ਮੁੰਬਈ, 3 ਨਵੰਬਰ
ਅਦਾਕਾਰਾ ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਰਸ਼ਮੀ ਰਾਕੇਟ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪ੍ਰੋਡਿਊਸਰ ਰੌਨੀ ਸਕਰਿਊਵਾਲਾ ਦੇ ਬੈਨਰ ਆਰਐੱਸਵੀਪੀ ਨੇ ਅੱਜ ਇਹ ਐਲਾਨ ਕੀਤਾ ਹੈ। ਫ਼ਿਲਮ ਦੀ ਸ਼ੂਟਿੰਗ ਕੱਛ (ਗੁਜਰਾਤ) ਵਿੱਚ ਸ਼ੁਰੂ ਹੋ ਗਈ ਹੈ, ਜਿਸ ਵਿੱਚ ਪੰਨੂ ਹੁਨਰਮੰਦ ਅਥਲੀਟ ਦੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਆਕਰਸ਼ ਖੁਰਾਨਾ ਇਸ ਫ਼ਿਲਮ ਦੇ ਨਿਰਦੇਸ਼ਕ ਹਨ। ਆਰਐੱਸਵੀਪੀ ਵੱਲੋਂ ਫ਼ਿਲਮ ਦੀ ਸ਼ੂਟਿੰਗ ਬਾਰੇ ਐਲਾਨ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਕੀਤਾ ਗਿਆ ਹੈ। ਫ਼ਿਲਮ ਦੀ ਸ਼ੂਟਿੰਗ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਹੋਣੀ ਸੀ, ਪਰ ਕਰੋਨਾ ਮਹਾਮਾਰੀ ਕਾਰਨ ਇਸ ਨੂੰ ਅੱਗੇ ਪਾਊਣਾ ਪਿਆ। ਫ਼ਿਲਮ ਦੀ ਕਹਾਣੀ ਨੰਦਾ ਪੈਰਿਆਸਾਮੀ, ਅਨਿਰੁਧ ਗੁਹਾ ਅਤੇ ਕਨਿਕਾ ਢਿੱਲੋਂ ਵੱਲੋਂ ਲਿਖੀ ਗਈ ਹੈ, ਜਦੋਂਕਿ ‘ਦੇਵ ਡੀ’, ‘ਲੁਟੇਰਾ’, ਕੁਈਨ’ ਅਤੇ ‘ਕੇਦਾਰਨਾਥ’ ਫ਼ਿਲਮਾਂ ਦੇ ਸੰਗੀਤਕਾਰ ਅਮਿਤ ਤ੍ਰਿਵੇਦੀ ਇਸ ਵਿੱਚ ਸੰਗੀਤ ਦੇਣਗੇ। ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। -ਪੀਟੀਆਈ