ਧਰਮਪਾਲ
ਜ਼ੀ ਟੀਵੀ ਪਿਛਲੇ ਤਿੰਨ ਦਹਾਕਿਆਂ ਤੋਂ ਟੈਲੀਵਿਜ਼ਨ ’ਤੇ ਨਵੇਂ ਨਵੇਂ ਪ੍ਰੋਗਰਾਮ ਦਿਖਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇਸ ਚੈਨਲ ਨੇ ਦਰਸ਼ਕਾਂ ਨੂੰ ਆਪਣੇ ਜਿਹੇ ਲੱਗਣ ਵਾਲੇ ਅਜਿਹੇ ਬਹੁਤ ਸਾਰੇ ਕਿਰਦਾਰ ਦਿਖਾਏ ਹਨ ਜੋ ਦੇਸ਼ ਵਿੱਚ ਸਭ ਦੇ ਮਨਪਸੰਦ ਡਿਨਰ ਟੇਬਲ ਸਾਥੀ ਬਣ ਗਏ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੇ ਲੱਖਾਂ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ। ਹੁਣ ਇੱਕ ਵਾਰ ਫਿਰ ਇਹ ਚੈਨਲ ਇੱਕ ਨਵੀਂ ਕਹਾਣੀ ਲੈ ਕੇ ਆ ਰਿਹਾ ਹੈ ਜੋ ਲਿੰਗਭੇਦ ਨੂੰ ਲੈ ਕੇ ਆਮ ਧਾਰਨਾ ਨੂੰ ਤੋੜੇਗੀ। ਇਹ ਕਹਾਣੀ ਸਾਲਾਂ ਪੁਰਾਣੀਆਂ ਮਾਨਤਾਵਾਂ ’ਤੇ ਸਵਾਲ ਚੁੱਕੇਗੀ ਜਿਸ ਵਿਚ ਇਹ ਤੈਅ ਕੀਤਾ ਜਾਂਦਾ ਹੈ ਕਿ ਇੱਕ ਲੜਕੀ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਜ਼ੀ ਟੀਵੀ ਦਾ ਅਗਲਾ ਪ੍ਰਾਈਮਟਾਈਮ ਡਰਾਮਾ ‘ਮੀਤ’ ਦਰਸ਼ਕਾਂ ਨੂੰ ਹਰਿਆਣਾ ਦੀ ਇੱਕ ਉਤਸ਼ਾਹੀ ਲੜਕੀ ਮੀਤ ਦੇ ਸਫ਼ਰ ’ਤੇ ਲੈ ਜਾਂਦਾ ਹੈ ਜੋ ਆਮ ਧਾਰਨਾ ਦੇ ਉਲਟ ਆਪਣੇ ਘਰ ਦਾ ਚਿਰਾਗ ਹੈ ਜਦੋਂਕਿ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਲੜਕੇ ਹੀ ਘਰ ਦਾ ਚਿਰਾਗ ਹੋ ਸਕਦੇ ਹਨ। ਉਹ ਨਾ ਸਿਰਫ਼ ਆਪਣੇ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਹੈ, ਬਲਕਿ ਡਲਿਵਰੀ ਏਜੰਟ ਦਾ ਕੰਮ ਕਰਕੇ ਲੜਕੇ-ਲੜਕੀਆਂ ਨੂੰ ਲੈ ਕੇ ਬਣਾਏ ਗਏ ਸਮਾਜ ਦੇ ਨਿਯਮਾਂ ਨੂੰ ਵੀ ਤੋੜਦੀ ਹੈ। ਉਹ ਹਰ ਸਥਿਤੀ ਵਿੱਚ ਇੱਕ ‘ਫਿਕਸਰ’ ਬਣ ਜਾਂਦੀ ਹੈ ਜੋ ਆਮਤੌਰ ’ਤੇ ਲੜਕਿਆਂ ਦਾ ਕੰਮ ਮੰਨਿਆ ਜਾਂਦਾ ਹੈ।
ਹਾਲ ਹੀ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਸ਼ੋਅ ਵਿੱਚ ਹਰਮਨਪਿਆਰੀ ਟੈਲੀਵਿਜ਼ਨ ਅਭਿਨੇਤਰੀ ਆਸ਼ੀ ਸਿੰਘ, ਮੀਤ ਦਾ ਫੀਮੇਲ ਮੁੱਖ ਕਿਰਦਾਰ ਨਿਭਾਏਗੀ। ਜਿੱਥੇ ਦਰਸ਼ਕ ਆਸ਼ੀ ਨੂੰ ਨਵੇਂ ਅਵਤਾਰ ਵਿੱਚ ਦੇਖਣ ਲਈ ਉਤਸ਼ਾਹਿਤ ਹਨ, ਉੱਥੇ ਹੀ ਦਰਸ਼ਕਾਂ ਲਈ ਇੱਕ ਹੋਰ ਰੁਮਾਂਚਕ ਖ਼ਬਰ ਹੈ। ਮੇਲ ਲੀਡ ਲਈ ਵੀ ਨਾਂ ਤੈਅ ਹੋ ਚੁੱਕਿਆ ਹੈ ਜੋ ਅਦਾਕਾਰ ਸ਼ਗੁਨ ਪਾਂਡੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸ਼ੋਅ ਵਿੱਚ ਉਸ ਦਾ ਨਾਂ ਵੀ ਮੀਤ ਹੈ। ਮੀਤ ਇੱਕ ਅਮੀਰ ਹਰਿਆਣਵੀ ਲੜਕਾ ਹੈ ਜੋ ਲੜਕੇ-ਲੜਕੀਆਂ ਵਿੱਚ ਫ਼ਰਕ ਨੂੰ ਲੈ ਕੇ ਸਖ਼ਤ ਨਹੀਂ ਹੈ ਅਤੇ ਉਸ ਨੂੰ ਕੋਈ ਮੁਸ਼ਕਿਲ ਨਹੀਂ ਜੇਕਰ ਔਰਤਾਂ ਬਾਹਰ ਕੰਮ ਕਰਨ ਜਾਂ ਪੁਰਸ਼ ਘਰ ਦੇ ਕੰਮ ਵਿੱਚ ਹੱਥ ਵੰਡਾਉਣ। ਪਰ ਉਹ ਇਹ ਜ਼ਰੂਰੀ ਮੰਨਦਾ ਹੈ ਕਿ ਲੜਕੀਆਂ ਨੂੰ ਖ਼ਾਸ ਤਰ੍ਹਾਂ ਨਾਲ ਦਿਖਣਾ ਚਾਹੀਦਾ ਹੈ ਅਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਮੁੱਖ ਰੂਪ ਨਾਲ ਆਦਮੀ ਦੀ ਜ਼ਿੰਮੇਵਾਰੀ ਹੁੰਦੀ ਹੈ। ਮੀਤ ਆਪਣੇ ਪਿਤਾ ਦੀ ਤਰ੍ਹਾਂ ਸਿਧਾਂਤਵਾਦੀ ਹੈ ਜੋ ਦੁਨੀਆ ਵਿੱਚ ਆਪਣੀਆਂ ਸ਼ਰਤਾਂ ’ਤੇ ਕੰਮ ਕਰਨਾ ਚਾਹੁੰਦਾ ਹੈ, ਪਰ ਜ਼ਿੰਦਗੀ ਦਾ ਮਜ਼ਾ ਲੈਣ ਦੇ ਉਸ ਦੇ ਆਪਣੇ ਤਰੀਕੇ ਹਨ।
ਇਸ ਸ਼ੋਅ ਅਤੇ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਸ਼ਗੁਨ ਪਾਂਡੇ ਨੇ ਕਿਹਾ, ‘ਮੀਤ ਇੱਕ ਚੰਗੀ ਤਰ੍ਹਾਂ ਲਿਖੀ ਗਈ ਧਾਰਨਾ ਹੈ ਜੋ ਲਿੰਗਭੇਦ ’ਤੇ ਸਵਾਲ ਚੁੱਕਦਾ ਹੈ ਅਤੇ ਰੂੜੀਵਾਦੀ ਵਿਚਾਰਧਾਰਾਵਾਂ ਨੂੰ ਤੋੜਦਾ ਹੈ। ਇਸ ਸ਼ੋਅ ਨਾਲ ਮੇਰਾ ਮੰਨਣਾ ਹੈ ਕਿ ਅਸੀਂ ਲੋਕਾਂ ਨੂੰ ਦੁਬਾਰਾ ਸੋਚਣ ’ਤੇ ਮਜਬੂਰ ਕਰ ਦੇਵਾਂਗੇ ਕਿ ਇੱਕ ਔਰਤ ਲਈ ਕੀ ਸਹੀ ਹੈ ਅਤੇ ਕੀ ਗ਼ਲਤ ਹੈ, ਉਸ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਅੱਜ ਵੀ ਸਾਡੇ ਵਿੱਚੋਂ ਜ਼ਿਆਦਾਤਰ ਪਰਿਵਾਰ ਆਪਣੇ ਬੇਟਿਆਂ ਨੂੰ ਆਪਣੇ ਘਰਾਂ ਦਾ ਚਿਰਾਗ ਮੰਨਦੇ ਹਨ। ਅੱਜ ਲੜਕੀਆਂ ਨੇ ਬੇਸ਼ੱਕ ਕਿੰਨੀਆਂ ਵੀ ਉਪਲੱਬਧੀਆਂ ਹਾਸਲ ਕਰ ਲਈਆਂ ਹੋਣ, ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਸੋਚ ਪੁਰਸ਼ਵਾਦੀ ਹੈ। ਮੈਂ ਅਜਿਹੇ ਸ਼ੋਅ ਦਾ ਹਿੱਸਾ ਬਣ ਕੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਜਿਸ ਵਿਚ ਇੰਨੇ ਸੁਭਾਵਿਕ ਤਰੀਕੇ ਨਾਲ ਲਿੰਗ ਸਮਾਨਤਾ ਦਾ ਮੁੱਦਾ ਚੁੱਕਿਆ ਗਿਆ ਹੈ। ਇਸ ਵਿਸ਼ੇ ’ਤੇ ਮੇਰੀ ਨਿੱਜੀ ਰਾਏ ਤੋਂ ਅਲੱਗ ਇਹ ਕਿਰਦਾਰ ਲੜਕੇ-ਲੜਕੀਆਂ ਦੀਆਂ ਭੂਮਿਕਾਵਾਂ ਅਤੇ ਸਮਾਜਿਕ ਢਾਂਚੇ ਨੂੰ ਸਮਝਣ ਦੇ ਮਾਮਲੇ ਵਿੱਚ ਦੋਰਾਹੇ ’ਤੇ ਖੜ੍ਹਾ ਹੈ। ਉਹ ਲੜਕੀਆਂ ਦੇ ਬਾਹਰ ਕੰਮ ਕਰਨ ਦਾ ਸਮਰਥਨ ਤਾਂ ਕਰਦਾ ਹੈ, ਪਰ ਫਿਰ ਵੀ ਉਹ ਮੰਨਦਾ ਹੈ ਕਿ ਇੱਕ ਆਦਮੀ ’ਤੇ ਹੀ ਕਮਾਈ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ। ਉਹ ਇਹ ਵੀ ਮੰਨਦਾ ਹੈ ਕਿ ਲੜਕੀਆਂ ਨੂੰ ਖ਼ਾਸ ਤਰ੍ਹਾਂ ਦਿਖਣਾ ਚਾਹੀਦਾ ਹੈ ਜਾਂ ਕੱਪੜੇ ਪਹਿਨਣੇ ਚਾਹੀਦੇ ਹਨ, ਇਸ ਲਈ ਸੋਚ ਬਦਲਣ ਦੇ ਮਾਮਲੇ ਵਿੱਚ ਦਰਸ਼ਕ ਮੈਨੂੰ ਬਹੁਤ ਦਿਲਚਸਪੀ ਨਾਲ ਦੇਖਣਗੇ। ਮੈਨੂੰ ਉਮੀਦ ਹੈ ਕਿ ਮੇਰੇ ਪ੍ਰਸੰਸਕ ਮੈਨੂੰ ਹਮੇਸ਼ਾਂ ਵਾਂਗ ਪਿਆਰ ਦੇਣਗੇ ਅਤੇ ਮੇਰੇ ’ਤੇ ਮਿਹਰਬਾਨੀ ਬਣਾ ਕੇ ਰੱਖਣਗੇ ਅਤੇ ਇਸ ਨਵੇਂ ਸਫ਼ਰ ਵਿੱਚ ਮੈਨੂੰ ਅਤੇ ਮੇਰੀ ਟੀਮ ਨੂੰ ਸ਼ੁਭਕਾਮਨਾਵਾਂ ਦੇਣਗੇ।’
‘ਵਾਗਲੇ ਕੀ ਦੁਨੀਆ’ ਵਿੱਚ ਅੰਨਾ ਦਾ ਪ੍ਰਵੇਸ਼
ਦਰਸ਼ਕਾਂ ਦਾ ਚਹੇਤੇ ‘ਭਾਖਰਵੜੀ’ ਸ਼ੋਅ ਦਾ ਚਰਚਿਤ ਕਿਰਦਾਰ ਅੰਨਾ ਪਰਤ ਆਇਆ ਹੈ। ਬਾਲ ਕ੍ਰਿਸ਼ਨ ਗੋਖਲੇ ਯਾਨੀ ਅੰਨਾ (ਦੇਵੇਨ ਭੋਜਾਨੀ) ਦੇ ਮਸ਼ਹੂਰ ਕਿਰਦਾਰ ਨੂੰ ਦਰਸ਼ਕ ਸੋਨੀ ਸਬ ਦੇ ‘ਵਾਗਲੇ ਕੀ ਦੁਨੀਆ-ਨਈ ਪੀੜ੍ਹੀ ਨਏ ਕਿੱਸੇ’ ਵਿੱਚ ਪ੍ਰਵੇਸ਼ ਕਰਦੇ ਹੋਏ ਦੇਖਣਗੇ। ਇਹ ਸ਼ੋਅ ਇਸੀ ਤਰ੍ਹਾਂ ਆਪਣੇ ਦਿਲਚਸਪ ਐਪੀਸੋਡ’ਜ਼ ਜ਼ਰੀਏ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਮਹੱਤਵ ਦੱਸਦਾ ਰਹੇਗਾ। ਇਹ ਸ਼ੋਅ ਹਰ ਕਿਸੇ ਦੇ ਪਿਆਰੇ ਵਾਗਲੇ ਪਰਿਵਾਰ ਦੇ ਨਜ਼ਰੀਏ ਨਾਲ ਆਮ ਆਦਮੀ ਦੇ ਜੀਵਨ ਦੀਆਂ ਸੱਚੀਆਂ ਖੁਸ਼ੀਆਂ ਦੇ ਰੂ-ਬ-ਰੂ ਕਰਾਉਂਦਾ ਰਹੇਗਾ। ਇਸ ਸ਼ੋਅ ਵਿੱਚ ਅੰਜਨ ਸ਼੍ਰੀਵਾਸਤਵ, ਭਾਰਤੀ ਅਚਰੇਕਰ, ਸੁਮੀਤ ਰਾਘਵਨ ਆਦਿ ਮੁੱਖ ਭੂਮਿਕਾਵਾਂ ਵਿੱਚ ਹਨ।
ਬੱਲੂ ਮਾਮਾ (ਦੇਵੇਨ ਭੋਜਾਨੀ) ਨਾਲ ਵਾਗਲੇ ਪਰਿਵਾਰ ਵਿਚ ਇੱਕ ਬਦਲਾਅ ਆਉਣ ਦੀ ਉਮੀਦ ਹੈ। ਉਹ ਰੱਖੜੀ ਦੇ ਤਿਉਹਾਰ ’ਤੇ ਆਪਣੀ ਭੈਣ ਰਾਧਿਕਾ (ਭਾਰਤੀ ਅਚਰੇਕਰ) ਨੂੰ ਮਿਲਣ ਆ ਰਹੇ ਹਨ। ਆਪਣੇ ਰੋਜ਼ਾਨਾ ਦੇ ਖ਼ਾਸ ਰਵਾਇਤੀ ਕੰਮਾਂ ਲਈ ਮਸ਼ਹੂਰ ਅਤੇ ਮਹਾਰਾਸ਼ਟਰੀ ਸੱਭਿਆਚਾਰ ਅਤੇ ਪਰੰਪਰਾ ਨਾਲ ਪਿਆਰ ਰੱਖਣ ਵਾਲੇ ਅੰਨਾ ਯਾਦਗਾਰ ਕਿਰਦਾਰਾਂ ਵਿੱਚੋਂ ਇੱਕ ਹੈ। ਇਸ ਸ਼ੋਅ ਵਿੱਚ ਸ਼੍ਰੀਨਿਵਾਸ ਵਾਗਲੇ (ਅੰਜਨ ਸ਼੍ਰੀਵਾਸਤਵ) ਨਾਲ ਉਨ੍ਹਾਂ ਦੀ ਬਹੁਤ ਗੰਭੀਰ ਤੂੰ-ਤੂੰ-ਮੈਂ-ਮੈਂ ਹੋ ਜਾਂਦੀ ਹੈ ਅਤੇ ਦੋਵੇਂ ਇੱਕ-ਦੂਜੇ ਵੱਲ ਦੇਖ ਵੀ ਨਹੀਂ ਰਹੇ। ਇਸ ਸ਼ੋਅ ਵਿੱਚ ਉਨ੍ਹਾਂ ਦਾ ਪ੍ਰਵੇਸ਼ ਦਰਸ਼ਕਾਂ ਨੂੰ ਭਾਵਨਾਵਾਂ ਦੇ ਸਫ਼ਰ ’ਤੇ ਲੈ ਕੇ ਜਾਵੇਗਾ ਜਿੱਥੇ ਰਾਜੇਸ਼ ਵਾਗਲੇ (ਸੁਮੀਤ ਰਾਘਵਨ) ਆਪਣੇ ਪਾਪਾ ਅਤੇ ਬੱਲੂ ਮਾਮੇ ਵਿਚਕਾਰ ਝਗੜਾ ਖ਼ਤਮ ਕਰਨ ਲਈ ਕੰਮ ਕਰੇਗਾ।
ਬੱਬੂ ਮਾਮਾ ਦੀ ਭੂਮਿਕਾ ਨਿਭਾ ਰਹੇ ਦੇਵੇਨ ਭੋਜਾਨੀ ਕਹਿੰਦੇ ਹਨ, ‘‘ਹੈਟਸ ਆਫ ਪ੍ਰੋਡਕਸ਼ਨ ਅਤੇ ਸੋਨੀ ਸਬ ਨਾਲ ਇਕ ਵਾਰ ਫਿਰ ਜੁੜ ਕੇ ਬਹੁਤ ਖ਼ੁਸ਼ ਹਾਂ। ਆਤਿਸ਼ ਕਪਾਡੀਆ ਅਤੇ ਜੇਡੀ ਮਜੀਠੀਆ ਮੇਰੇ ਬਹੁਤ ਚੰਗੇ ਦੋਸਤ ਹਨ। ਉਨ੍ਹਾਂ ਨਾਲ ਕੰਮ ਕਰਨਾ ਹਮੇਸ਼ਾਂ ਮਜ਼ੇਦਾਰ ਰਿਹਾ ਹੈ। ‘ਭਾਖਰਵੜੀ’ ਵਿੱਚ ਮੇਰੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਅਤੇ ਲੋਕਾਂ ਨੇ ਇਸ ਨੂੰ ਕਾਫ਼ੀ ਸਰਾਹਿਆ ਹੈ। ‘ਵਾਗਲੇ ਕੀ ਦੁਨੀਆ’ ਵਿੱਚ ਅੰਨਾ ਦੀ ਐਂਟਰੀ ਨਾਲ ਦਰਸ਼ਕਾਂ ਨੂੰ ਸ਼ੋਅ ਵਿੱਚ ਬਹੁਤ ਸਾਰੇ ਮੋੜ ਦੇਖਣ ਨੂੰ ਮਿਲ ਸਕਦੇ ਹਨ। ਇਕ ਪ੍ਰਸੰਸਕ ਦੇ ਤੌਰ ’ਤੇ ਅਤੇ ਨਾਲ ਹੀ ਇਕ ਦਰਸ਼ਕ ਦੇ ਤੌਰ ’ਤੇ ਮੈਂ ‘ਵਾਗਲੇ ਕੀ ਦੁਨੀਆ’ ਨੂੰ ਕਦੇ ਨਾਂਹ ਕਹਿ ਹੀ ਨਹੀਂ ਸਕਦਾ ਸੀ। ਇਸ ਸ਼ੋਅ ਨੂੰ ਕਾਫ਼ੀ ਪਸੰਦ ਕੀਤਾ ਗਿਆ ਅਤੇ ਇਕ ਵਾਰ ਫਿਰ ਟੈਲੀਵਿਜ਼ਨ ’ਤੇ ਅੰਨਾ ਦੇ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਮਿਲਣਾ ਇਸ ਸ਼ੋਅ ਨੂੰ ਕਰਨਾ ਹੀ ਵਜ੍ਹਾ ਬਣਿਆ। ਜਦੋਂ ਜੇਡੀ ਅਤੇ ਆਤਿਸ਼ ਨੇ ਮੈਨੂੰ ਕਹਾਣੀ ਦੱਸੀ ਤਾਂ ਮੈਂ ਇਸ ਸ਼ੋਅ ਦਾ ਹਿੱਸਾ ਬਣਨ ਲਈ ਉਤਸੁਕ ਹੋ ਗਿਆ ਅਤੇ ਮੇਰੇ ਤੋਂ ਸ਼ੂਟਿੰਗ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਹੀ ਨਹੀਂ ਹੋ ਰਿਹਾ ਸੀ। ਅੰਨਾ ਦੇ ਕਿਰਦਾਰ ਵਿਚ ਕਈ ਸਾਰੀਆਂ ਪਰਤਾਂ ਹਨ, ਪਰ ਲੇਖਕਾਂ ਨੇ ‘ਵਾਗਲੇ ਕੀ ਦੁਨੀਆ’ ਵਿੱਚ ਅੰਨਾ ਦੇ ਕਿਰਦਾਰ ਨੂੰ ਕਾਫ਼ੀ ਚੰਗਾ ਲਿਖਿਆ ਹੈ। ਮੈਨੂੰ ਇਸ ਦੀ ਸ਼ੂਟਿੰਗ ਵਿੱਚ ਕਾਫ਼ੀ ਮਜ਼ਾ ਆਇਆ ਅਤੇ ਹੁਣ ਮੈਂ ਬਹੁਤ ਬੇਸਬਰੀ ਨਾਲ ਉਨ੍ਹਾਂ ਐਪੀਸੋਡ’ਜ਼ ਨੂੰ ਪ੍ਰਸਾਰਿਤ ਹੋਣ ਅਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹਾਂ।’
ਰਾਧਿਕਾ ਵਾਗਲੇ ਦਾ ਕਿਰਦਾਰ ਨਿਭਾ ਰਹੀ ਭਾਰਤੀ ਆਚਰੇਕਰ ਨੇ ਕਿਹਾ, ‘‘ਵਾਗਲੇ ਕੀ ਦੁਨੀਆ’ ਦੇ ਐਪੀਸੋਡ’ਜ਼ ਦੀ ਸ਼ੂਟਿੰਗ ਦਾ ਅਨੁਭਵ ਹਮੇਸ਼ਾਂ ਮਜ਼ੇਦਾਰ ਰਿਹਾ ਹੈ। ਹੁਣ ਦੇਵੇਨ ਦੇ ਸ਼ੋਅ ਵਿੱਚ ਪ੍ਰਵੇਸ਼ ਨਾਲ ਨਿਸ਼ਚਤ ਤੌਰ ’ਤੇ ਮਨੋਰੰਜਨ ਅਤੇ ਮਸਤੀ ਪਹਿਲਾਂ ਤੋਂ ਵੀ ਜ਼ਿਆਦਾ ਹੋ ਜਾਵੇਗੀ। ਉਹ ਮੇਰੇ ਭਾਈ, ਅੰਨਾ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਕਾਫ਼ੀ ਸਹਿਜ ਅਤੇ ਸਰਲ ਰਿਹਾ। ਪਹਿਲਾਂ ਤੋਂ ਹੀ ਦਰਸ਼ਕਾਂ ਦੇ ਚਹੇਤੇ ਇਸ ਸ਼ੋਅ ਵਿਚ ਦੇਵੇਨ ਦੇ ਸ਼ਾਮਲ ਹੋਣ ਨਾਲ ਕਹਾਣੀ ਵਿੱਚ ਇੱਕ ਨਵਾਂ ਅਤੇ ਦਿਲਚਸਪ ਪਹਿਲੂ ਪੇਸ਼ ਕੀਤਾ ਜਾਵੇਗਾ। ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਲਗਾਤਾਰ ਕਵਾਲਿਟੀ ਕੰਟੈਂਟ ਦੇ ਰਹੇ ਹਾਂ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਦਾ ਆਨੰਦ ਉਠਾ ਰਹੇ ਹਨ।’
‘ਬੜੇ ਅੱਛੇ ਲਗਤੇ ਹੈਂ 2’ ਦਾ ਪੋਸਟਰ ਰਿਲੀਜ਼
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਪਸੰਦੀਦਾ ਅਤੇ ਹਰਮਨਪਿਆਰੇ ਸ਼ੋਅ’ਜ਼ ਵਿੱਚੋਂ ਇੱਕ ‘ਬੜੇ ਅੱਛੇ ਲਗਤੇ ਹੈਂ’ ਨੂੰ ਵਾਪਸ ਲਿਆਉਣ ਲਈ ਤਿਆਰ ਹੈ। ਇਹ ਸ਼ੋਅ ਆਪਣੀ ਉਮਰ ਦੇ 30ਵੇਂ ਦਹਾਕੇ ਵਿਚਕਾਰ ਖੜ੍ਹੇ ਦੋ ਅਜਿਹੇ ਵਿਅਕਤੀਆਂ ਦੇ ਜਜ਼ਬਾਤਾਂ ਨੂੰ ਦਿਖਾਉਂਦਾ ਹੈ ਜੋ ਵਿਆਹ ਦੇ ਬਾਅਦ ਹੌਲੀ-ਹੌਲੀ ਇੱਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਇਸ ਸ਼ੋਅ ਦੇ ਸੀਜ਼ਨ 2 ਵਿੱਚ ਨਕੁਲ ਮਹਿਤਾ ਅਤੇ ਦਿਸ਼ਾ ਪਰਮਾਰ ਕ੍ਰਮਵਾਰ ਰਾਮ ਤੇ ਪ੍ਰੀਆ ਦੇ ਕਿਰਦਾਰ ਵਿਚ ਹੋਣਗੇ। ਦਿਸ਼ਾ ਪਰਮਾਰ ਅਤੇ ਨਕੁਲ ਮਹਿਤਾ ਨੇ ਹਾਲ ਹੀ ਵਿੱਚ ਇੰਡੀਅਨ ਆਈਡਲ 12 ਦੇ ਗ੍ਰੇਟੈਸਟ ਫਿਨਾਲੇ ਵਿੱਚ ਇਸ ਸ਼ੋਅ ਦੇ ਪੋਸਟਰ ਨੂੰ ਰਿਲੀਜ਼ ਕੀਤਾ।
ਇਸ ਸ਼ੋਅ ਵਿੱਚ ਪ੍ਰੀਆ ਦਾ ਕਿਰਦਾਰ ਨਿਭਾਉਣ ਜਾ ਰਹੀ ਦਿਸ਼ਾ ਪਰਮਾਰ ਕਹਿੰਦੀ ਹੈ, ‘‘ਮੈਨੂੰ ਇਹ ਉਮੀਦ ਹੈ ਕਿ ਲੋਕ ‘ਬੜੇ ਅੱਛੇ ਲਗਤੇ ਹੈਂ’ ਦੇ ਸੀਜ਼ਨ 2 ਨੂੰ ਉਸੀ ਤਰ੍ਹਾਂ ਸਵੀਕਾਰ ਕਰਨਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਸਵੀਕਾਰ ਕੀਤਾ ਸੀ। ਮੈਂ ਇਸ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਲੋਕ ਵੀ ਇਸ ਦਾ ਮਜ਼ਾ ਲੈਣਗੇ।’
ਰਾਮ ਕਪੂਰ ਦਾ ਕਿਰਦਾਰ ਨਿਭਾਉਣ ਨੂੰ ਤਿਆਰ ਨਕੁਲ ਮਹਿਤਾ ਨੇ ਕਿਹਾ, ‘ਮੈਂ ਟੈਲੀਵਿਜ਼ਨ ਤੋਂ ਥੋੜ੍ਹਾ ਆਰਾਮ ਲਿਆ ਸੀ ਜੋ ਮੈਂ ਆਮਤੌਰ ’ਤੇ 2 ਸ਼ੋਅ’ਜ਼ ਦੇ ਵਿਚਕਾਰ ਲੈਂਦਾ ਹਾਂ। ਇਸ ਦੌਰਾਨ ਮੈਨੂੰ ਇਸ ਸ਼ੋਅ ਬਾਰੇ ਸੱਦਾ ਮਿਲਿਆ। ਇਹ ਅਜਿਹੀ ਕਹਾਣੀ ਹੈ ਜੋ ਮੈਂ ਦੇਖੀ ਹੈ। ਮੇਰੇ ਮਾਤਾ-ਪਿਤਾ ਨੇ ਵੀ ਪਿਆਰ ਕੀਤਾ ਹੈ ਅਤੇ ਮੈਨੂੰ ਲੱਗਿਆ ਕਿ ਇਹ ਇੱਕ ਅਨੋਖੀ ਚੁਣੌਤੀ ਹੋਵੇਗੀ। ਇਹ ਕਿਰਦਾਰ ਕੁਝ ਅਜਿਹਾ ਹੈ ਜੋ ਮੈਂ ਆਪਣੇ ਕਰੀਅਰ ਵਿੱਚ ਹੁਣ ਤੱਕ ਨਹੀਂ ਨਿਭਾਇਆ ਹੈ। ਇਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਹੁਣ ਲਾਂਚ ਦੇ ਨਜ਼ਦੀਕ ਹੋਣ ਕਾਰਨ ਮੈਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ।’
ਇਸ ਸ਼ੋਅ ਦੀ ਕਹਾਣੀ ਸ਼ਹਿਰੀ ਇਕੱਲਤਾ ’ਤੇ ਕੇਂਦਰਿਤ ਨਵੇਂ ਜ਼ਮਾਨੇ ਦੀ ਪ੍ਰੇਮ ਕਹਾਣੀ ਹੈ। ਇਹ ਸ਼ੋਅ ਇਸ ਗੱਲ ’ਤੇ ਵੀ ਪ੍ਰਕਾਸ਼ ਪਾਵੇਗਾ ਕਿ ਕਿਵੇਂ ਲੋਕ ਵਿਆਹ ਦੇ ਬਾਅਦ ਸੁਭਾਵਿਕ ਰੂਪ ਨਾਲ ਇੱਕ ਦੂਜੇ ਨਾਲ ਪਿਆਰ ਕਰਨ ਲੱਗਦੇ ਹਨ ਅਤੇ ਇੱਕ ਦੂਜੇ ਪ੍ਰਤੀ ਵਿਸ਼ਵਾਸ ਅਤੇ ਸਨਮਾਨ ਵਿਕਸਤ ਕਰਦੇ ਹਨ। ਇਸ ਸ਼ੋਅ ਦਾ ਪ੍ਰੋਮੋ ਹਾਲ ਹੀ ਵਿੱਚ ਏਕਤਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਜਾਰੀ ਕੀਤਾ ਸੀ ਅਤੇ ਇੰਡਸਟਰੀ ਅਤੇ ਮੀਡੀਆ ਦੇ ਦੋਸਤਾਂ ਨੇ ਇਸ ਦੀ ਬਹੁਤ ਤਾਰੀਫ਼ ਕੀਤੀ ਸੀ।