ਮੁੰਬਈ: ਅਦਾਕਾਰਾ ਕੰਗਣਾ ਰਣੌਤ ਦੀ ਨਵੀਂ ਆ ਰਹੀ ਫ਼ਿਲਮ ‘ਧਾਕੜ’ ਦੇ ਨਵੇਂ ਗੀਤ ‘ਸ਼ੀ ਇਜ਼ ਔਨ ਫਾਇਰ’ ਬਾਰੇ ਗੱਲ ਕਰਦਿਆਂ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੰਗਣਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਗੀਤ ਉਸ ’ਤੇ ਬਿਲਕੁਲ ਢੁਕਦਾ ਹੈ। ਇਸ ਗੀਤ ਵਿੱਚ ਕੰਗਣਾ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਈ ਸ਼ਿਲਪਾ ਨੇ ਆਖਿਆ ਕਿ ਇਸ ਗੀਤ ਵਿੱਚ ਸੱਚਮੁਚ ਕੰਗਣਾ ਨੇ ਅੱਗ ਲਾ ਦਿੱਤੀ ਹੈ ਤੇ ਫ਼ਿਲਮ ਦਾ ਨਾਮ ‘ਧਾਕੜ’ ਵੀ ਉਸ ’ਤੇ ਢੁਕਦਾ ਹੈ। ਇਹ ਗੀਤ ਰੈਪਰ ਬਾਦਸ਼ਾਹ ਨੇ ਲਿਖਿਆ ਤੇ ਉਸ ਨਾਲ ਨਿਤਿਕਾ ਗਾਂਧੀ ਨੇ ਗਾਇਆ ਹੈ। ਇਸ ਗੀਤ ਨੂੰ ਸੰਗੀਤ ਹਿਤੇਨ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਗੀਤ ਬਾਰੇ ਗੱਲ ਕਰਦਿਆਂ ਕੰਗਨਾ ਨੇ ਕਿਹਾ ਸੀ, ‘ਮੇਰੇ ਅੰਦਰ ਆਪਣੇ ਦੁਸ਼ਮਨਾਂ ਦਾ ਨਾਸ਼ ਕਰਨ ਵਾਲੀ ਅੱਗ ਦਾ ਭਾਂਬੜ ਬਲਦਾ ਹੈ। ਇਸ ਗੀਤ ਵਿੱਚ ਉਸ ਦਾ ਕਦੇ ਹਾਰ ਨਾ ਮੰਨਣ ਵਾਲਾ ਜਨੂੰਨ ਵੀ ਖ਼ੂਬਸੂਰਤ ਅੰਦਾਜ਼ ਵਿੱਚ ਦਿਖਾਈ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਇਹ ਫਿਲਮ ਦੀਪਕ ਮੁਕਟ ਤੇ ਸੋਹੇਲ ਮਕਲਾਈ ਨੇ ਹੁਨਰ ਮੁਕਟ ਨਾਲ ਸਾਂਝੇ ਤੌਰ ’ਤੇ ਬਣਾਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਰਾਜ਼ਨੀਸ਼ ਘਈ ਹਨ ਅਤੇ ਇਹ ਫਿਲਮ 20 ਮਈ ਨੂੰ ਰਿਲੀਜ਼ ਹੋਣੀ ਹੈ। -ਆਈਏਐੱਨਐੱਸ