ਮੁੰਬਈ, 16 ਸਤੰਬਰ
ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਮੁੰਬਈ ਪੁਲੀਸ ਨੂੰ ਦਿੱਤੇ ਬਿਆਨ ’ਚ ਦਾਅਵਾ ਕੀਤਾ ਹੈ ਕਿ ਆਪਣੇ ਕੰਮਾਂ ਦੇ ਵਧੇਰੇ ਰੁਝੇਵੇਂ ਹੋਣ ਕਰਕੇ ਉਹ ਪਤੀ ਰਾਜ ਕੁੰਦਰਾ ਦੇ ਕੰਮਾਂ ਤੋਂ ਜਾਣੂ ਨਹੀਂ ਸੀ। ਪੁਲੀਸ ਵੱਲੋਂ ਅਸ਼ਲੀਲ ਫਿਲਮਾਂ ਨਾਲ ਸਬੰਧਤ ਕੇਸ ’ਚ ਇਥੇ ਅਦਾਲਤ ’ਚ ਦਾਖ਼ਲ ਪੂਰਕ ਚਾਰਜਸ਼ੀਟ ’ਚ ਸ਼ਿਲਪਾ ਦਾ ਬਿਆਨ ਵੀ ਦਰਜ ਕੀਤਾ ਗਿਆ ਹੈ। ਕਰੀਬ 1500 ਪੰਨਿਆਂ ਦੀ ਚਾਰਜਸ਼ੀਟ ’ਚ ਰਾਜ ਕੁੰਦਰਾ (46) ਅਤੇ ਉਸ ਦੇ ਸਹਾਇਕ ਰਿਆਨ ਥੋਰਪੇ ਦਾ ਨਾਮ ਸ਼ਾਮਲ ਹੈ। ਇਕ ਹੋਰ ਅਦਾਕਾਰਾ ਸ਼ਰਲਿਨ ਚੋਪੜਾ ਨੇ ਆਪਣੇ ਬਿਆਨ ’ਚ ਪੁਲੀਸ ਨੂੰ ਦੱਸਿਆ ਹੈ ਕਿ ਕੁੰਦਰਾ ਨੇ ਉਸ ਨੂੰ ਹੌਟਸ਼ਾਟਸ ਐਪ ’ਚ ਬਿਨਾਂ ਕਿਸੇ ਝਿਜਕ ਦੇ ਕੰਮ ਕਰਨ ਲਈ ਕਿਹਾ ਸੀ। ਚਾਰਜਸ਼ੀਟ ਮੁਤਾਬਕ ਚੋਪੜਾ ਨੇ ਦੱਸਿਆ ਕਿ ਹੌਟਸ਼ਾਟਸ ਐਪ ’ਚ ਬੋਲਡ ਅਤੇ ਹੌਟ ਵੀਡੀਓਜ਼ ਹੋਣਗੇ ਪਰ ਉਸ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੁੰਦਰਾ ਅਤੇ ਥੋਰਪੇ ਨੂੰ ਮੁੰਬਈ ਪੁਲੀਸ ਨੇ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ’ਚ ਹਨ। ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਸੈਸ਼ਨ ਅਦਾਲਤ ’ਚ ਬਕਾਇਆ ਪਈਆਂ ਹਨ। -ਪੀਟੀਆਈ