ਗੁਰਮੀਤ ਸਿੰਘ*
ਭੂਰਾ ਮੱਘ ਵੱਡੇ ਹੰਸ ਦੀ ਇੱਕ ਪ੍ਰਜਾਤੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਗ੍ਰੇਲੈਗ ਗੂਜ (Graylag goose-Anser anser) ਤੇ ਹਿੰਦੀ ਵਿੱਚ ‘ਬੜਾ ਸਵਨ’ ਕਹਿੰਦੇ ਹਨ। ਇਹ ਘਰੇਲੂ ਭੂਰੀਆਂ ਵੱਡੀਆਂ ਬੱਤਖਾਂ ਵਰਗੇ ਹੁੰਦੇ ਹਨ ਅਤੇ ਸਿਆਲੀ ਪਰਵਾਸੀ ਪੰਛੀ ਹੈ। ਇਹ ਟੋਲੀਆਂ ਵਿੱਚ ਛੰਭਾਂ, ਝੀਲਾਂ, ਦਰਿਆਵਾਂ, ਖੁੱਲ੍ਹੇ ਇਲਾਕਿਆਂ ਅਤੇ ਖੇਤਾਂ ਕੋਲ ਮਿਲਦੇ ਹਨ। ਭੂਰੇ ਮੱਘ ਭਾਰਤੀ ਉਪ ਮਹਾਂਦੀਪ ਅਤੇ ਚੀਨ ਸਮੇਤ ਕਈ ਯੂਰਪੀਅਨ ਅਤੇ ਏਸ਼ੀਆਈ ਦੇਸ਼ਾਂ ਵਿੱਚ ਮਿਲਦੇ ਹਨ। ਪੰਜਾਬ ਦੀ ਹਰੀਕੇ ਝੀਲ ਵਿੱਚ ਇਸ ਨੂੰ ਵੱਡੀ ਗਿਣਤੀ ਵਿੱਚ ਵੇਖਿਆ ਜਾ ਸਕਦਾ ਹੈ।
ਇਹ 75 ਤੋਂ 85 ਸੈਂਟੀਮੀਟਰ ਦੇ ਕੱਦ-ਕਾਠ ਦਾ ਲਗਭਗ 3 ਤੋਂ 4 ਕਿਲੋਗ੍ਰਾਮ ਤੱਕ ਭਾਰਾ ਪੰਛੀ ਹੈ। ਇਸ ਦੀਆਂ ਅੱਖਾਂ ਭੂਰੀਆਂ ਅਤੇ ਚੁੰਝ ਗੁਲਾਬੀ ਹੁੰਦੀ ਹੈ ਜੋ ਅੱਗੇ ਸਿਰੇ ਤੋਂ ਫਿੱਕੀ ਹੁੰਦੀ ਹੈ। ਇਸ ਦੇ ਪਹੁੰਚੇ ਗੁਲਾਬੀ ਹੁੰਦੇ ਹਨ। ਇਹ ਬਸੰਤ ਰੁੱਤ ਵਿੱਚ ਆਪਣੇ ਉੱਤਰੀ ਪ੍ਰਜਣਨ ਦੇ ਸਥਾਨਾਂ ਦੀ ਯਾਤਰਾ ਕਰਦੇ ਹਨ। ਇਹ ਪੰਛੀ ਦਲਦਲ, ਝੀਲਾਂ ਦੇ ਆਲੇ-ਦੁਆਲੇ ਅਤੇ ਤੱਟਵਰਤੀ ਟਾਪੂਆਂ ’ਤੇ ਆਲ੍ਹਣੇ ਬਣਾਉਂਦੇ ਹਨ।
ਭੂਰੇ ਮੱਘਾਂ ਦੀ ਆਵਾਜ਼ ਘਰੇਲੂ ਬੱਤਖਾਂ ਵਰਗੀ ਉੱਚੀ ਹੁੰਦੀ ਹੈ-ਆਹੰਗ-ਉੰਗ-ਉੰਗ, ਇਹ ਆਵਾਜ਼ ਜ਼ਮੀਨ ਤੇ ਜਾਂ ਉਡਾਣ ਦੌਰਾਨ ਉਚਾਰੀ ਜਾਂਦੀ ਹੈ। ਕਈ ਬਾਰ ਭੂਰੇ ਮੱਘ ਹਲਕੀ ਚਹਿਕਦੇ ਹਨ ਜਾਂ ਸੀਟੀ ਵਜਾਉਂਦੇ ਹਨ। ਛੋਟੇ ਮੱਘ ਜੇਕਰ ਗੁੱਸੇ ਵਿੱਚ ਹੋਣ ਤਾਂ ਉੱਚੀ ਚੀਕਦੇ ਹਨ। ਇਹ ਪੰਛੀ ਇੱਕ ਬਾਰ ਜੋੜਾ ਬਣਾ ਕੇ ਰਹਿੰਦੇ ਹਨ। ਇਹ ਪ੍ਰਜਣਨ ਸਮੇਂ ਪਰੇਸ਼ਾਨੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ।
ਇਹ ਬੜਾ ਸ਼ਰਮਾਕਲ ਪੰਛੀ ਹੈ। ਇਹ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਹਨ ਅਤੇ ਮੁੱਖ ਤੌਰ ’ਤੇ ਘਾਹ ਖਾਂਦੇ ਹਨ। ਇਹ ਅਕਸਰ ਭੇਡਾਂ ਜਾਂ ਗਾਵਾਂ ਦੇ ਨਾਲ ਚਰਾਗਾਹਾਂ ਵਿੱਚ ਖਾਂਦੇ ਦੇਖੇ ਜਾ ਸਕਦੇ ਹਨ। ਇਹ ਦਿਨ ਵੇਲੇ ਖਾਣ ਦਾ ਕੰਮ ਘੱਟ ਕਰਦੇ ਹਨ। ਇਹ ਪੰਛੀ ਦਿਨ ਵੇਲੇ ਦਰਿਆਵਾਂ, ਝੀਲਾਂ ਦੇ ਕੰਢਿਆਂ ’ਤੇ ਆਰਾਮ ਕਰਦੇ ਹਨ। ਸ਼ਾਮ ਵੇਲੇ ਪੈਲੀਆਂ ਵਿੱਚ ਚੁੱਗਣ ਆ ਜਾਂਦੇ ਹਨ ਅਤੇ ਫਿਰ ਇਹ ਸਾਰੀ ਰਾਤ ਚੁੱਗਦੇ ਰਹਿੰਦੇ ਹਨ।
ਇਨ੍ਹਾਂ ਦੇ ਨਰ ਮਾਦਾ ਇੱਕੋ ਜਿਹੇ ਲੱਗਦੇ ਹਨ। ਕਈ ਖੇਤਰਾਂ ਵਿੱਚ ਭੂਰਾ ਮੱਘ ਇੱਕ ਕੀਟ ਪ੍ਰਜਾਤੀ ਬਣ ਜਾਂਦਾ, ਜਿੱਥੇ ਇਸ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਨ੍ਹਾਂ ਪੰਛੀਆਂ ਨੂੰ ਇਸ ਵੇਲੇ ਸ਼ਿਕਾਰ, ਵਾਸ ਦੀ ਬਰਬਾਦੀ, ਖੇਤੀਬਾੜੀ ਵਿੱਚ ਤਬਦੀਲੀ, ਪ੍ਰਦੂਸ਼ਣ, ਵੈਟਲੈਂਡ ਪ੍ਰਬੰਧਨ ਅਭਿਆਸਾਂ ਨੂੰ ਬਦਲਣਾ ਅਤੇ ਲੋਕਾਂ ਵੱਲੋਂ ਸਤਾਏ ਜਾਣਾ ਆਦਿ ਮੁੱਖ ਖਤਰੇ ਹਨ। ਇਸ ਨੂੰ ਆਈ.ਯੂ. ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਨੇ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ। ਇਸ ਨੂੰ ਐਕਟ ਦੇ ਸ਼ਡਿਊਲ-IV ਵਿੱਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910