ਮੁੰਬਈ: ਅਦਾਕਾਰ ਸ਼ਕਤੀ ਕਪੂਰ ਨੇ ਅੱਜ ਇੱਥੇ ਆਪਣੀ ਧੀ ਸ਼ਰਧਾ ਕਪੂਰ ਦੇ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਨਾਲ ਵਿਆਹ ਦੀਆਂ ਅਫ਼ਵਾਹਾਂ ਨੂੰ ਮੁੱਢੋਂ ਨਕਾਰਿਆ ਹੈ। ਸ਼ਕਤੀ ਕਪੂਰ ਨੇ ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵੇਲੇ ਅਦਾਕਾਰਾ ਬਹੁਤ ਰੁੱਝੀ ਹੋਈ ਹੈ। ਸ਼ਰਧਾ ਨੇ ਫਿਲਮ ‘ਹੈਦਰ’ ਅਤੇ ‘ਹਾਫ-ਗਰਲਫਰੈਂਡ’ ਵਿੱਚ ਕੰਮ ਕੀਤਾ ਹੈ ਅਤੇ ਇਨ੍ਹੀਂ ਦਿਨੀਂ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ, ਬੋਨੀ ਕਪੂਰ ਅਤੇ ਡਿੰਪਲ ਕਪਾਡੀਆ ਨਾਲ ਲਵ ਰੰਜਨ ਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਦਾ ਅਜੇ ਕੋਈ ਨਾਮ ਨਹੀਂ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਰਧਾ ਕਪੂਰ ਇਨ੍ਹਾਂ ਦਿਨੀਂ ਆਪਣੇ ਵਿਆਹ ਦੀਆਂ ਅਫ਼ਵਾਹਾਂ ਕਾਰਨ ਸੁਰਖੀਆਂ ਵਿੱਚ ਰਹੀ ਹੈ। ਉਸ ਦੇ ਪਿਤਾ ਸ਼ਕਤੀ ਕਪੂਰ ਨੇ ਇਨ੍ਹਾਂ ਅਫ਼ਵਾਹਾਂ ਨੂੰ ਠੱਲ੍ਹ ਪਾਉਂਦਿਆਂ ਕਿਹਾ, ‘‘ਕੋਈ ਵਿਆਹ ਨਹੀਂ ਕਰਵਾ ਰਿਹਾ।’’ ਬੌਲੀਵੁੱਡ ਅਦਾਕਾਰ ਨੇ ਇਹ ਗੱਲ ਹੱਸਦਿਆਂ ਕਹੀ। ਇਸ ਦੇ ਨਾਲ ਹੀ ਅਦਾਕਾਰ ਨੇ ਜਾਅਲੀ ਖ਼ਬਰਾਂ ਦੇ ਪ੍ਰਸਾਰ ਲਈ ਲੋਕਾਂ ਦੇ ਵਿਹਲੇ ਸਮੇਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, ‘‘ਕਰੋਨਾ ਕਾਲ ਦੌਰਾਨ ਹਰ ਕਿਸੇ ਕੋਲ ਸਮਾਂ ਹੈ, ਇਸ ਲਈ ਅਜਿਹੀਆਂ ਅਫ਼ਵਾਹਾਂ ਫ਼ੈਲਦੀਆਂ ਜਾਂਦੀਆਂ ਹਨ।’’ ਇੱਕ ਪਿਤਾ ਹੋਣ ਦੇ ਨਾਤੇ ਅਜਿਹੀਆਂ ਗੱਲਾਂ ਉਨ੍ਹਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀਆਂ ਹਨ ਦੇ ਜਵਾਬ ਵਿੱਚ ਸ਼ਕਤੀ ਕਪੂਰ ਨੇ ਕਿਹਾ, ‘‘ਮੈਨੂੰ ਇਸ ਇੰਡਸਟਰੀ ਵਿੱਚ 40 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਇਸ ਲਈ ਮੈਂ ਪ੍ਰਵਾਹ ਨਹੀਂ ਕਰਦਾ, ਨਾ ਹੀ ਸ਼ਰਧਾ ਤੇ ਨਾ ਹੀ ਉਸ ਦੀ ਮਾਂ ਅਤੇ ਭਰਾ ਕਰਦੇ ਹਨ।’’ ਉਸ ਨੇ ਅੱਗੇ ਕਿਹਾ, ‘‘ਕੋਈ ਵਿਆਹ ਨਹੀਂ ਕਰ ਰਿਹਾ ਅਤੇ ਸ਼ਰਧਾ ਕੰਮ ਵਿੱਚ ਕਾਫ਼ੀ ਰੁੱਝੀ ਹੋਈ ਹੈ। ਉਹ ਅਗਲੇ ਕੁੱਝ ਸਾਲ ਹੋਰ ਰੁੱਝੀ ਰਹਿਣ ਵਾਲੀ ਹੈ।’’ -ਆਈਏਐੱਨਐੱਸ