਦੇ ਹਨ। ਇਹ ਜੀਵ ਸਾਡੀ ਜੀਵ ਵਿਭਿੰਨਤਾ ਦਾ ਇਕ ਅਨਿੱਖੜਵਾਂ ਅੰਗ ਹਨ। ਇਹ ਛੋਟੇ ਮੋਟੇ ਜੀਵ ਖਾ ਕੇ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਂਦੇ ਹਨ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਪਾਣੀ ਦੇ ਇਸ ਸੱਪ ਨੂੰ ਐਕਟ ਦੇ ਸ਼ਡਿਊਲ-2 ਵਿਚ ਰੱਖਿਆ ਗਿਆ ਹੈ। ਇਹ ਪੰਜਾਬ ਵਿਚ ਦਰਿਆ ਅਤੇ ਛੱਪੜਾਂ ਵਿਚ ਆਮ ਪਾਇਆ ਜਾਂਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910