ਮੁੰਬਈ: ਅਦਾਕਾਰਾ ਸ਼ੈਫਾਲੀ ਸ਼ਾਹ ਨੇ ਆਪਣੀ ਆਉਣ ਵਾਲੀ ਫਿਲਮ ‘ਜਲਸਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਵਿੱਚ ਵਿਦਿਆ ਬਾਲਨ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ‘ਤੁਮਹਾਰੀ ਸੁਲੂ’ ਦੇ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਦੇ ਨਿਰਦੇਸ਼ਨ ਹੇਠ ਬਣੀ ਹੈ। ‘ਡੇਲੀ ਕ੍ਰਾਈਮ’ ਦੀ ਸਟਾਰ, ਜਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਨੇ ਇੰਸਟਾਗ੍ਰਾਮ ’ਤੇ ਟੀਮ ਲਈ ਸੰਦੇਸ਼ ਸਾਂਝਾ ਕੀਤਾ ਹੈ। ਉਸ ਨੇ ਲਿਖਿਆ, ‘‘ਕਿਸੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਮਗਰੋਂ ਵਿਛੜਨਾ ਸਭ ਤੋਂ ਮੁਸ਼ਕਲ ਹੁੰਦਾ ਹੈ। ਉਹ ਰਿਸ਼ਤੇ ਜੋ ਮੈਂ ਕੈਮਰੇ ਦੇ ਸਾਹਮਣੇ ਜਾਂ ਕੈਮਰੇ ਦੇ ਪਿੱਛੇ ਬਣੇ ਉਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਇੰਨੇ ਕਲਾਕਾਰਾਂ ਦੇ ਇਕੱਠੇ ਹੋਣ ਨਾਲ ਹਾਸਾ, ਪਾਗਲਪਨ ਅਤੇ ਜਨੂੰਨ ਪੈਦਾ ਹੋਇਆ। ‘ਜਲਸਾ’ ਬਹੁਤ ਖਾਸ ਹੈ।’’ ਤ੍ਰਿਵੇਣੀ ਅਤੇ ਪ੍ਰਜਵਲ ਚੰਦਰਸ਼ੇਖਰ ਦੀ ਲਿਖੀ ਇਸ ਫਿਲਮ ਵਿੱਚ ਰੋਹਿਨੀ ਹਟੰਗੜੀ, ਇਕਬਾਲ ਖਾਨ, ਵਿਧਾਤਰੀ ਬੰਦੀ, ਗੁਰਪਾਲ ਸਿੰਘ ਅਤੇ ਸੂਰਿਆ ਕਾਸੀਭਟਲਾ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਸ਼ਾਹ ਨੇ ਕਿਹਾ ਕਿ ਉਹ ਫਿਲਮ ਦੇ ਸਾਰੇ ਕਲਾਕਾਰਾਂ ਅਤੇ ਬਾਕੀ ਅਮਲੇ ਦੀ ਸ਼ੁਕਰਗੁਜ਼ਾਰ ਹੈ। ਫਿਲਮ ਦਾ ਨਿਰਮਾਣ ਟੀ-ਸੀਰੀਜ਼ ਅਤੇ ਅਬੁਨਦੰਤੀਆ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ, ਜੋ ਪਹਿਲਾਂ ‘ਸ਼ੇਰਨੀ’, ‘ਏਅਰਲਿਫਟ’ ਅਤੇ ‘ਬੇਬੀ’ ਵਰਗੀਆਂ ਫਿਲਮਾਂ ਲਈ ਇਕੱਠੇ ਕੰਮ ਕਰ ਚੁੱਕੇ ਹਨ। ਸ਼ਾਹ, ਜੋ ਹਾਲ ਹੀ ਵਿੱਚ ਨੈੱਟਫਲਿਕਸ ਦੇ ਪ੍ਰਾਜੈਕਟ ‘ਅਜੀਬ ਦਾਸਤਾਨਜ਼’ ਵਿੱਚ ਨਜ਼ਰ ਆਈ ਸੀ, ਨੇ ‘ਡਾਕਟਰ ਜੀ’ ਅਤੇ ‘ਡਾਰਲਿੰਗਜ਼’ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।’’ -ਪੀਟੀਆਈ