ਮੁੰਬਈ: ਬਿਪਾਸ਼ਾ ਬਾਸੂ ਦੀ ਫ਼ਿਲਮ ‘ਰਾਜ਼’ ਰਿਲੀਜ਼ ਹੋਈ ਨੂੰ ਅੱਜ ਦੋ ਦਹਾਕੇ ਹੋ ਗਏ ਹਨ। ਅਦਾਕਾਰਾ ਨੇ ਇਸ ਸਬੰਧੀ ਕੁਝ ਦਿਲਚਸਪ ਕਿੱਸੇ ਸਾਂਝੇ ਕੀਤੇ। ‘ਰਾਜ਼’ ਵਿੱਚ ਬਿਪਾਸ਼ਾ ਨੇ ਇੱਕ ਅਜਿਹੀ ਔਰਤ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਉਸ ਦੇ ਪਤੀ ਦੀ ਪ੍ਰੇਮਿਕਾ ਦੀ ਰੂਹ ਡਰਾਉਂਦੀ ਹੈ। ਵਿਕਰਮ ਭੱਟ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 2002 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ।
ਅਦਾਕਾਰਾ ਨੇ ਕਿਹਾ, ‘‘ਅਸੀਂ ਫਿਲਮ ਦੀ ਸ਼ੂਟਿੰਗ ਊਟੀ ਵਿੱਚ ਕਰ ਰਹੇ ਸੀ। ਅਸੀਂ ਕਾਫੀ ਸੀਨ ਰਾਤ ਨੂੰ ਸ਼ੂਟ ਕਰਨੇ ਸਨ, ਜਿੱਥੇ ਮੈਂ ਆਵਾਜ਼ਾਂ ਸੁਣ ਕੇ ਨੀਂਦ ਤੋਂ ਜਾਗਣਾ ਅਤੇ ਮਗਰੋਂ ਜੰਗਲਾਂ ਵਿਚ ਜਾਣਾ ਹੁੰਦਾ ਸੀ। ਸ਼ੂਟਿੰਗ ਲਈ ਮੁੱਖ ਜਗ੍ਹਾ ਸੁੰਦਰ ਬੰਗਲਾ ਸੀ ਅਤੇ ਆਲੇ-ਦੁਆਲੇ ਦਾ ਮਾਹੌਲ ਠੰਢਾ, ਮੱਧਮ ਰੌਸ਼ਨੀ ਵਾਲਾ ਅਤੇ ਡਰਾਉਣਾ ਸੀ। ਮੈਨੂੰ ਠੰਢੀ ਰਾਤ ਨੂੰ ਉਜਾੜ ਵਿਚ ਇਕੱਲੇ ਤੁਰਨਾ ਪਿਆ।’’ ਉਸ ਨੇ ਕਿਹਾ, ‘‘ਵਿਕਰਮ ਕੋਲ ਇਕ ਵੱਡੀ ਘੰਟੀ ਸੀ ਅਤੇ ਮੇਰੇ ਕੋਲੋਂ ਸਹੀ ਪ੍ਰਤੀਕਿਰਿਆ ਲੈਣ ਲਈ ਉਹ ਅਚਾਨਕ ਇਸ ਨੂੰ ਵਜਾ ਦਿੰਦਾ ਸੀ। ਜਦੋਂ ਪਹਿਲੀ ਵਾਰ ਉਸ ਨੇ ਅਜਿਹਾ ਕੀਤਾ ਤਾਂ ਉਸ ਵੇਲੇ ਬਿਲਕੁਲ ਸ਼ਾਂਤੀ ਸੀ ਅਤੇ ਮੈਂ ਇਕੱਲੀ ਤੁਰ ਰਹੀ ਸੀ। ਉਸ ਵੇਲੇ ਮਾਹੌਲ ਇੰਨਾ ਡਰਾਉਣਾ ਬਣ ਗਿਆ ਕਿ ਮੈਂ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਿਆ ਕਿ ਮੇਰੀ ਆਤਮਾ ਨੇ ਮੇਰਾ ਸਰੀਰ ਛੱਡ ਦਿੱਤਾ ਹੈ। ਉਸ ਤੋਂ ਬਾਅਦ ਉਹ ਘੰਟੀ ਮੇਰੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ। ਉਹ ਮੇਰੇ ਕੋਲੋਂ ਪ੍ਰਤੀਕਿਰਿਆ ਲੈਣ ਲਈ ਕਿਸੇ ਵੀ ਸਮੇਂ ਘੰਟੀ ਵਜਾ ਦਿੰਦਾ ਸੀ।’’ ਉਸ ਨੇ ਦੱਸਿਆ ਕਿ ਮਾਹੌਲ ਹੋਰ ਡਰਾਉਣਾ ਕਰਨ ਲਈ ਸਰੋਜ ਖਾਨ, ਆਸ਼ੂਤੋਸ਼ ਰਾਣਾ ਅਤੇ ਵਿਕਰਮ ਭੱਟ ਸਮੇਤ ਟੀਮ ਦੇ ਬਾਕੀ ਮੈਂਬਰ ਰਾਤ ਨੂੰ ਭੂਤਾਂ ਵਾਲੀਆਂ ਕਹਾਣੀਆਂ ਸੁਣਾਉਂਦੇ। ਫਿਲਮ ਵਿੱਚ ਬਿਪਾਸ਼ਾ ਦੇ ਨਾਲ ਡੀਨੋ ਮੌਰਿਆ ਅਤੇ ਆਸ਼ੂਤੋਸ਼ ਰਾਣਾ ਵੀ ਨਜ਼ਰ ਆਏ ਸਨ। ‘ਵਿਸ਼ੇਸ਼ ਫਿਲਮਜ਼’ ਅਤੇ ‘ਟਿਪਸ ਇੰਡਸਟਰੀਜ਼’ ਫਿਲਮ ਦੇ ਸਹਿ-ਨਿਰਮਾਤਾ ਸਨ। -ਆਈਏਐੱਨਐੱਸ