ਮਨਦੀਪ ਸਿੰਘ ਸਿੱਧੂ
ਸ਼ੇਖ਼ ਇਕਬਾਲ ਉਰਫ਼ ਇਕਬਾਲ ਸ਼ੇਖ਼ ਦੀ ਪੈਦਾਇਸ਼ ਸਿਆਲਕੋਟ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਸ਼ੇਖ਼ ਇਕਬਾਲ ਭਾਰਤੀ ਪੰਜਾਬੀ ਫ਼ਿਲਮਾਂ ਦੇ ਨਾ ਕੇਵਲ ਸਹਾਇਕ ਅਦਾਕਾਰ ਸਨ ਬਲਕਿ ਵੰਡ ਤੋਂ ਬਾਅਦ ਲਾਹੌਰ, ਪੰਜਾਬ ਵਿਚ ਬਣਨ ਵਾਲੀਆਂ ਫ਼ਿਲਮਾਂ ਦੇ ਬਾਕਮਾਲ ਅਦਾਕਾਰ, ਕਹਾਣੀਨਵੀਸ, ਫ਼ਿਲਮਸਾਜ਼, ਹਿਦਾਇਤਕਾਰ, ਮੁਕਾਲਮਾਨਿਗਾਰ, ਮੰਜ਼ਰਨਿਗਾਰ ਤੇ ਖ਼ਲਨਾਇਕ ਵੀ ਸਨ।
ਸ਼ੇਖ਼ ਇਕਬਾਲ ਬੁਨਿਆਦੀ ਤੌਰ ਉੱਤੇ ਰੇਡੀਓ ਆਰਟਿਸਟ ਸਨ। ਉਨ੍ਹਾਂ ਨੇ 40ਵਿਆਂ ਦੇ ਦਹਾਕੇ ਵਿਚ ਆਪਣੇ ਫ਼ਨੀ ਸਫ਼ਰ ਦਾ ਆਗਾਜ਼ ਆਲ ਇੰਡੀਆ ਰੇਡੀਓ, ਲਾਹੌਰ ਤੋਂ ਸ਼ੁਰੂ ਕੀਤਾ। ਉਹ ਰੇਡੀਓ ਦੇ ਦਿਹਾਤੀ ਪ੍ਰੋਗਰਾਮ ‘ਜਮਹੂਰ ਦੀ ਆਵਾਜ਼’ ਦਾ ਅਹਿਮ ਹਿੱਸਾ ਸਨ, ਜਿਸ ਵਿਚ ਉਨ੍ਹਾਂ ਦੇ ਨਾਲ ਨਿਜ਼ਾਮਦੀਨ (ਮਿਰਜ਼ਾ ਸੁਲਤਾਨ ਬੇਗ਼) ਵੀ ਸਨ। ਉਨ੍ਹਾਂ ਨੇ ਇਸ਼ਫ਼ਾਕ ਅਹਿਮਦ ਦੇ ਮਸ਼ਹੂਰ ਰੇਡੀਓ ਡਰਾਮੇ ‘ਤਲਕੀਨ ਸ਼ਾਹ’ ਵਿਚ ਹਿਦਾਇਤ ਉੱਲਾ ਦਾ ਮਸ਼ਹੂਰ ਕਿਰਦਾਰ ਵੀ ਅਦਾ ਕੀਤਾ ਸੀ। ਇਸ ਪ੍ਰੋਗਰਾਮ ਵਿਚ ਉਨ੍ਹਾਂ ਦੀ ਅਦਾਕਾਰਾ ਪਤਨੀ ਰੇਖਾ ਵੀ ਕੰਮ ਕਰਦੀ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਫ਼ਿਲਮਾਂ ’ਚ ਕੰਮ ਕਰਨ ਦਾ ਸ਼ੌਕ ਵੀ ਜਨੂੰਨ ਦੀ ਹੱਦ ਤਕ ਸੀ। ਇਹੀ ਦਿਲਚਸਪੀ ਉਨ੍ਹਾਂ ਨੂੰ ਫ਼ਿਲਮੀ ਅਦਾਕਾਰੀ ਵੱਲ ਵੀ ਖਿੱਚ ਲਿਆਈ।
ਜਦੋਂ ਲਾਹੌਰ ਵਿਚ ਫ਼ਿਲਮਸਾਜ਼ ਕਿਸ਼ੋਰੀ ਲਾਲ ਸ਼ਾਹ ਨੇ ਫ਼ਿਲਮਸਾਜ਼ ਅਦਾਰੇ ਸਿਨੇ ਸਟੂਡੀਓਜ਼ ਦੇ ਬੈਨਰ ਹੇਠ ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਗਵਾਂਢੀ’ (1942) ਸ਼ੁਰੂ ਕੀਤੀ, ਤਾਂ ਜਿੱਥੇ ਉਨ੍ਹਾਂ ਨੇ ਸ਼ਿਆਮ ਤੇ ਵੀਨਾ ਨੂੰ ਨਵੇਂ ਚਿਹਰਿਆਂ ਵਜੋਂ ਮੁਤਆਰਿਫ਼ ਕਰਵਾਇਆ ਉੱਥੇ ਹੋਰਨਾਂ ਨਵੇਂ ਸਹਾਇਕ ਅਦਾਕਾਰਾਂ ਵਿਚ ਸ਼ੇਖ਼ ਇਕਬਾਲ ਨੂੰ ਵੀ ਪੇਸ਼ ਕੀਤਾ। ਕਹਾਣੀ ਨਿਰੰਜਨਪਾਲ, ਮੁਕਾਲਮੇ ਵਲੀ ਸਾਹਿਬ, ਗੀਤ ਸੋਹਨ ਲਾਲ ਸਾਹਿਰ (ਬੀ. ਏ.), ਵਲੀ ਸਾਹਿਬ, ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਅਤੇ ਮੌਸੀਕੀ ਪੰਡਤ ਅਮਰਨਾਥ ਨੇ ਮੁਰੱਤਬਿ ਕੀਤੀ। ਇਹ ਫ਼ਿਲਮ 8 ਅਪਰੈਲ 1942 ਨੂੰ ਮੁਲਤਾਨ ’ਚ ਨੁਮਾਇਸ਼ ਹੋਈ। ਜਦੋਂ ਆਰ. ਐੱਲ. ਸ਼ੋਰੀ (ਸੀਨੀਅਰ) ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਆਪਣੇ ਫ਼ਰਜ਼ੰਦ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਕੋਇਲ’ (1944) ਬਣਾਈ, ਤਾਂ ਇਸ ਵਿਚ ਸ਼ੇਖ ਇਕਬਾਲ ਨੇ ਸਹਾਇਕ ਅਦਾਕਾਰ ਵਜੋਂ ‘ਤੋਤਾ ਰਾਮ’ ਦਾ ਪਾਰਟ ਅਦਾ ਕੀਤਾ। ਫ਼ਿਲਮ ਦੇ ਮਰਕਜ਼ੀ ਰੁਮਾਨੀ ਕਿਰਦਾਰ ਵਿਚ ਮਨੋਰਮਾ ਤੇ ਸਤੀਸ਼ ਛਾਬੜਾ ਮੌਜੂਦ ਸਨ। ਕਹਾਣੀ ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ ਨੇ ਮੁਰੱਤਬਿ ਕੀਤਾ ਸੀ। ਇਹ ਫ਼ਿਲਮ 24 ਨਵੰਬਰ 1944 ਨੂੰ ਵਲਿੰਗਟਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ ਤੇ ਸਿਲਵਰ ਜੁਬਲੀ ਫ਼ਿਲਮ ਕਰਾਰ ਪਾਈ। ਜਦੋਂ ਗੁਲ ਜ਼ਮਾਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਗੁਲ ਬਲੋਚ’ (1945) ਸ਼ੁਰੂ ਕੀਤੀ ਤਾਂ ਸ਼ੇਖ਼ ਇਕਬਾਲ ਨੇ ਵੀ ਸਹਾਇਕ ਭੂਮਿਕਾ ਨਿਭਾਈ। ਫ਼ਿਲਮਸਾਜ਼ ਮੀਆਂ ਮੁਸ਼ਤਾਕ, ਕਹਾਣੀ ਗੁਲ ਜ਼ਮਾਨ, ਮੁਕਾਲਮੇ ਕੇ. ਸੀ. ਵਰਮਾ, ਗੀਤ ਮੁਹੰਮਦ ਸ਼ਫ਼ੀ ਆਸ਼ਿਕ ‘ਲਾਹੌਰੀ’ ਅਤੇ ਸੰਗੀਤਕਾਰ ਸ਼ਿਆਮ ਸੁੰਦਰ, ਪੰਡਤ ਅਮਰਨਾਥ ਤੇ ਲੱਛੀ ਰਾਮ ਸਨ। ਇਹ ਫ਼ਿਲਮ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ, 24 ਅਗਸਤ ਨੂੰ ਸੁਦਰਸ਼ਨ ਟਾਕੀਜ਼, ਸਰਗੌਧਾ ਵਿਖੇ ਨੁਮਾਇਸ਼ ਹੋਈ। ਠਾਕੁਰ ਹਿੰਮਤ ਸਿੰਘ ਦੇ ਫ਼ਿਲਮਸਾਜ਼ ਅਦਾਰੇ ਲੀਲਾ ਮੰਦਰ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀ ਹਿਦਾਇਤਕਾਰੀ ਵਿਚ ਬਣੀ ਪੰਜਾਬੀ ਫ਼ਿਲਮ ‘ਕਮਲੀ’ (1946) ’ਚ ਸ਼ੇਖ ਇਕਬਾਲ ਦੇ ਮੁਕਾਬਲੇ ਹੀਰੋਇਨ ਦਾ ਪਾਰਟ ਰਾਣੀ ਕਿਰਨ (ਪਹਿਲੀ ਫ਼ਿਲਮ) ਨੇ ਅਦਾ ਕੀਤਾ। ਇਹ ਫ਼ਿਲਮ 4 ਅਕਤੂਬਰ 1946 ਨੂੰ ਰਿਟਜ਼ ਸਿਨਮਾ, ਲਾਹੌਰ ਤੇ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ ਤੇ ਲਾਹੌਰ ’ਚ ਬਣਨ ਵਾਲੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ।
ਸ਼ਤੀਸ਼ ਬੱਤਰਾ ਦੇ ਫ਼ਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਹਿੰਦੀ ਫ਼ਿਲਮ ‘ਪਾਪੀ’ (1943) ’ਚ ਵੀ ਸ਼ੇਖ਼ ਇਕਬਾਲ ਨੇ ਸ਼ਹਾਇਕ ਭੂਮਿਕਾ ਨਿਭਾਈ। ਕਹਾਣੀ ਤੇ ਮੰਜ਼ਰਨਾਮਾ ਹੈਰੋਲਡ ਲੂਈਸ, ਮੁਕਾਲਮੇ ਇਹਸਾਨ ਬੀ. ਏ., ਅਖ਼ਤਰ ਚੁਗਤਾਈ, ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਿਆਰ ਕੀਤਾ। ਸ਼ੋਰੀ ਪਿਕਚਰਜ਼, ਲਾਹੌਰ ਦੀ ਬਰਕਤ ਮਿਹਰਾ ਨਿਰਦੇਸ਼ਿਤ ਹਿੰਦੀ ਫ਼ਿਲਮ ‘ਚੰਪਾ’ (1945) ’ਚ ਵੀ ਸ਼ੇਖ਼ ਇਕਬਾਲ ਸਹਾਇਕ ਅਦਾਕਾਰ ਸਨ। ਸ਼ੋਰੀ ਪਿਕਚਰਜ਼, ਲਾਹੌਰ ਦੀ ਹੈਰੋਲਡ ਲੂਈਸ (ਮਜਨੂੰ) ਨਿਰਦੇਸ਼ਿਤ ਫ਼ਿਲਮ ‘ਬਦਨਾਮੀ’ (1946) ’ਚ ਵੀ ਸ਼ੇਖ਼ ਇਕਬਾਲ ਸਹਾਇਕ ਫ਼ਨਕਾਰ ਦੇ ਤੌਰ ’ਤੇ ਮੌਜੂਦ ਸਨ। ਸ਼ੋਰੀ ਪਿਕਚਰਜ਼, ਲਾਹੌਰ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਹਿੰਦੀ ਫ਼ਿਲਮ ‘ਖ਼ਾਮੋਸ਼ ਨਿਗਾਹੇਂ’ (1946) ’ਚ ਇਕਬਾਲ ਸ਼ੇਖ਼ ਆਪਣੇ ਫ਼ਨ ਨਾਲ ਛਾਏ ਹੋਏ ਸਨ। ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਆਰਸੀ’ (1947) ’ਚ ਇਕਬਾਲ ਸ਼ੇਖ਼ ਸਹਾਇਕ ਕਿਰਦਾਰ ਅਦਾ ਕਰ ਰਹੇ ਸਨ। ਡਾਨ ਫ਼ਿਲਮਜ਼, ਲਾਹੌਰ ਦੀ ਐੱਸ. ਸ਼ਫ਼ਕਤ (ਐੱਮ.ਏ.) ਨਿਰਦੇਸ਼ਿਤ ਹਿੰਦੀ ਫ਼ਿਲਮ ‘ਡਾਇਰੈਕਟਰ’ (1947) ’ਚ ਸ਼ੇਖ਼ ਇਕਬਾਲ ਨੇ ਅਹਿਮ ਭੂਮਿਕਾ ਨਿਭਾਈ। ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ’ਚ ਵੀ ਸ਼ੇਖ਼ ਇਕਬਾਲ ਦੀ ਸਹਾਇਕ ਕਿਰਦਾਰਨਿਗਾਰੀ ਨੂੰ ਪਸੰਦ ਕੀਤਾ ਗਿਆ। ਕੁਲਦੀਪ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਪਪੀਹਾ ਰੇ’ (1948) ’ਚ ਵੀ ਸ਼ੇਖ਼ ਇਕਬਾਲ ਦੀ ਸਹਾਇਕ ਭੂਮਿਕਾ ਪਸੰਦ ਕੀਤੀ ਗਈ। 1947 ਵਿਚ ਮਦਨ ਮੋਹਨ ਮਿਹਰਾ ਉਰਫ਼ ਬਿੱਲੂ ਮਿਹਰਾ ਨੇ ਆਪਣੀ ਹਿਦਾਇਤਕਾਰੀ ’ਚ ਸ਼ੋਰੀ ਸਟੂਡੀਓਜ਼ ਵਿਚ ਮੂਵੀ ਮੇਕਰਜ਼, ਲਾਹੌਰ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਖ਼ਾਨਾਬਦੋਸ਼’ (1948) ਸ਼ੁਰੂ ਕੀਤੀ। ਫ਼ਿਲਮ ਵਿਚ ਸ਼ੇਖ਼ ਇਕਬਾਲ ਨੇ ਖ਼ਾਸ ਰੋਲ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਕਲਾਵਤੀ ਤੇ ਪ੍ਰਾਣ ਮੌਜੂਦ ਸਨ। 1947 ਵਿਚ ਪੰਜਾਬ ਵੰਡ ਦੌਰਾਨ ਫ਼ਿਲਮਸਾਜ਼ ਏ. ਐੱਮ. ਗੁਪਤਾ ਇਸ ਫ਼ਿਲਮ ਦੇ ਨੈਗੇਟਿਵ ਲੈ ਕੇ ਬੰਬੇ ਚਲੇ ਗਏ। ਬੰਬੇ ’ਚ ਇਹ ਫ਼ਿਲਮ ‘ਦੋ ਸੌਦਾਗਰ’ ਦੇ ਨਾਮ ਨਾਲ ਮੁਕੰਮਲ ਹੋਈ ਅਤੇ ਦਸੰਬਰ 1948 ਵਿਚ ਬੰਬੇ ’ਚ ਅਤੇ 15 ਅਪਰੈਲ 1952 ਨੂੰ ਭਾਟੀ ਗੇਟ, ਲਾਹੌਰ ਵਿਖੇ ਰਿਲੀਜ਼ ਹੋਈ।
1947 ਵਿਚ ਪੰਜਾਬ ਵੰਡ ਤੋਂ ਬਾਅਦ ਸ਼ੇਖ਼ ਇਕਬਾਲ ਨੇ ਭਾਰਤ ਆਉਣ ਦੀ ਬਜਾਏ ਲਾਹੌਰ (ਪਾਕਿਸਤਾਨ) ਰਹਿਣਾ ਹੀ ਪਸੰਦ ਕੀਤਾ। ਪਾਕਿਸਤਾਨ ਫ਼ਿਲਮ ਸਨਅਤ ਵਿਚ ਸ਼ੇਖ਼ ਇਕਬਾਲ ਨੇ 168 ਫ਼ਿਲਮਾਂ ਵਿਚ ਆਪਣੀਆਂ ਸਲਾਹੀਅਤਾਂ ਦਾ ਲੋਹਾ ਮਨਵਾਇਆ, ਜਿਨ੍ਹਾਂ ਵਿਚ 114 ਪੰਜਾਬੀ ਅਤੇ ਅਤੇ 53 ਉਰਦੂ ਫ਼ਿਲਮਾਂ ਸ਼ਾਮਲ ਹਨ। ਸਟਾਰ ਪਿਕਚਰਜ਼, ਲਾਹੌਰ ਦੀ ਪਹਿਲੀ ਉਰਦੂ ਫ਼ਿਲਮ ‘ਹਮਾਰੀ ਬਸਤੀ’ (1950) ਦੀ ਕਹਾਣੀ ਵੀ ਸ਼ੇਖ਼ ਇਕਬਾਲ ਨੇ ਹੀ ਲਿਖੀ ਸੀ। ਬਤੌਰ ਅਦਾਕਾਰ ਸ਼ੇਖ਼ ਇਕਬਾਲ ਦੀਆਂ ਮਸ਼ਹੂਰ ਫ਼ਿਲਮਾਂ ਵਿਚ ‘ਦੁੱਲਾ ਭੱਟੀ’, ‘ਮੋਰਨੀ’ (1956), ‘ਅੰਜਾਮ’ (1957/ਉਰਦੂ), ‘ਗੁਲ ਬਦਨ’ (1960/ਉਰਦੂ), ‘ਮਲੰਗੀ’ (1965), ‘ਚੰਨ ਮੱਖਣਾ’ (1968), ‘ਵਰਿਆਮ’, (1969), ‘ਦੁਨੀਆ ਮਤਲਬ ਦੀ’ (1970), ‘ਜ਼ੁਲਮ ਦਾ ਬਦਲਾ’, ‘ਖ਼ਾਨ ਚਾਚਾ’ (1972), ‘ਅੱਜ ਦਾ ਮਹੀਵਾਲ’ (1973), ‘ਸਿੱਧਾ ਰਸਤਾ’ (1974) ਅਤੇ ਕਈ ਹੋਰ ਫ਼ਿਲਮਾਂ ਸ਼ਾਮਲ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।
ਸ਼ੇਖ਼ ਇਕਬਾਲ ਨੇ 5 ਫ਼ਿਲਮਾਂ ਦੀ ਹਿਦਾਇਤਕਾਰੀ ਕੀਤੀ। ਉਨ੍ਹਾਂ ਦੀ ਹਿਦਾਇਤਕਾਰੀ ਵਿਚ ਰਿਲੀਜ਼ਸ਼ੁਦਾ ਪਹਿਲੀ ਪੰਜਾਬੀ ਫ਼ਿਲਮ ਨਿਊ ਇਰਾ ਫ਼ਿਲਮਜ਼, ਲਾਹੌਰ ਦੀ ‘ਸੁੱਚੇ ਮੋਤੀ’ (1959) ਸੀ, ਜਿਸ ਵਿਚ ਉਨ੍ਹਾਂ ਜਲਾਲਪੁਰ ਜੱਟਾਂ ਦੇ ਗੱਭਰੂ ਇਜਾਜ਼ ਦੁਰਾਨੀ (ਸ਼ੌਹਰ ਅਦਾਕਾਰਾ ਨੂਰਜਹਾਂ) ਨੂੰ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਅਨਵਰ ਫ਼ਿਲਮਜ਼, ਲਾਹੌਰ ਦੀ ਉਰਦੂ ਫ਼ਿਲਮ ‘ਸ਼ਹਬਿਾਜ਼’ (1960) ਅਤੇ ਉਸ ਦਾ ਮੰਜ਼ਰਨਾਮਾ ਵੀ ਲਿਖਿਆ, ਪਰ ਇਨ੍ਹਾਂ ਦੀਆਂ ਹਿਦਾਇਤ ਕੀਤੀਆਂ ਇਨ੍ਹਾਂ 5 ਫ਼ਿਲਮਾਂ ਵਿਚੋਂ ਕੋਈ ਵੀ ਨੁਮਾਇਆਂ ਕਾਮਯਾਬੀ ਹਾਸਲ ਨਾ ਕਰ ਸਕੀ। ਸ਼ੇਖ਼ ਇਕਬਾਲ ਨੇ ਬਤੌਰ ਕਹਾਣੀਨਵੀਸ ਪੰਜਾਬੀ ਫ਼ਿਲਮਾਂ ‘ਮਾਹੀ ਮੁੰਡਾ’, ‘ਚੰਨ ਮਾਹੀ’ (1956), ‘ਯੱਕੇ ਵਾਲੀ’ (1957), ‘ਜੀਦਾਰ’ (1965), ‘ਪੰਜ ਦਰਿਆ’ (1968), ‘ਨੌਕਰ ਵੋਹਟੀ ਦਾ’ (1974) ਅਤੇ ‘ਅਨੋਖਾ ਦਾਜ’ (1981) ਆਦਿ ਦੀਆਂ ਕਹਾਣੀਆਂ ਲਿਖੀਆਂ। ਇਨ੍ਹਾਂ ਫ਼ਿਲਮਾਂ ਨੇ ਰਿਕਾਰਡ ਤੋੜ ਬਿਜ਼ਨਸ ਕੀਤਾ। ਉਹ ਚਰਿੱਤਰ ਅਦਾਕਾਰੀ ਵਿਚ ਆਪਣੀ ਪੁਖ਼ਤਾ ਪਛਾਣ ਬਣਾਉਣ ਤੋਂ ਬਾਅਦ ਕੁਝ ਫ਼ਿਲਮਾਂ ਵਿਚ ਖ਼ਲਨਾਇਕ ਦੇ ਤੌਰ ’ਤੇ ਵੀ ਆਏ। ਬਤੌਰ ਫ਼ਿਲਮਸਾਜ਼ ਸ਼ੇਖ਼ ਇਕਬਾਲ ਦੀ ਆਖ਼ਰੀ ਪੰਜਾਬੀ ਫ਼ਿਲਮ ‘ਇਸ਼ਕ ਪੇਚਾ’ (1984) ਸੀ ਜੋ ਇਨ੍ਹਾਂ ਦੇ ਪੁੱਤਰ ਅਨਵਰ ਇਕਬਾਲ ਨੇ ਹਿਦਾਇਤ ਕੀਤੀ ਸੀ। ਬਤੌਰ ਚਰਿੱਤਰ ਅਦਾਕਾਰ ਉਨ੍ਹਾਂ ਦੀ ਆਖ਼ਰੀ ਪੰਜਾਬੀ ਫ਼ਿਲਮ ‘ਕੁਦਰਤ ਦਾ ਇੰਤਕਾਮ’ (1990) ਸੀ। ਸ਼ੇਖ਼ ਇਕਬਾਲ ਨੇ ਵੰਡ ਤੋਂ ਪਹਿਲਾਂ ਬਣੀਆਂ ਫ਼ਿਲਮਾਂ ਭਾਰਤੀ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਰੇਖਾ ਨਾਲ ਮੁਹੱਬਤੀ ਵਿਆਹ ਕੀਤਾ। ਲਾਹੌਰ ਜਾ ਕੇ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ। ਇਨ੍ਹਾਂ ਦੇ ਪੁੱਤ ਦਾ ਨਾਮ ਅਨਵਰ ਇਕਬਾਲ ਫ਼ਿਲਮਸਾਜ਼ ਹੈ।
ਅਫ਼ਸੋਸ! ਪਾਕਿਸਤਾਨੀ ਫ਼ਿਲਮ ਸਨਅਤ ਨੇ ਇਸ ਕਾਬਿਲ ਫ਼ਨਕਾਰ ਨੂੰ ਇਸ ਦੇ ਜਿਉਂਦੇ ਜੀ ਹੀ ਭੁਲਾ ਦਿੱਤਾ। 13 ਜੂਨ 1990 ਨੂੰ ਲਾਹੌਰ ਵਿਚ ਸ਼ੇਖ ਇਕਬਾਲ ਫ਼ੌਤ ਹੋ ਗਏ। ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਵੀ ਉਨ੍ਹਾਂ ਦੀ ਫ਼ਿਲਮੀ ਦੇਣ ਨੂੰ ਯਾਦ ਨਹੀਂ ਰੱਖਿਆ ਗਿਆ, ਪਰ ਸ਼ੇਖ਼ ਇਕਬਾਲ ਦੇ ਫ਼ਨ ਦਾ ਚਿਰਾਗ਼ ਹਮੇਸ਼ਾਂ ਜਲਦਾ ਰਹੇਗਾ।
ਸੰਪਰਕ: 97805-09545