ਮੁੰਬਈ, 6 ਸਤੰਬਰ
ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਸੰਵੇਦਨਸ਼ੀਲਤਾ ਦਿਖਾਉਣ ਲਈ ਮੁੰਬਈ ਪੁਲੀਸ ਦਾ ਧੰਨਵਾਦ ਕੀਤਾ ਹੈ। ਟੀਵੀ ਸ਼ੋਅ ‘ਬਾਲਿਕਾ ਵਧੂ’ ਅਤੇ ‘ਬਿੱਗ ਬੌਸ 13’ ਰਾਹੀਂ ਨਾਮਣਾ ਖੱਟਣ ਵਾਲੇ 40 ਸਾਲਾ ਅਦਾਕਾਰ ਦਾ ਬੀਤੇ ਵੀਰਵਾਰ ਦੇਹਾਂਤ ਹੋ ਗਿਆ ਸੀ। ਉਸ ਦੀ ਅਚਾਨਕ ਮੌਤ ਨੇ ਕਲਾਕਾਰਾਂ ’ਤੇ ਪੈਣ ਵਾਲੇ ਦਬਾਅ ਸਬੰਧੀ ਨਵੀਂ ਬਹਿਸ ਛੇੜ ਦਿੱਤੀ ਹੈ। ਪਰਿਵਾਰ ਨੇ ਬਿਆਨ ਰਾਹੀਂ ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਸ਼ੁੱਭ ਚਿੰਤਕਾਂ ਦਾ ਵੀ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਸਿਧਾਰਥ ਦੇ ਸਫਰ ਦਾ ਹਿੱਸਾ ਰਹੇ ਹਨ ਅਤੇ ਉਸ ਨੂੰ ਬਿਨਾਂ ਸ਼ਰਤ ਪਿਆਰ ਦਿੱਤਾ ਹੈ। ਇਹ ਨਿਸ਼ਚਤ ਤੌਰ ’ਤੇ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਉਹ ਹੁਣ ਸਦਾ ਲਈ ਸਾਡੇ ਦਿਲਾਂ ਵਿੱਚ ਰਹੇਗਾ।’’ ਉਨ੍ਹਾਂ ਕਿਹਾ, ‘‘ਮੁੰਬਈ ਪੁਲੀਸ ਦਾ ਸੰਵੇਦਨਸ਼ੀਲਤਾ ਅਤੇ ਹਮਦਰਦੀ ਲਈ ਵਿਸ਼ੇਸ਼ ਧੰਨਵਾਦ। ਉਹ ਸੁਰੱਖਿਆ ਲਈ ਸਾਡੇ ਨਾਲ ਹਰ ਪਲ ਇੱਕ ਢਾਲ ਦੀ ਤਰ੍ਹਾਂ ਰਹੇ। ਕਿਰਪਾ ਕਰਕੇ ਸਿਧਾਰਥ ਨੂੰ ਆਪਣੀਆਂ ਯਾਦਾਂ ਅਤੇ ਦੁਆਵਾਂ ਵਿੱਚ ਰੱਖੋ।’’ ਪੁਲੀਸ ਅਤੇ ਹਸਪਤਾਲ ਦੇ ਸੂਤਰਾਂ ਅਨੁਸਾਰ ਸਿਧਾਰਥ ਦੇ ਸਰੀਰ ’ਤੇ ਕੋਈ ਬਾਹਰੀ ਸੱਟਾਂ ਨਹੀਂ ਸਨ ਅਤੇ ਮੁੱਢਲੀਆਂ ਰਿਪੋਰਟਾਂ ਵਿੱਚ ਵੀ ਗੈਰ-ਕੁਦਰਤੀ ਮੌਤ ਦੇ ਕੋਈ ਸੰਕੇਤ ਨਹੀਂ ਮਿਲੇ। ਸਿਧਾਰਥ ਦੇ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਦੋ ਭੈਣਾਂ ਹਨ। ਮਾਡਲ ਤੋਂ ਅਦਾਕਾਰ ਬਣੇ ਅਦਾਕਾਰ ਨੇ ‘ਬਾਬੁਲ ਕਾ ਆਂਗਨ ਛੂਟੇ ਨਾ’ ਰਾਹੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ‘ਬਾਲਿਕਾ ਵਧੂ’ ਰਾਹੀਂ ਉਸ ਨੇ ਪ੍ਰਸਿੱਧੀ ਖੱਟੀ। -ਪੀਟੀਆਈ