ਮੁੰਬਈ: ਬੌਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੀ ਧੀ ਸ਼ਰਧਾ ਕਪੂਰ ਤੇ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਸਿਨੇ ਜਗਤ ਵਿੱਚ ਸਥਾਪਤ ਹੋਣ ਲਈ ਬਹੁਤ ਮਿਹਨਤ ਕੀਤੀ ਹੈ। ਅਦਾਕਾਰਾ ਸ਼ਰਧਾ ਕਪੂਰ ਦੇ ਪਿਤਾ ਸ਼ਕਤੀ ਕਪੂਰ ਨੇ ਆਖਿਆ ਕਿ ਸਿਨੇ ਜਗਤ ਵਿੱਚ ਨਾਮਣਾ ਤੇ ਪ੍ਰਸਿੱਧੀ ਖੱਟਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਇਹ ਰਾਹ ਸੌਖਾ ਨਹੀਂ ਹੁੰਦਾ। ਸ਼ਕਤੀ ਕਪੂਰ ਨੇ ਆਖਿਆ, ‘ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਨਹੀਂ ਕਰਦੇ ਤਾਂ ਤੁਸੀਂ ਕਿਸੇ ਲਈ ਆਦਰਸ਼ ਨਹੀਂ ਬਣ ਸਕਦੇ। ਮੇਰੀ ਤੇ ਚੰਕੀ ਪਾਂਡੇ ਦੀ ਧੀ (ਸ਼ਰਧਾ ਤੇ ਅਨੰਨਿਆ) ਸਿਨੇ ਜਗਤ ਵਿੱਚ ਸਖ਼ਤ ਮਿਹਨਤ ਸਦਕਾ ਸਥਾਪਿਤ ਹੋਈਆਂ ਹਨ। ਉਨ੍ਹਾਂ ਨੂੰ ਇਹ ਮੁਕਾਮ ਸ਼ਕਤੀ ਕਪੂਰ ਤੇ ਚੰਕੀ ਪਾਂਡੇ ਦੀ ਧੀ ਹੋਣ ਕਰਕੇ ਨਹੀਂ ਮਿਲਿਆ।’’ ਸ਼ਕਤੀ ਕਪੂਰ ਨੇ ਕਿਹਾ ਕਿ ਰੈਮੋ ਡਿਸੂਜ਼ਾ ਦੀ ‘ਏਬੀਸੀਡੀ-2’ ਵਿੱਚ ਕੰਮ ਕਰਦਿਆਂ ਸ਼ਰਧਾ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਉਸ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਉਸ ਵੇਲੇ ਸ਼ਰਧਾ ਜਦੋਂ ਘਰ ਮੁੜਦੀ ਸੀ ਤਾਂ ਅਕਸਰ ਉਸ ਦੇ ਪੈਰਾਂ ’ਤੇ ਸੱਟਾਂ ਲੱਗੀਆਂ ਹੁੰਦੀਆਂ ਸਨ। ਕਈ-ਕਈ ਘੰਟਿਆਂ ਦੀ ਰਿਹਰਸਲ ਕਾਰਨ ਉਸ ਦੀ ਪਿੱਠ ’ਚ ਦਰਦ ਹੋ ਰਿਹਾ ਹੁੰਦਾ ਸੀ। ਸ਼ਰਧਾ ਤੇ ਅਨੰਨਿਆ ਪਾਂਡੇ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।’ -ਆਈਏਐੱਨਐੱਸ