ਚੇਨੱਈ, 5 ਅਗਸਤ
ਊੱਘੇ ਗਾਇਕ-ਅਦਾਕਾਰ ਐੱਸ.ਪੀ.ਬਾਲਾਸੁਬਰਾਮਨੀਅਮ ਨੂੰ ਅੱਜ ਕਰੋਨਾਵਾਇਰਸ ਲਈ ਪਾਜ਼ੇਟਿਵ ਨਿਕਲਣ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤੇਲਗੂ, ਤਾਮਿਲ, ਕੰਨੜ, ਹਿੰਦੀ ਤੇ ਮਲਿਆਲਮ ਫ਼ਿਲਮ ਇੰਡਸਟਰੀਜ਼ ਲਈ ਕੰਮ ਕਰਨ ਵਾਲੇ 74 ਸਾਲਾ ਗਾਇਕ ਨੇ ਇਕ ਵੀਡੀਓ ਸੁਨੇਹੇ ਜ਼ਰੀਏ ਇਹ ਖ਼ਬਰ ਫੇਸਬੁੱਕ ’ਤੇ ਸਾਂਝੀ ਕੀਤੀ ਹੈ। ਬਾਲਾਸੁਬਰਾਮਨੀਅਮ ਨੇ ਕਿਹਾ ਕਿ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਛਾਤੀ ਵਿੱਚ ਜਕੜਨ ਤੇ ਸਰਦੀ ਜ਼ੁਕਾਮ ਮਹਿਸੂਸ ਕਰ ਰਿਹਾ ਸੀ। ਇਸ ਦੌਰਾਨ ਬੁਖਾਰ ਵੀ ਆਉਂਦਾ ਜਾਂਦਾ ਰਿਹਾ। ਜਦੋਂ ਟੈਸਟ ਕਰਵਾਇਆ ਤਾਂ ਕਰੋਨਾ ਪਾਜ਼ੇਟਿਵ ਹੋਣ ਬਾਰੇ ਪੱਤਾ ਲੱਗਾ। ਗਾਇਕ ਨੇ ਕਿਹਾ, ‘ਡਾਕਟਰਾਂ ਮੁਤਾਬਕ ਮੇਰੇ ਵਿੱਚ ਕਰੋਨਾ ਦੇ ਹਲਕੇ ਲੱਛਣ ਹਨ। ਡਾਕਟਰਾਂ ਨੇ ਮੈਨੂੰ ਘਰ ਵਿੱਚ ਰਹਿਣ ਤੇ ਸਵੈ-ਇਕਾਂਤਵਾਸ ਹੋਣ ਤੇ ਕੁਝ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ।’ -ਪੀਟੀਆਈ