ਮੁੰਬਈ: ਗਾਇਕਾ ਅਤੇ ਅਦਾਕਾਰਾ ਸ਼ਰਲੇ ਸੇਤੀਆ ਆਪਣਾ ਨਵਾਂ ਗੀਤ ‘ਤੇਰੇ ਨਾਲ ਰਹਿਨੀਆ’ ਰਿਲੀਜ਼ ਕਰਨ ਦੀ ਤਿਆਰੀ ਵਿੱਚ ਹੈ। ਇਹ ਇੱਕ ਰੁਮਾਂਟਿਕ ਗੀਤ ਹੈ, ਜਿਸ ਦੀ ਵੀਡੀਓ ਵਿੱਚ ਸ਼ਰਲੇ ਗੁਰਨਜ਼ਰ ਨਾਲ ਦਿਖਾਈ ਦੇਵੇਗੀ। ਗਾਣੇ ਦੀ ਵੀਡੀਓ ਰੌਬੀ ਸਿੰਘ ਨੇ ਬਣਾਈ ਹੈ। ਗੀਤ ਬਾਰੇ ਗੱਲ ਕਰਦਿਆਂ ਸ਼ਰਲੇ ਨੇ ਕਿਹਾ, ‘‘ਗੀਤ ‘ਤੇਰੇ ਨਾਲ ਰਹਿਨੀਆ’ ਮੇਰੇ ਦਿਲ ਦੇ ਬੇਹੱਦ ਨੇੜੇ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਉਹ ਚੀਜ਼ ਹੈ, ਜਿਸ ਦਾ ਸਬੰਧ ਹਰ ਕਿਸੇ ਨਾਲ ਹੋਵੇਗਾ। ਅਸੀਂ ਇਸ ਨੂੰ ਬੜੇ ਪਿਆਰ ਨਾਲ ਬਣਾਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।’’ ਇਹ ਗਾਣਾ 25 ਸਤੰਬਰ ਨੂੰ ਰਿਲੀਜ਼ ਹੋਵੇਗਾ। ਸ਼ਰਲੇ ਨੇ ਅਦਾਕਾਰੀ ਦੇ ਖੇਤਰ ਵਿੱਚ ਸ਼ੁਰੂਆਤ ਹਿੰਦੀ ਫਿਲਮ ‘ਮੱਕਾ’ ਤੋਂ ਕੀਤੀ ਸੀ। ਉਹ ਆਉਣ ਵਾਲੀ ਫਿਲਮ ‘ਨਿਕੰਮਾ’ ਵਿੱਚ ਵੀ ਅਭਿਮੰਨਿਊ ਦਾਸਾਨੀ ਨਾਲ ਵੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਹ ਤੇਲਗੂ ਫਿਲਮਾਂ ਰਾਹੀਂ ਇੱਕ ਨਵੀਂ ਸ਼ੁਰੂਆਤ ਕਰਨ ਦੀ ਤਿਆਰੀ ਵਿੱਚ ਵੀ ਹੈ। ਉਹ ਅਨੀਸ ਕ੍ਰਿਸ਼ਨਾ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਵਿੱਚ ਨਾਗਾ ਸ਼ੌਰਿਆ ਨਾਲ ਦਿਖਾਈ ਦੇਵੇਗੀ, ਹਾਲਾਂਕਿ ਫਿਲਮ ਦਾ ਨਾਮ ਹਾਲੇ ਸਪੱਸ਼ਟ ਨਹੀਂ ਹੈ। -ਆਈਏਐੱਨਐੱਸ