ਰਾਜਵੰਤ ਸਿੰਘ ਤੱਖੀ
ਅਜੋਕੇ ਪੌਲੀਵੁੱਡ ’ਚ ਪੁਰਾਤਨ ਪੰਜਾਬ ਦੀ ਝਲਕ ਆਮ ਹੀ ਵੇਖਣ ਨੂੰ ਮਿਲ ਰਹੀ ਹੈ ਤੇ ਅਜਿਹੀਆਂ ਪਟਕਥਾਵਾਂ ’ਤੇ ਬਣਾਈਆਂ ਜਾਂਦੀਆਂ ਫ਼ਿਲਮਾਂ ਲਈ ਵੀ ਅਜਿਹੇ ਹੀ ਚਿਹਰਿਆਂ ਦੀ ਤਲਾਸ਼ ਹੁੰਦੀ ਹੈ, ਜੋ ਇਸ ਤਰ੍ਹਾਂ ਦੇ ਕਿਰਦਾਰਾਂ ਲਈ ਢੁਕਵੇਂ ਬੈਠਦੇ ਹੋਣ। ਭਾਵੇਂ ਪੌਲੀਵੁੱਡ ਵਿਚ ਕਈ ਅਜਿਹੇ ਚਿਹਰੇ ਸਰਗਰਮ ਹਨ, ਜੋ ਹਰ ਕਿਰਦਾਰ ਨੂੰ ਬਾਖੂਬੀ ਨਿਭਾ ਰਹੇ ਹਨ, ਪਰ ਇਸੇ ਵਿਚਕਾਰ ਇਕ ਨਾਂ ਆਉਂਦਾ ਹੈ ਪ੍ਰਸਿੱਧ ਅਭਿਨੇਤਰੀ ਸਿੰਮੀ ਚਾਹਲ ਦਾ, ਜਿਸਨੇ ਆਪਣੀ ਪਹਿਲੀ ਫ਼ਿਲਮ ਦੇ ਨਾਲ ਹੀ ਪੌਲੀਵੁੱਡ ਵਿਚ ਅਜਿਹੀ ਛਾਪ ਛੱਡੀ ਕਿ ਦੇਖਦੇ ਹੀ ਦੇਖਦੇ ਇਹ ਕੁੜੀ ਅੱਜ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣ ਗਈ ਹੈ।
ਗੱਲ 2016 ਵਿਚ ਰਿਲੀਜ਼ ਹੋਈ ਫ਼ਿਲਮ ‘ਬੰਬੂਕਾਟ’ ਦੀ ਹੈ ਜਿਸ ਵਿਚ ਪ੍ਰਸਿੱਧ ਅਭਿਨੇਤਾ ਤੇ ਗਾਇਕ ਐਮੀ ਵਿਰਕ ਤੇ ਬੀਨੂੰ ਢਿੱਲੋਂ ਸ਼ਾਮਲ ਸਨ। ਇਸ ਫ਼ਿਲਮ ਵਿਚ ਕੀਤੇ ਕੰਮ ਦੀ ਬਦੌਲਤ ਜਿੱਥੇ ਸਿੰਮੀ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਮਿਲਿਆ, ਉੱਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਰਸਤੇ ਵੀ ਉਸ ਲਈ ਆਸਾਨ ਹੋ ਗਏ। ਭਾਵੇਂ ਇਸ ਫ਼ਿਲਮ ਵਿਚ ਸਿੰਮੀ ਦਾ ਕਿਰਦਾਰ ਸ਼ਾਂਤਮਈ ਸੁਭਾਅ ਦੀ ਲੜਕੀ ਵਾਲਾ ਸੀ, ਪਰ ਫ਼ਿਲਮ ਵਿਚ ਬਿਹਤਰੀਨ ਅਦਾਕਾਰੀ ਕਰਕੇ ਉਸਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਲਿਆ ਸੀ। ਚੁਲਬੁਲਾ ਅੰਦਾਜ਼ ਹੋਣ ਕਰਕੇ ਪੰਜਾਬੀ ਫ਼ਿਲਮਾਂ ਵਿਚ ਉਸਦੀ ਸ਼ਮੂਲੀਅਤ ਆਮ ਹੀ ਹੋਣ ਲੱਗੀ ਹੈ। ਉਹ ਹੁਣ ਤਕ ਦਰਜਨਾਂ ਫ਼ਿਲਮਾਂ ਵਿਚ ਲੀਡ ਰੋਲ ਕਰ ਚੁੱਕੀ ਹੈ।
1992 ਵਿਚ ਪੈਦਾ ਹੋਈ ਸਿੰਮੀ ਚਾਹਲ ਦੀ ਸਰਗਰਮੀ ਸਾਲ 2014 ਤੋਂ ਸ਼ੁਰੂ ਹੁੰਦੀ ਹੈ। ਉਦੋਂ ਉਸਨੇ ਪਹਿਲੀ ਵਾਰ ਮਨੋਰੰਜਨ ਉਦਯੋਗ ਵਿਚ ਪੈਰ ਧਰਿਆ ਸੀ, ਜਿੱਥੇ ਉਸਨੇ ਕੁਝ ਪੰਜਾਬੀ ਸੰਗੀਤਕ ਵੀਡਿਓਜ਼ ਵਿਚ ਭੂਮਿਕਾ ਨਿਭਾਈ ਸੀ। ਉਸਦੀ ਇਸ ਪ੍ਰਤਿਭਾ ਦੀ ਬਦੌਲਤ 2016 ਵਿਚ ਆਈ ਫ਼ਿਲਮ ‘ਬੰਬੂਕਾਟ’ ’ਚ ਉਸਨੂੰ ਕਿਰਦਾਰ ਮਿਲਿਆ ਸੀ। ਉਹ ਹੁਣ ਤਕ ਦਰਜਨਾਂ ਫ਼ਿਲਮਾਂ ਵਿਚ ਚਰਚਿਤ ਅਦਾਕਾਰਾਂ ਐਮੀ ਵਿਰਕ, ਅਮਰਿੰਦਰ ਗਿੱਲ, ਬੀਨੂੰ ਢਿੱਲੋਂ, ਹਰੀਸ਼ ਖ਼ੁਰਾਣਾ, ਅੰਬਰਦੀਪ ਸਿੰਘ, ਤਰਸੇਮ ਜੱਸੜ, ਗਿੱਪੀ ਗਰੇਵਾਲ ਆਦਿ ਨਾਲ ਕੰਮ ਕਰ ਚੁੱਕੀ ਹੈ। ਉਸਨੇ ‘ਸਰਵਣ‘, ‘ਰੱਬ ਦਾ ਰੇਡੀਓ’, ‘ਗੋਲਕ
ਬੁਗਨੀ ਬੈਂਕ ਤੇ ਬਟੂਆ’, ‘ਦਾਣਾ ਪਾਣੀ’, ‘ਭੱਜੋ ਵੀਰੋ ਵੇ’, ‘ਰੱਬ ਦਾ ਰੇਡੀਓ-2’, ‘ਮੰਜੇ ਬਿਸਤਰੇ-2’, ‘ਚੱਲ ਮੇਰਾ ਪੁੱਤ’ ਤੇ ‘ਚੱਲ ਮੇਰਾ ਪੁੱਤ-2’ ਵਰਗੀਆਂ ਫ਼ਿਲਮਾਂ ਵੀ ਕੀਤੀਆਂ ਹਨ। ਥੋੜ੍ਹੇ ਸਮੇਂ ਵਿਚ ਪੌਲੀਵੁੱਡ ਵਿਚ ਆਪਣਾ ਸਥਾਨ ਬਣਾਉਣ ਵਾਲੀ ਸਿੰਮੀ ਅੱਜ ਵਧੀਆ ਮੁਕਾਮ ’ਤੇ ਹੈ। ਫ਼ਿਲਮੀ ਪਰਦੇ ’ਤੇ ਹਰ ਵਾਰ ਨਵੇਂ ਅੰਦਾਜ਼ ਨਾਲ ਹਾਜ਼ਰੀ ਲਗਾਉਣ ਵਾਲੀ ਸਿੰਮੀ ਦੀ ਅਦਾਕਾਰੀ ਨੂੰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਵੀ ਪੰਜਾਬੀ ਸਰੋਤਿਆਂ ਦੀ ਝੋਲੀ ਹੋਰ ਫ਼ਿਲਮਾਂ ਪਾਉਣ ਵਾਲੀ ਹੈ।
ਸੰਪਰਕ: 98554-87835