ਡਾ. ਕਮਲਪ੍ਰੀਤ ਕੌਰ
ਅੱਜਕੱਲ੍ਹ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ। ਹਰ-ਇੱਕ ਇਨਸਾਨ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਚਾਅ ਹੁੰਦਾ ਹੈ। ਕੋਈ ਨਾਨਕੀ-ਸ਼ੱਕ ਪੂਰਨ ਦੀ ਤਿਆਰ ਕਰ ਰਿਹਾ ਹੈ ਤੇ ਕੋਈ ਘਰ ਵਿੱਚ ਵਿਆਹ ਰਚਾਉਣ ਦੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹੈ। ਅੱਜ ਦੇ ਜ਼ਮਾਨੇ ਵਿੱਚ ਵਿਆਹ-ਸ਼ਾਦੀ ਸੁਚੱਜੇ ਢੰਗ ਨਾਲ ਰਚਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਵਿਆਹਾਂ ਦੇ ਦਿਨ-ਬ-ਦਿਨ ਵਧਦੇ ਖ਼ਰਚੇ ਨੇ ਵਿਆਹਾਂ ਦੀ ਮਿਠਾਸ ਨੂੰ ਇੱਕ ਅਜੀਬ ਜਿਹੀ ਕੜਵਾਹਟ ਲਗਾ ਦਿੱਤੀ ਹੈ। ਉਦਾਹਰਣ ਦੇ ਤੌਰ ’ਤੇ ਜਦੋਂ ਵਿਆਹਾਂ ਮੌਕੇ ਪੁਰਾਣੇ ਸਮੇਂ ਵਿੱਚ ਇੱਕ-ਦੂਜੇ ਨਾਲ ਨੇੜਤਾ ਵਧਦੀ ਸੀ, ਮਿਠਾਈਆਂ ਵੰਡੀਆਂ ਜਾਂਦੀਆਂ ਸਨ, ਅਜੋਕੇ ਸਮੇਂ ਦੌਰਾਨ ਅਸੀਂ ਆਪ ਹੀ ਦੇਖ ਸਕਦੇ ਹਾਂ ਕਿ ਵਿਆਹਾਂ ਵਿੱਚ ਨੇੜਤਾ ਤਾਂ ਵਧੇ ਨਾ ਵਧੇ, ਪਰ ਇੱਕ ਦੂਜੇ ਨਾਲ ਮਨ-ਮੁਟਾਵ ਜ਼ਰੂਰ ਹੋ ਜਾਂਦਾ ਹੈ ਜੋ ਆਮ ਤੌਰ ’ਤੇ ਦੇਣ-ਲੈਣ ਦੀ ਘਾਟ-ਵਾਧ ਕਾਰਨ ਹੀ ਹੁੰਦਾ ਹੈ। ਅਜਿਹਾ ਕਰਕੇ ਅਸੀਂ ਸਾਰੇ ਆਪਣੇ ਅਮੀਰ ਗੌਰਵਮਈ ਪੰਜਾਬੀ ਵਿਰਸੇ ਤੋਂ ਕੋਹਾਂ ਦੂਰ ਆ ਗਏ ਹਾਂ।
ਭਾਵੇਂ ਆਧੁਨਿਕਤਾ ਕਾਰਨ ਜ਼ਮਾਨੇ ਦੇ ਨਾਲ ਚੱਲਣਾ ਸਮੇਂ ਦੀ ਜ਼ਰੂਰਤ ਹੈ, ਪਰ ਆਪਣੇ ਵਿਰਸੇ, ਆਪਣੇ ਸੱਭਿਆਚਾਰ ਤੋਂ ਦੂਰ ਹੋ ਕੇ ਅਸੀਂ ਕਿਹੜੀ ਤਰੱਕੀ ਦੀ ਆਸ ਲਾਈ ਬੈਠੇ ਹਾਂ। ਅਜੋਕੇ ਸਮੇਂ ਵਿੱਚ ਜਿੱਥੇ ਵਿਆਹਾਂ ਦਾ ਬੇਹਿਸਾਬ ਖ਼ਰਚਾ ਮਾਪਿਆਂ ਦੀ ਤੀਲ੍ਹਾ-ਤੀਲ੍ਹਾ ਕਰਕੇ ਜੋੜੀ ਪੂੰਜੀ ਨੂੰ ਇੱਕ ਦਿਨ ਵਿੱਚ ਹੀ ਪਾਣੀ ਦੀ ਤਰ੍ਹਾਂ ਵਹਾ ਦਿੰਦਾ ਹੈ, ਉੱਥੇ ਅੱਜ ਦੇ ਜ਼ਮਾਨੇ ਵਿੱਚ ਤਾਂ ਅਸੀਂ ਮਰਗ ਦੀਆਂ ਅੰਤਿਮ ਰਸਮਾਂ ਵੀ ਸੁਖਾਲੀਆਂ ਨਹੀਂ ਰਹਿਣ ਦਿੱਤੀਆਂ। ਜਿੱਥੇ ਇੱਕ ਪਾਸੇ ਕਿਸੇ ਦੀ ਮੌਤ ਹੋ ਜਾਣ ’ਤੇ ਪਰਿਵਾਰ ਨੂੰ ਸਦਮੇ ਵਿੱਚੋਂ ਲੰਘਣਾ ਪੈਂਦਾ ਹੈ, ਉੱਥੇ ਦੂਜੇ ਪਾਸੇ ਮਰਗ ਦੇ ਭੋਗ ’ਤੇ ਹੋਣ ਵਾਲਾ ਖ਼ਰਚ ਅਗਲੇ ਬੰਦੇ ਨੂੰ ਸਤਾਉਣ ਲੱਗਦਾ ਹੈ। ਅਸੀਂ ਕਿਹੋ ਜਿਹੇ ਰਾਹ ’ਤੇ ਤੁਰ ਪਏ ਹਾਂ। ਵਿਆਹ ਜਿੰਨਾ ਖ਼ਰਚ ਅਸੀਂ ਕਿਸੇ ਦੇ ਫੌਤ ਹੋਣ ’ਤੇ ਅੰਤਿਮ ਰਸਮਾਂ ਵਿੱਚ ਹੀ ਕਰ ਦਿੰਦੇ ਹਾਂ। ਅੰਤਿਮ ਰਸਮਾਂ ਮੌਕੇ ਪਕਾਏ ਹੋਏ ਪਕਵਾਨਾਂ ਤੋਂ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਮਰਗ ਦਾ, ਸੋਗ ਮਨਾਉਣ ਦਾ ਮੌਕਾ ਹੈ ਜਾਂ ਵਿਆਹ-ਸ਼ਾਦੀ ਦੀ ਰੋਟੀ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਮਰਗ ਦੇ ਭੋਗ ’ਤੇ ਸਾਦੀ ਦਾਲ-ਰੋਟੀ ਹੀ ਪਕਾਈ ਜਾਵੇ ਜਿਸ ਨਾਲ ਪਰਿਵਾਰ ’ਤੇ ਬੋਝ ਨਾ ਪਵੇ।
ਹੁਣ ਗੱਲ ਕਰਦੇ ਹਾਂ ਅਜੋਕੇ ਵਿਆਹਾਂ ਦੀ। ਅੱਜਕੱਲ੍ਹ ਵਿਆਹ ਦਾ ਪ੍ਰੋਗਰਾਮ ਰਚਾਉਣਾ ਵੀ ਕੋਈ ਸੌਖਾਲਾ ਕੰਮ ਨਹੀਂ ਹੈ। ਸਭ ਤੋਂ ਪਹਿਲਾਂ ਨੁਕਸ ਜੋ ਅਸੀਂ ਪੰਜਾਬੀਆਂ ਨੇ ਅਪਣਾਇਆ ਹੈ, ਉਹ ਹੈ ਮੈਰਿਜ-ਪੈਲੇਸਾਂ ਵਿੱਚ ਵਿਆਹ ਕਰਨਾ, ਜਿਸ ਨਾਲ ਅਸੀਂ ਇਨ੍ਹਾਂ ਦਾ ਕਿਰਾਇਆ ਤਾਂ ਦਿੰਦੇ ਹੀ ਹਾਂ, ਇਸ ਦੇ ਨਾਲ-ਨਾਲ ਸਾਡਾ ਘਰ ਵਿਆਹ ਦੀ ਰੌਣਕ ਮਾਣਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਸਾਰੀ ਚਹਿਲ-ਪਹਿਲ ਸਿਰਫ਼ ਮੈਰਿਜ-ਪੈਲੇਸ ਅੰਦਰ ਹੀ ਖ਼ਤਮ ਹੋ ਜਾਂਦੀ ਹੈ। ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਅੰਗ ਨਹੀਂ ਹੈ। ਜਿੱਥੋਂ ਤੱਕ ਹੋ ਸਕੇ ਘਰ ਵਿੱਚ ਹੀ ਵਿਆਹ ਦਾ ਪ੍ਰੋਗਰਾਮ ਕਰੋ। ਪੰਜਾਬੀ ਜੋ ਆਪਣੀ ਚੰਗੀ ਸਿਹਤ ਅਤੇ ਖੁਸ਼-ਮਿਜ਼ਾਜੀ ਲਈ ਜਾਣੇ ਜਾਂਦੇ ਸਨ, ਅੱਜ ਦਿਖਾਵੇ ਦੀ ਜ਼ਿੰਦਗੀ ਜਿਊਣ ਲੱਗੇ ਹਨ ਜਿਸ ਨਾਲ ਸਾਡੇ ਚਿਹਰੇ ਦੀ ਰੌਣਕ ਖੁੱਸ ਗਈ ਹੈ।
ਪੁਰਾਣੇ ਸਮੇਂ ਵਿੱਚ ਘਰ ਵਿੱਚ ਵਿਆਹ ਬੱਝਣ ਸਾਰ ਪਰਿਵਾਰ ਅਤੇ ਸ਼ਰੀਕਾ ਚਹਿਲ-ਪਹਿਲ ਸ਼ੁਰੂ ਕਰ ਦਿੰਦਾ ਸੀ। ਸ਼ਰੀਕੇ ਵੱਲੋਂ ਵੀ ਰਿਸ਼ਤੇਦਾਰਾਂ ਨੂੰ ਰੋਟੀ ਕਰੀ ਜਾਂਦੀ, ਜਿਸ ਨਾਲ ਪਰਿਵਾਰ ਤੋਂ ਬੋਝ ਥੋੜ੍ਹਾ ਘੱਟ ਜਾਂਦਾ ਸੀ। ਫਿਰ ਸਭ ਸਾਕ-ਸਬੰਧੀ ਮਿਲ ਕੇ ਤਿਆਰੀਆਂ ਕਰਦੇ, ਜਿਸ ਨਾਲ ਵਿਆਹ ਵਾਲੇ ਘਰ ’ਚ ਹਾਸੇ-ਠੱਠੇ ਅਤੇ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਰਹਿੰਦਾ। ਪਰ ਇਸ ਦੇ ਉਲਟ ਅੱਜਕੱਲ੍ਹ ਕਿਸੇ ਸ਼ਰੀਕੇ ਦੇ ਸਾਕ-ਸਬੰਧੀ ਨੇ ਤਾਂ ਕੰਮ ਕਰਨਾ ਦੂਰ ਦੀ ਕੌਡੀ ਹੈ, ਵਿਆਹ ਵਾਲੇ ਘਰ ਦਾ ਪਰਿਵਾਰ ਵੀ ਪੂਰੇ ਕੰਮ ਦਾ ਠੇਕਾ ਦੇ ਕੇ ਸੁਰਖੁਰੂ ਹੋ ਜਾਂਦਾ ਹੈ। ਇਸ ਦੇ ਦੋ ਤਰ੍ਹਾਂ ਦੇ ਮੁੱਖ ਨੁਕਸਾਨ ਹਨ, ਪਹਿਲਾਂ ਇਹ ਕਿ ਵਿਆਹ ਵਾਲਾ ਘਰ ਰੌਣਕ ਤੋਂ ਵਾਂਝਾ ਰਹਿੰਦਾ ਹੈ, ਵਿਆਹ ਦੀ ਰੌਣਕ ਸਿਰਫ਼ ਕਿਰਾਏ ’ਤੇ ਲਏ ਮੈਰਿਜ ਪੈਲੇਸ ਤੱਕ ਹੀ ਰਹਿੰਦੀ ਹੈ, ਰਿਸ਼ਤੇਦਾਰ ਵੀ ਸਿੱਧੇ ਵਿਆਹ ਦੇ ਦਿਨ ਪੈਲੇਸ ਵਿੱਚ ਹੀ ਪਹੁੰਚਦੇ ਹਨ। ਇਸ ਦਾ ਅਸਰ ਸਾਡੇ ਸੱਭਿਆਚਾਰ ’ਤੇ ਕਿਸੇ ਮਿੱਠੀ ਜ਼ਹਿਰ ਵਰਗਾ ਕੰਮ ਕਰ ਰਿਹਾ ਹੈ। ਸਾਡੇ ਆਪਸੀ ਰਿਸ਼ਤੇ, ਮੋਹ-ਮੁਹੱਬਤ ਮਨਫ਼ੀ ਹੁੰਦਾ ਜਾ ਰਿਹਾ ਹੈ, ਰਿਸ਼ਤੇ ਦਿਖਾਵੇ ਦੀ ਕਸਵੱਟੀ ’ਤੇ ਆਪਣੇ ਆਖਰੀ ਸਾਹ ਲੈਂਦੇ ਸਾਫ਼ ਨਜ਼ਰ ਆਉਂਦੇ ਹਨ।
ਇਸ ਤਰ੍ਹਾਂ ਦੇ ਅਜੋਕੇ ਵਿਆਹਾਂ ਦਾ ਦੂਜਾ ਨੁਕਸਾਨ ਆਰਥਿਕ ਪੱਖ ’ਤੇ ਪੈਂਦਾ ਹੈ। ਕਿੰਨਾ ਖ਼ਰਚਾ ਅਸੀਂ ਸਿਰਫ਼ ਦਿਖਾਵੇ ਦੀ ਦੌੜ ਜਿੱਤਣ ਲਈ ਕਰ ਦਿੰਦੇ ਹਾਂ। ਜੋ ਵਿਆਹ ਦਾ ਕਾਰਜ ਘਰ ਵਿੱਚ ਹੋ ਸਕਦਾ ਹੈ, ਉਸ ਦੀ ਥਾਂ ਅਸੀਂ ਕਿਰਾਏ ’ਤੇ ਮੈਰਿਜ ਪੈਲੇਸ ਕਰਦੇ ਹਾਂ, ਜਿਸ ਦਾ ਖ਼ਰਚ ਘੱਟੋ-ਘੱਟ 50-60 ਹਜ਼ਾਰ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਪਤਾ ਨਹੀਂ ਕਿੰਨੇ ਲੱਖਾਂ ਵਿੱਚ ਹੁੰਦਾ ਹੈ। ਇਹ ਵਾਧੂ ਖ਼ਰਚ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦਾ ਅੰਗ ਕਿਉਂ ਬਣਾ ਲਿਆ ਹੈ? ਫਿਰ ਵਿਆਹ ਦੇ ਪ੍ਰੋਗਰਾਮ ਵਿੱਚ ਕਿੰਨੇ ਹੀ ਪਕਵਾਨ ਪਕਾ ਕੇ ਉਨ੍ਹਾਂ ’ਤੇ ਹਜ਼ਾਰਾਂ ਰੁਪਏ ਲਗਾ ਕੇ ਵਿਅਰਥ ਚਲੇ ਜਾਂਦੇ ਹਨ। ਫਿਰ ਵਿਆਹ ਵਿੱਚ ਸੋਨੇ ਅਤੇ ਹੋਰ ਬੇਸ਼ਕੀਮਤੀ ਗਹਿਣਿਆਂ ਦਾ ਦੇਣ-ਲੈਣ ਆਪਣੇ ਆਪ ਵਿੱਚ ਉੱਚੇ-ਕੱਦ ਦਾ ਖ਼ਰਚਾ ਹੈ। ਇਹ ਹੋਰ ਵੀ ਹੈਰਾਨੀਜਨਕ ਹੁੰਦਾ ਹੈ ਜਦੋਂ ਮਰਗ ਦੇ ਭੋਗ ’ਤੇ ਵੀ ਸੋਨੇ ਦੀ ਮੁੰਦਰੀ ਪਾਉਣ ਦਾ ਰਿਵਾਜ ਚੱਲ ਰਿਹਾ ਹੈ। ਜ਼ਿੰਦਗੀ ਦੀ ਮਿਹਨਤਾਂ ਨਾਲ ਕਰੀ ਹੋਈ ਕਮਾਈ ਨੂੰ ਅਸੀਂ ਵਿਆਹਾਂ-ਭੋਗਾਂ ਦੇ ਇੱਕ ਦਿਨ ਦੇ ਦਿਖਾਵੇ ਲਈ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਾਂ, ਜੋ ਸਾਡੀ ਘਟ ਰਹੀ ਸੋਚ ਸ਼ਕਤੀ ਵੱਲ ਇਸ਼ਾਰਾ ਕਰਦਾ ਹੈ। ਕਈ ਪਰਿਵਾਰ ਖ਼ਰਚੇ ਵਾਲੇ ਵਿਆਹ ਕਰਨ ਤੋਂ ਬਾਅਦ ਆਰਥਿਕਤਾ ਪੱਖੋਂ ਅਜਿਹਾ ਡਗਮਗਾਉਂਦੇ ਹਨ ਕਿ ਸੰਭਲਣਾ ਮੁਸ਼ਕਿਲ ਹੋ ਜਾਂਦਾ ਹੈ।
ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਆਓ! ਅਸੀਂ ਦਿਖਾਵੇ ਦੇ ਖ਼ਰਚੇ ਭਰੇ ਵਿਆਹਾਂ ਦੀ ਰੀਤ ਨੂੰ ਆਪਣੇ ਸੱਭਿਆਚਾਰ ਤੋਂ ਪਰ੍ਹੇ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਪ੍ਰਣ ਲਈਏ ਕਿ ਅਸੀਂ ਸਾਦੇ ਤਰੀਕੇ ਦੇ ਵਿਆਹ ਜਾਂ ਭੋਗਾਂ ਲਈ ਸਮਾਜ ਨੂੰ ਜਾਗਰੂਕ ਕਰਾਂਗੇ। ਇਸ ਤਰ੍ਹਾਂ ਦੀ ਕੋਸ਼ਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਇੱਕ ਮੁਹਿੰਮ ‘ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਰਾਹੀਂ ਵੀ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮੰਤਵ ਪੰਜਾਬੀ ਕਿਰਸਾਨੀ ਨੂੰ ਵਾਧੂ ਖ਼ਰਚਿਆਂ ਤੋਂ ਸੁਚੇਤ ਕਰਕੇ, ਦਿਖਾਵੇ ਦੀ ਜ਼ਿੰਦਗੀ ਤੋਂ ਬਾਹਰ ਕੱਢਣਾ ਹੈ, ਜੋ ਸਾਡੇ ਕਿਸਾਨ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਅਣਚਾਹੀਆਂ ਰਾਹਾਂ ਜਾਂ ਖੁਦਕੁਸ਼ੀਆਂ ਵੱਲ ਧੱਕ ਦਿੰਦੀ ਹੈ। ਜਾਂ ਇਹ ਕਹਿ ਲਈਏ:
ਸਾਧਾਰਨ ਜੀਵਨ-ਜਾਚ ਤੇ ਉੱਚੀ ਸੋਚ ਹੈ
ਪੰਜਾਬੀਆ ਤੇਰੀ ਆਨ।
ਛੱਡ ਦਿਖਾਵਾ, ਵਾਧੂ ਖ਼ਰਚੇ,
ਬਣ ਸੱਭਿਆਚਾਰ ਦੀ ਸ਼ਾਨ।
ਸੰਪਰਕ: 95922-27589