ਹਰਦਿਆਲ ਸਿੰਘ ਥੂਹੀ
ਪੰਜਾਬ ਦੇ ਲੋਕ-ਸੰਗੀਤ ਵਿੱਚ ਲੋਕ ਸਾਜ਼ਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਇਹ ਸਾਜ਼ ਸਾਨੂੰ ਪੰਜਾਬ ਦੀ ਮਹਾਨ ਵਿਰਾਸਤ ਦੀ ਯਾਦ ਦਿਵਾਉਂਦੇ ਹਨ। ਭਾਵੇਂ ਕਿ ਕੁਝ ਦਹਾਕੇ ਪਹਿਲਾਂ ਇਨ੍ਹਾਂ ਲੋਕ ਸਾਜ਼ਾਂ ਦੀ ਵਰਤੋਂ ਆਮ ਵਰਤਾਰਾ ਸੀ, ਪਰ ਆਧੁਨਿਕ ਸਾਜ਼ਾਂ ਦੀ ਵਰਤੋਂ ਕਾਰਨ ਲੋਕ ਸਾਜ਼ਾਂ ਦਾ ਪ੍ਰਚਲਨ ਘਟ ਗਿਆ। ਬੇਸ਼ੱਕ ਇਹ ਸਾਜ਼ ਅੱਜ ਪੰਜਾਬੀ ਸੰਗੀਤ ਵਿੱਚੋਂ ਲੁਪਤ ਹੁੰਦੇ ਜਾ ਰਹੇ ਹਨ, ਪਰ ਹਾਲੇ ਵੀ ਕੁਝ ਕੁ ਸਿਰੜੀ ਬੰਦੇ ਅਜਿਹੇ ਹਨ, ਜਿਨ੍ਹਾਂ ਨੇ ਪਰੰਪਰਿਕ ਲੋਕ ਸਾਜ਼ਾਂ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਹੋਇਆ ਹੈ। ਅਜਿਹਾ ਹੀ ਇੱਕ ਸਿਰੜੀ ਬੰਦਾ ਹੈ ਅਲਗੋਜ਼ਾ ਵਾਦਕ ਅਵਤਾਰ ਕਲੇਰਾਂ ਵਾਲਾ, ਜੋ ਅਲਗੋਜ਼ੇ (ਜੋੜੀ) ਵਜਾਉਂਦਾ ਵੀ ਹੈ ਤੇ ਇਸ ਦੇ ਨਾਲ ਨਾਲ ਨਵੇਂ ਅਲਗੋਜ਼ੇ ਬਣਾਉਂਦਾ ਵੀ ਹੈ। ਉਸ ਨੇ ਜੇ ਕੋਈ ਵਣਜ ਵਿਹਾਜਿਆ ਹੈ ਤਾਂ ਉਹ ਹੈ ‘ਅਲਗੋਜ਼ੇ’। ਏਹੀ ਉਸ ਦਾ ਇਸ਼ਟ ਹੈ, ਏਹੀ ਉਸ ਦੀ ਪੂਜਾ ਹੈ ਤੇ ਏਹੀ ਉਸ ਦੀ ਰੋਜ਼ੀ ਰੋਟੀ ਦਾ ਸਾਧਨ।
ਅਵਤਾਰ ਸਿੰਘ ਦਾ ਜਨਮ 25 ਜਨਵਰੀ 1980 ਨੂੰ ਪਿਤਾ ਬਚਿੱਤਰ ਸਿੰਘ ਤੇ ਮਾਤਾ ਮਹਿੰਦਰ ਕੌਰ ਦੇ ਘਰ ਮਾਲੇਰਕੋਟਲਾ ਦੇ ਪਿੰਡ ਕਲੇਰਾਂ ਵਿਖੇ ਹੋਇਆ। ਕੰਮ ਕਾਰ ਦੇ ਸਿਲਸਿਲੇ ਵਿੱਚ ਪਿਤਾ ਮਹਿੰਦਰ ਸਿੰਘ ਪਰਿਵਾਰ ਸਮੇਤ ਲੁਧਿਆਣੇ ਆ ਗਿਆ। ਏਥੇ ਹੀ ਅਵਤਾਰ ਨੇ ਮੁੱਢਲੀ ਪੜ੍ਹਾਈ ਕੀਤੀ। ਏਥੋਂ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਸਕੂਲ ਤੋਂ ਉਸ ਨੇ 1998 ਵਿੱਚ ਬਾਰ੍ਹਵੀਂ ਜਮਾਤ ਪਾਸ ਕੀਤੀ। ਪੜ੍ਹਾਈ ਦੇ ਨਾਲ ਨਾਲ ਬਚਪਨ ਤੋਂ ਹੀ ਉਸ ਨੂੰ ਸੰਗੀਤ ਦੀ ਚੇਟਕ ਲੱਗ ਗਈ। ਅਲਗੋਜ਼ਿਆਂ ਦੇ ਸੁਰ ਉਸ ਦੇ ਮਨ ਨੂੰ ਧੂਹ ਪਾਉਂਦੇ ਸਨ। ਟੈਲੀਵਿਜ਼ਨ ਅਤੇ ਰੇਡੀਓ ਤੋਂ ਉਹ ਅਲਗੋਜ਼ਿਆਂ ਵਾਲੇ ਲੋਕ ਗੀਤ ਅਕਸਰ ਸੁਣਦਾ ਸੀ। ਲੋਕ ਗੀਤਾਂ ਦੇ ਸਮੇਂ ਤੋਂ ਪਹਿਲਾਂ ਹੀ ਰੇਡੀਓ ਚਲਾ ਕੇ ਕੋਲ ਬੈਠ ਜਾਂਦਾ ਸੀ। ਨਰਿੰਦਰ ਬੀਬਾ ਦੇ ਪ੍ਰਸਿੱਧ ਅਲਗੋਜ਼ਾ ਵਾਦਕ ਬੇਲੀ ਰਾਮ ਦੀ ਸੰਗਤ ਵਿੱਚ ਗਾਏ ਗੀਤ ਉਸ ਦੀ ਪਹਿਲੀ ਪਸੰਦ ਸਨ। ਹਰ ਸਮੇਂ ਉਸ ਦਾ ਧਿਆਨ ਅਲਗੋਜ਼ਿਆਂ ਵਿੱਚ ਹੀ ਰਹਿੰਦਾ ਸੀ ਤੇ ਉਸ ਦੇ ਕੰਨਾਂ ਵਿੱਚ ਅਲਗੋਜ਼ਿਆਂ ਦੇ ਸੁਰ ਹੀ ਗੂੰਜਦੇ ਰਹਿੰਦੇ ਸਨ।
ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਪ੍ਰਸਿੱਧ ਅਲਗੋਜ਼ਾ ਵਾਦਕ ਤਾਰਾ ਚੰਦ ਨੂੰ ਉਸਤਾਦ ਧਾਰਿਆ। ਉਸਤਾਦ ਤਾਰਾ ਚੰਦ ਤੋਂ ਉਸ ਨੇ ਇਸ ਸਾਜ਼ ਦੇ ਸੁਰਾਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਾਹ ਉਲਟਾਉਣਾ ਸਿੱਖਿਆ ਤੇ ਆਪਣੀ ਸੰਗੀਤਕ ਸੂਝ ਨੂੰ ਪਰਿਪੱਕ ਕੀਤਾ। ਅਲਗੋਜ਼ੇ ਵਜਾਉਣ ਵਿੱਚ ਮੁਹਾਰਤ ਹਾਸਲ ਕਰਨ ਲਈ ਉਸ ਨੇ ਦ੍ਰਿੜ ਇਰਾਦੇ ਅਤੇ ਲਗਨ ਨਾਲ ਸਖ਼ਤ ਮਿਹਨਤ ਕੀਤੀ। ਆਪਣੀ ਧੁਨ ਵਿੱਚ ਮਸਤ ਉਹ ਲਗਾਤਾਰ ਕਈ ਕਈ ਘੰਟੇ ਅਲਗੋਜ਼ੇ ਵਜਾਉਂਦਾ ਰਹਿੰਦਾ। ਉਸ ਦੀ ਇਹ ਸਿਖਲਾਈ ਸਟੇਜੀ ਪ੍ਰੋਗਰਾਮਾਂ ਨਾਲ ਸਬੰਧਿਤ ਸੀ। ਉਸ ਨੇ ਆਪਣੇ ਆਪ ਨੂੰ ਏਥੋਂ ਤੱਕ ਸੀਮਤ ਨਾ ਰੱਖਿਆ, ਸਗੋਂ ਉਹ ਖੁੱਲ੍ਹੇ ਅਖਾੜਿਆਂ ਵਿੱਚ ਤੂੰਬੇ ਵਾਲੇ ਗਾਇਕਾਂ ਨਾਲ ਵੀ ਜੋੜੀ ਵਜਾਉਣੀ ਚਾਹੁੰਦਾ ਸੀ। ਇਸ ਮਕਸਦ ਲਈ ਵੱਖਰੇ ਅਭਿਆਸ ਅਤੇ ਸਿਖਲਾਈ ਦੀ ਜ਼ਰੂਰਤ ਸੀ। ਸੋ ਇਹ ਸਿਖਲਾਈ ਉਸ ਨੇ ਇਸ ਕਲਾ ਦੇ ਮਾਹਰ ਉਸਤਾਦ ਧੰਨੇ ਬੜੂੰਦੀ ਵਾਲੇ ਤੋਂ ਲਈ। ਉਸਤਾਦ ਨੇ ਉਸ ਨੂੰ ਬਹੁਤ ਸਾਰੀਆਂ ਲੋਕ ਗਾਥਾਵਾਂ ਯਾਦ ਕਰਵਾਈਆਂ। ਵੱਖ-ਵੱਖ ਛੰਦਾਂ ਦੀਆਂ ਤਰਜ਼ਾਂ ਸਮਝਾਈਆਂ ਤੇ ਸਿਖਾਈਆਂ। ਅਖਾੜਿਆਂ ਵਿੱਚ ਖੜ੍ਹਨ, ਬੈਠਣ ਤੇ ਚੱਲਣ ਦੇ ਤੌਰ ਤਰੀਕੇ ਦੱਸੇ। ਇਹ ਸਭ ਕੁਝ ਹਾਸਲ ਕਰਨ ਲਈ ਅਵਤਾਰ ਨੇ ਜੇਠ ਹਾੜ੍ਹ ਦੀਆਂ ਧੁੱਪਾਂ ਵੀ ਸੇਕੀਆਂ ਅਤੇ ਪੋਹ ਮਾਘ ਦੇ ਪਾਲੇ ਨੂੰ ਵੀ ਆਪਣੇ ਪਿੰਡੇ ’ਤੇ ਹੰਢਾਇਆ। ਜਿੱਥੇ ਅਖਾੜੇ ਲੱਗਣੇ ਉੱਥੇ ਉਹ ਦੂਰ ਦੂਰ ਤੱਕ ਸਾਈਕਲ ’ਤੇ ਹੀ ਪਹੁੰਚ ਜਾਂਦਾ ਸੀ। ਇਸ ਤਰ੍ਹਾਂ ਕੁਠਾਲੀ ਵਿੱਚ ਢਲ ਢਲ ਕੇ ਉਹ ਕੁੰਦਨ ਹੋ ਗਿਆ। ਪਹਿਲੀ ਵਾਰ ਮੈਂ ਉਸ ਨੂੰ ਛਪਾਰ ਦੇ ਮੇਲੇ ’ਤੇ ਪ੍ਰੋਢ ਗਾਇਕ ਜਾਨੇ ਪੱਖੋਵਾਲੀਏ ਦੀ ਸੰਗਤ ਕਰਦੇ ਵੇਖਿਆ ਤੇ ਸੁਣਿਆ। ਪੰਜਾਬ ਦੇ ਪ੍ਰਸਿੱਧ ਮੇਲਿਆਂ ਛਪਾਰ, ਜਰਗ, ਜਗਰਾਵਾਂ ਦੀ ਰੋਸ਼ਨੀ ਆਦਿ ਦੇ ਖੁੱਲ੍ਹੇ ਅਖਾੜਿਆਂ ਵਿੱਚ ਹੁਣ ਤੱਕ ਉਹ ਕਈ ਗਾਇਕਾਂ ਨਾਲ ਅਲਗੋਜ਼ੇ ਵਜਾ ਚੁੱਕਾ ਹੈ।
ਅਵਤਾਰ ਪੰਜਾਬ ਦੇ ਬਹੁਤ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਮੁਕਾਬਲਿਆਂ ਵਿੱਚ ਲੋਕ ਗੀਤਾਂ ਅਤੇ ਲੋਕ ਨਾਚਾਂ ਨਾਲ ਅਲਗੋਜ਼ੇ ਵਜਾ ਕੇ ਨਾਮਣਾ ਖੱਟ ਚੁੱਕਾ ਹੈ। ਉਹ ਭੰਗੜੇ ਵਾਲੀਆਂ ਪੱਗਾਂ ਵੀ ਬਹੁਤ ਵਧੀਆ ਬੰਨ੍ਹ ਲੈਂਦਾ ਹੈ। ਉਹ ਦੂਰਦਰਸ਼ਨ ਦੇ ਦਿੱਲੀ ਅਤੇ ਜਲੰਧਰ ਕੇਂਦਰਾਂ ਤੋਂ ਆਪਣੀ ਕਲਾ ਦਾ ਮੁਜ਼ਾਹਰਾ ਕਰ ਚੁੱਕਾ ਹੈ।
ਪੰਜਾਬ ਤੋਂ ਇਲਾਵਾ ਅਵਤਾਰ ਭਾਰਤ ਦੇ ਦੂਜੇ ਸੂਬਿਆਂ ਦੇ ਵੱਡੇ ਸ਼ਹਿਰਾਂ ਬੰਬੇ (ਮਹਾਰਾਸ਼ਟਰ), ਗੋਆ, ਦਿੱਲੀ, ਜੈਪੁਰ, ਜੋਧਪੁਰ (ਰਾਜਸਥਾਨ), ਕੇਰਲਾ, ਬੰਗਲੌਰ (ਕਰਨਾਟਕਾ), ਕਾਨਪੁਰ, ਲਖਨਊ (ਉੱਤਰ ਪ੍ਰਦੇਸ਼), ਭੂਪਾਲ, ਜੱਬਲਪੁਰ (ਮੱਧ ਪ੍ਰਦੇਸ਼), ਕਲਕੱਤਾ, ਸਿਲੀਗੁੜੀ (ਪੱਛਮੀ ਬੰਗਾਲ), ਰਾਂਚੀ (ਝਾਰਖੰਡ) ਆਦਿ ਵਿੱਚ ਵੀ ਉੱਤਰੀ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਵੱਲੋਂ ਵੱਖ-ਵੱਖ ਸਮੇਂ ਟੂਰ ਲਗਾ ਚੁੱਕਾ ਹੈ।
ਆਪਣੀ ਕਲਾ ਦੇ ਜ਼ੋਰ ਅਵਤਾਰ ਰਾਸ਼ਟਰੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਹ ਦੌਰੇ ਉਸ ਨੇ ਭਾਰਤ ਸਰਕਾਰ ਵੱਲੋਂ ‘ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼’ ਰਾਹੀਂ ਕਲਚਰਲ ਗਰੁੱਪ ਨਾਲ ਕੀਤੇ ਹਨ। 2011 ਵਿੱਚ ਆਬੂਧਾਬੀ, 2012 ਵਿੱਚ ਸਾਊਦੀ ਅਰਬ, 2015 ਵਿੱਚ ਮਸਕਟ, 2016 ਵਿੱਚ ਅਮਰੀਕਾ ਤੇ 2019 ਵਿੱਚ ਉਹ ਫਿਜ਼ੀ ਗਿਆ। ਇਸੇ ਤਰ੍ਹਾਂ ਅਵਤਾਰ ‘ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ’ ਨਾਲ 2018 ਅਤੇ 2019 ਵਿੱਚ ਦੋ ਵਾਰ ਇੰਗਲੈਂਡ ਵੀ ਜਾ ਆਇਆ ਹੈ। ਇਨ੍ਹਾਂ ਸਾਰੀਆਂ ਥਾਵਾਂ ’ਤੇ ਉਸ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਸ਼ੋਰ ਸ਼ਰਾਬੇ ਵਾਲੇ ਸੰਗੀਤ ਦੇ ਅਜੋਕੇ ਦੌਰ ਦੀਆਂ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਉਹ ਇਸ ਕਲਾ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀ ਸੱਚੀ ਸੁੱਚੀ ਵਿਰਾਸਤ ਤੇ ਸੱਭਿਆਚਾਰ ਨਾਲ ਜੁੜੀਆਂ ਕੁਝ ਸੰਸਥਾਵਾਂ ਨੇ ਉਸ ਦੀ ਕਲਾ ਦਾ ਮੁੱਲ ਵੀ ਪਾਇਆ ਹੈ। ਉਸ ਨੂੰ ਮਾਣ ਸਨਮਾਨ ਵੀ ਦਿੱਤਾ ਹੈ। ਰੀਅਲ ਆਰਟ ਭੰਗੜਾ ਅਕੈਡਮੀ ਵੱਲੋਂ ਉਸ ਨੂੰ 5 ਸਤੰਬਰ 2021 ਨੂੰ ‘ਬੈਸਟ ਅਲਗੋਜ਼ਾ ਵਾਦਕ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਅਲਗੋਜ਼ੇ ਵਜਾਉਣੇ ਸਿੱਖਣ ਲਈ ਅਵਤਾਰ ਸਿੰਘ ਨੇ ਜਿੰਨੀ ਸਖ਼ਤ ਮਿਹਨਤ ਕੀਤੀ, ਉਸ ਤੋਂ ਵੀ ਵੱਧ ਇਨ੍ਹਾਂ ਨੂੰ ਬਣਾਉਣਾ ਸਿੱਖਣ ਲਈ ਕੀਤੀ। ਇਹ ਗੁਰ ਉਸ ਨੇ ਆਪਣੇ ਉਸਤਾਦ ਧੰਨੇ ਬੜੂੰਦੀ ਵਾਲੇ ਤੋਂ ਲਿਆ। ਅਲਗੋਜ਼ਿਆਂ ਦੇ ਨਾਲ ਨਾਲ ਹੁਣ ਉਹ ਤੂੰਬੀ, ਤੂੰਬਾ (ਇੱਕ-ਤਾਰਾ, ਦੋ-ਤਾਰਾ), ਬੁਗਦੂ (ਬੁਗਚੂ) ਆਦਿ ਲੋਕ ਸਾਜ਼ ਬਣਾ ਕੇ ਵੇਚਦਾ ਵੀ ਹੈ। ਇਸ ਕਲਾ ਨੂੰ ਉਸ ਨੇ ਹੁਣ ਪੂਰਨ ਤੌਰ ’ਤੇ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ ਹੈ।
ਅਵਤਾਰ ਸਮੇਂ ਦਾ ਪਾਬੰਦ ਹੈ ਤੇ ਇਸ ਦੀ ਕਦਰ ਕਰਦਾ ਹੈ। ਉਹ ਸੱਚੀ ਲਗਨ, ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਸੱਭਿਆਚਾਰ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਹੈ। ਉਸ ਦਾ ਕਹਿਣਾ ਹੈ, ‘‘ਮੈਂ ਜ਼ਿੰਦਗੀ ਭਰ ਇਸ ਕਲਾ ਨਾਲ ਜੁੜਿਆ ਰਹਾਂਗਾ ਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਯਤਨ ਕਰਦਾ ਰਹਾਂਗਾ।’’
ਸੰਪਰਕ: 84271-00341