ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਸ਼ਨਿੱਚਰਵਾਰ ਨੂੰ ਇੱਕ ਵੀਡੀਓ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਐਲਾਨ ਕੀਤਾ ਕਿ 2021 ਵਿੱਚ ਉਹ ਛੇਤੀ ਹੀ ਵੱਡੀ ਸਕਰੀਨ ’ਤੇ ਵਾਪਸੀ ਕਰਨ ਜਾ ਰਹੇ ਹਨ। ਇੰਸਟਾਗ੍ਰਾਮ ਅਤੇ ਟਵਿੱਟਰ ’ਤੇ ਪਾਈ ਆਪਣੀ ਪੋਸਟ ਵਿੱਚ ਐੱਸਆਰਕੇ ਨੇ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। 3 ਮਿੰਟਾਂ ਦੀ ਇਸ ਵੀਡੀਓ ਵਿੱਚ ਸ਼ਾਹਰੁਖ ਨੇ ਕਿਹਾ, ‘ਸਾਰਿਆਂ ਨੂੰ ਸਲਾਮ, ਇਹ ਸਾਲ ਦਾ ਉਹ ਸਮਾਂ ਹੈ, ਜਦੋਂ ਫਿਰ ਇੱਕ ਵਾਰ ਪੁਰਾਣਾ ਵਰ੍ਹਾ ਜਾਣ ਲਈ ਅਤੇ ਨਵਾਂ ਵਰ੍ਹਾ ਅੰਦਰ ਆਉਣ ਲਈ ਦਹਿਲੀਜ਼ ’ਤੇ ਖੜ੍ਹਾ ਹੈ। ਦਰਅਸਲ ਨਵਾਂ ਵਰ੍ਹਾ ਅੰਦਰ ਆ ਚੁੱਕਿਆ ਹੈ, ਕਿਉਂਕਿ ਮੈਂ ਤੁਹਾਨੂੰ ਸਭ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦੇਣ ਵਿੱਚ ਦੇਰ ਕਰ ਦਿੱਤੀ ਹੈ।’ ਸ਼ਾਹਰੁਖ ਨੇ ਕਿਹਾ, ‘2020 ਵਰ੍ਹਾ ਯਕੀਨਨ ਤੌਰ ’ਤੇ ਸਭ ਲਈ ਬਹੁਤ ਮਾੜਾ ਵਰ੍ਹਾ ਰਿਹਾ ਹੈ। ਅਜਿਹੇ ਸਮਿਆਂ ਵਿੱਚ ਸਭ ਤੋਂ ਔਖਾ ਕੰਮ ਹੁੰਦਾ ਹੈ ਸਕਾਰਾਤਮਕ ਸੋਚ ਅਤੇ ਉਂਮੀਦ ਦੀ ਕਿਰਨ ਲੱਭਣਾ। ਪਰ ਇਨ੍ਹਾਂ ਬੁਰੇ ਸਮਿਆਂ, ਦਿਨਾਂ ਅਤੇ ਵਰ੍ਹਿਆਂ ਨੂੰ ਵੇਖਣ ਦਾ ਮੇਰਾ ਨਜ਼ਰੀਆ ਵੱਖਰਾ ਹੈ। ਮੇਰਾ ਮੰਨਣਾ ਹੈ ਕਿ ਜਦੋਂ ਕਿਸੇ ਦਾ ਸਭ ਤੋਂ ਖਰਾਬ ਸਮਾਂ ਚੱਲ ਰਿਹਾ ਹੁੰਦਾ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੁੰਦਾ ਹੈ। ਉਦੋਂ ਸਭ ਤੋਂ ਚੰਗੀ ਚੀਜ਼ ਇਹ ਹੁੰਦੀ ਹੈ ਕਿ ਸਿਰਫ਼ ਉੱਤੇ ਉੱਠਣ ਤੇ ਅੱਗੇ ਵਧਣ ਦਾ ਰਾਹ ਹੀ ਬਚਦਾ ਹੈ। ਇਸ ਲਈ ਜੋ ਵੀ 2020 ਵਿੱਚ ਸੀ, ਉਹ ਹੁਣ ਭੂਤਕਾਲ ਹੈ ਤੇ 2021 ਦਾ ਵਰ੍ਹਾ ਵੱਡਾ, ਵਧੀਆ ਤੇ ਹੋਰ ਖੂਬਸੂਰਤ ਬਣ ਕੇ ਸਾਹਮਣੇ ਆਵੇਗਾ।’ -ਪੀਟੀਆਈ