ਕਰਨੈਲ ਸਿੰਘ ਸੋਮਲ
ਮੱਥੇ, ਹੱਥ, ਬਾਂਹ, ਪੱਟ ਉੱਤੇ ਕੁਝ ਨਾ ਕੁਝ ਖੁਣਵਾ ਲੈਣ ਦਾ ਖ਼ਬਤ ਚੜ੍ਹਦੀ ਉਮਰੇ ਕਈਆਂ ਨੂੰ ਹੁੰਦਾ ਹੈ। ਖ਼ਾਸ ਕਰਕੇ ਮੇਲਿਆਂ ਉੱਤੇ ਇੱਕ-ਦੂਜੇ ਦੀ ਰੀਸੋ-ਰੀਸ ਇਹ ਭੁਸ ਪੂਰਾ ਕੀਤਾ ਜਾਂਦਾ ਹੈ। ਟੈਟੂ ਖੁਣਵਾਉਣ ਲਈ ਤਾਂ ਸਾਰਾ ਸਰੀਰ ਜਾਣੋ ਡਰਾਇੰਗ-ਸ਼ੀਟ ਬਣ ਜਾਂਦਾ ਹੈ। ਜੋ ਕੁਝ ਖੁਣਵਾਇਆ ਜਾਂਦਾ ਹੈ, ਉਹ ਮਿਟਾਇਆਂ ਮਿਟਦਾ ਨਹੀਂ। ਉਮਰ ਦੇ ਲੰਘਣ ਨਾਲ ਭਾਵੇਂ ਇਹ ਵੇਖਣ ਨੂੰ ਚੰਗਾ ਨਾ ਵੀ ਲੱਗਦਾ ਹੋਵੇ। ਓਧਰ ਭੋਲੀ ਤੇ ਬੇਸਮਝੀ ਦੀ ਅਵਸਥਾ ਵਿੱਚ ਸਾਡੇ ਜ਼ਿਹਨ ਉੱਤੇ ਵੀ ਕਿੰਨਾ ਕੁਝ ਖੁਣਿਆ ਜਾਂਦਾ ਹੈ। ਉਹ ਕਿਹੜੇ ਛੇਤੀ ਦੇਣੇ ਮਿਟਣਾ ਹੁੰਦਾ ਹੈ। ਲੋਹੜਾ ਵੇਖੋ, ਇਹ ਕੁਝ ਬੰਦੇ ਨੇ ਨਾ ਆਪ ਕੀਤਾ ਹੁੰਦਾ ਹੈ ਤੇ ਨਾ ਹੀ ਕਿਸੇ ਸ਼ੌਕ ਵਜੋਂ ਕਰਵਾਇਆ ਹੁੰਦਾ ਹੈ। ਇਹ ਤਾਂ ਨੇੜੇ ਦੇ ਜਿਹੜੇ ਸਮਾਜ ਵਿੱਚ ਬੱਚਾ ਜਾਂ ਬੱਚੀ ਦਾ ਵਿਚਰਨ ਹੁੰਦਾ ਹੈ, ਉਸ ਵੱਲੋਂ ਪਾਈਆਂ ਝਰੀਟਾਂ ਤੇ ਦਾਗ਼ ਹੁੰਦੇ ਹਨ।
ਅਸੀਂ ਜਾਣਦੇ ਹਾਂ ਕਿ ਕਿੰਨਾ ਕੁਝ ਬੰਦੇ ਦੇ ਵੱਸ ਵਿੱਚ ਨਹੀਂ ਹੁੰਦਾ, ਖ਼ਾਸ ਕਰਕੇ ਬਚਪਨ ਵਿੱਚ। ਉਹ ਕਿਹੜੇ ਮਾਂ-ਬਾਪ ਦੇ ਘਰ ਜਨਮ ਲੈਂਦਾ ਹੈ, ਉਸ ਘਰ ਦੀ ਆਰਥਿਕ ਤੇ ਸਮਾਜਿਕ ਸਥਿਤੀ ਕਿਹੋ ਜਿਹੀ ਹੈ, ਜਾਗ੍ਰਿਤੀ ਦਾ ਪੱਧਰ ਕਿੰਨਾ ਕੁ ਹੈ। ਉਸ ਦੇ ਪਿੰਡ, ਸ਼ਹਿਰ ਜਾਂ ਬਸਤੀ ਵਿੱਚ ਵਿਦਿਅਕ ਤੇ ਸਿਹਤ ਸਹੂਲਤਾਂ ਕਿੰਨੀਆਂ ਕੁ ਹਨ, ਤੇ ਆਮ ਲੋਕਾਂ ਦੀ ਪਹੁੰਚ ਵਿੱਚ ਕਿਸ ਹੱਦ ਤੱਕ ਹਨ। ਘਰ ਵਿੱਚ ਮਾਹੌਲ ਕਿਹੋ ਜਿਹਾ ਹੈ, ਵੱਡਿਆਂ ਦੇ ਪਰਸਪਰ ਰਿਸ਼ਤੇ ਕਿੰਨੇ ਕੁ ਨਿੱਘੇ ਤੇ ਸੁਖਾਵੇਂ ਹਨ। ਉਨ੍ਹਾਂ ਦੀਆਂ ਆਦਤਾਂ, ਜੀਵਨ ਬਾਰੇ ਦ੍ਰਿਸ਼ਟੀਕੋਣ ਆਦਿ ਹੋਰ ਕਿੰਨੇ ਹੀ ਪੱਖ ਹਨ। ਘਰ, ਗਲ਼ੀ-ਮੁਹੱਲੇ ਤੇ ਬਸਤੀ ਵਿੱਚ ਰਹਿੰਦੇ ਲੋਕਾਂ ਦਾ ਆਚਾਰ-ਵਿਹਾਰ ਵੀ ਡਾਢਾ ਅਸਰ ਪਾਉਂਦਾ ਹੈ। ਜੇ ਇਨ੍ਹਾਂ ਲੋਕਾਂ ਦੀ ਸੋਚ ਨਕਾਰਤਮਕ ਹੋਵੇ ਤੇ ਉਹ ਕਿਸੇ ਦੀ ਜਾਤ, ਦਿੱਖ, ਉਸ ਦੇ ਰੰਗ, ਕੱਦ, ਚਾਲ-ਢਾਲ, ਬੋਲ-ਬਾਣੀ, ਪਰਿਵਾਰਕ ਪਿਛੋਕੜ ਤੇ ਕੰਮ-ਕਿੱਤੇ ਬਾਰੇ ਚੁੱਭਵੀਆਂ ਟਿੱਪਣੀਆਂ ਕਰਦੇ ਰਹਿਣ ਤਾਂ ਇੰਜ ਜ਼ਲੀਲ ਹੋਣਾ ਜ਼ਿੰਦਗੀ ਦੀ ਅਜਬ ਅੜਾਉਣੀ ਬਣ ਜਾਂਦਾ ਹੈ।
ਮਾਂ-ਬਾਪ ਦੀ ਅਣਬਣ ਤੇ ਕਈ ਵਾਰੀ ਟੁੱਟ-ਟੁਟਾਉਣ, ਔਲਾਦ ਦੀ ਸਾਂਭ-ਸੰਭਾਲ ਦੇ ਸਬੰਧ ਵਿੱਚ ਲੜੇ ਜਾਂਦੇ ਮੁਕੱਦਮੇ ਆਦਿ ਮਾਸੂਮਾਂ ਦਾ ਬਿਨਾਂ ਕਸੂਰ ਘਾਣ ਕਰਦੇ ਹਨ। ਜਿਉਂ ਜਿਉਂ ਉਹ ਵੱਡੇ ਹੁੰਦੇ ਹਨ, ‘ਅਜਿਹਾ ਕਿਉਂ ਹੋਇਆ’ ਦਾ ਸਵਾਲ ਖਹਿੜਾ ਨਹੀਂ ਛੱਡਦਾ। ਭਗਤ ਪ੍ਰਹਿਲਾਦ ਤੇ ਪੂਰਨ ਜਿਹਿਆਂ ਨੂੰ ਜਨਮ ਤੋਂ ਹੀ ਸੰਤਾਪ ਭੋਗਣੇ ਪਏ। ਆਪਣੇ ਆਪ ਨੂੰ ਉੱਚੇ ਸਮਾਜਿਕ ਦਰਜੇ ਦੇ ਮੰਨਣ ਵਾਲੇ ਲੋਕ, ਜਦੋਂ ਦੂਜਿਆਂ ਨੂੰ ‘ਨੀਵੇਂ’ ਸਮਝ ਕੇ ਉਨ੍ਹਾਂ ਦੀ ਖਿੱਲੀ ਉਡਾਉਂਦੇ ਹਨ ਤਦ ‘ਚਿੜੀਆਂ ਦੀ ਮੌਤ ਗੰਵਾਰਾਂ ਦਾ ਹਾਸਾ’ ਅਖਾਣ ਚੇਤੇ ਆ ਜਾਂਦਾ ਹੈ। ਸਾਡੇ ਸਮਾਜ ਵਿੱਚ ਜਾਤ ਤੇ ਧਰਮ ਦੇ ਨਾਂ ਉੱਤੇ ਵੰਡਾਂ ਵੀ ਵਿਖਮ ਵਰਤਾਰੇ ਹਨ।
ਬਹੁਤੇ ਘਰਾਂ ਵਿੱਚ ਛੋਟੇ-ਵੱਡੇ ਸਾਰੇ ਜੀਅ ਇੱਕੋ ਥਾਂ ਵਿਚਰਦੇ ਹਨ। ਕੋਈ ਓਟ ਜਾਂ ਪਰਦਾ ਨਹੀਂ ਹੁੰਦਾ। ਘਰ ਵਿੱਚ ਜੇ ਕੁਝ ਵੀ ਗ਼ਲਤ, ਘਿਨਾਉਣਾ ਤੇ ਸਾਜ਼ਿਸ਼ੀ ਜਿਹਾ ਵਾਪਰਦਾ ਹੈ, ਉਸ ਦੀ ਕਨਸੋਅ ਮਾਸੂਮ ਬਾਲਾਂ-ਬਾਲੜੀਆਂ ਤੀਕ ਪਹੁੰਚਦੀ ਹੈ। ਕਿਸੇ ਦੀ ਚੋਰੀ ਚੁੱਕੀ ਵਸਤ, ਕੋਈ ਬੇਈਮਾਨੀ, ਵੱਢੀ ਦਾ ਮਾਲ ਆਦਿ ਦੇ ਮਾੜੇ ਅਸਰ ਤੋਂ ਬਾਲ ਅਣਭਿੱਜ ਨਹੀਂ ਰਹਿੰਦੇ। ਇਸ ਤੋਂ ਵੱਡੇ ਦਾਇਰੇ ਵਿੱਚ ਵਾਪਰਦੇ ਚੰਗੇ-ਮੰਦੇ ਦੀਆਂ ਖ਼ਬਰਾਂ ਵੀ ਉਨ੍ਹਾਂ ਦੇ ਕੰਨਾਂ ਵਿੱਚ ਪੈ ਜਾਂਦੀਆਂ ਹਨ। ਅਗਾਂਹ ਗਲੀ-ਗੁਆਂਢ ਵਿੱਚ ਸਾਰੇ ਨੇਕ-ਸੀਰਤ ਹੋਣ ਤਾਂ ਭਲਾ, ਵਰਨਾ ਕਈਆਂ ਦੀ ਬੋਲ-ਬਾਣੀ ਬੜੀ ਮਲੀਨ ਹੁੰਦੀ ਹੈ। ਕਈ ਕਿਸੇ ਪਰਿਵਾਰ ਨਾਲ ਆਪਣੀ ਕਿੜ ਕੱਢਣ ਲਈ ਅਗਲੇ ਦੇ ਪੁੱਤ-ਧੀ ਨੂੰ ਵਰਗਲਾ ਕੇ ਕੁਰਾਹੇ ਪਾਉਂਦੇ ਹਨ। ਕੋਈ ਖੁਣਸ ਨਾ ਵੀ ਹੋਵੇ ਖਚਰੇ, ਸ਼ਾਤਰ, ਅਵੈੜ ਅਤੇ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਬਾਲ-ਬਾਲੜੀਆਂ ਤੇ ਕਿਸ਼ੋਰ ਮੁੰਡੇ-ਕੁੜੀਆਂ ਨੂੰ ਫੁਸਲਾ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਦੇੇ ਹਨ। ਅਜਿਹੇ ਕਰੂਰ ਵਰਤਾਰੇ ਸਮੁੱਚੇ ਸਮਾਜ ਲਈ ਘਾਤਕ ਹੁੰਦੇ ਹਨ। ਇੰਟਰਨੈੱਟ ਉੱਤੇ ਗ਼ੈਰ-ਜ਼ਿੰਮੇਵਾਰ ਅਨਸਰਾਂ ਵੱਲੋਂ ਪਰੋਸੀ ਜਾਂਦੀ ਸਮੱਗਰੀ ਹੜ੍ਹ ਦੇ ਪਾਣੀ ਵਾਂਗ ਗੰਧਲੀ ਹੁੰਦੀ ਹੈ। ਕੀ ਕੋਈ ਅਜਿਹੀ ਛਾਣਨੀ ਹੈ ਜਿਹੜੀ ਸਾਡੇ ਬੱਚਿਆਂ ਨੂੰ ਅਜਿਹੇ ਸਮਾਜਿਕ ਪ੍ਰਦੂਸ਼ਣ ਤੋਂ ਬਚਾ ਸਕੇ। ਕਈ ਜ਼ਖ਼ਮ ਤੇ ਸਰੀਰਿਕ-ਮਾਨਸਿਕ ਸੱਟਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਮਾਰ ਹੇਠ ਆਏ ਬੰਦੇ ਨੂੰ ਬਾਲਗ਼ ਹੋਣ ’ਤੇ ਵੀ ਜਿਊਣਾ ਮੁਸ਼ਕਲ ਲੱਗਦਾ ਹੈ।
ਸੱਭਿਅਕ ਸਮਾਜ ਵਿੱਚ ਸੁਰੱਖਿਆ ਕਿਸੇ ਖ਼ਾਸ ਵਰਗ ਦੀ ਜ਼ਰੂਰਤ ਨਹੀਂ, ਹਰੇਕ ਸਲਾਮਤ ਰਹਿਣਾ ਚਾਹੀਦਾ ਹੈ। ਬੇਸ਼ੱਕ, ਕਈ ਉੱਦਮੀਆਂ ਦੇ ਜਾਗਰੂਕ ਹੋਣ ਸਦਕੇ ਸੰਘਣੇ ਹਨੇਰਿਆਂ ਵਿੱਚ ਵੀ ਲੋਅ ਉਦੇ ਹੋਣ ਲੱਗਦੀ ਹੈ। ਫਿਰ, ਗੋਲ-ਗੰਢਾਂ ਵੀ ਹੱਥੀਂ ਖੁੱਲ੍ਹਣ ਲੱਗ ਜਾਂਦੀਆਂ ਹਨ। ਹੋਰਨਾਂ ਤੱਕ ਵੀ ਇਹ ਸੋਚ ਪਹੁੰਚਦੀ ਹੈ ਕਿ ਅੜਾਉਣੀਆਂ ਜਿੰਨੀਆਂ ਵੀ ਪੀਡੀਆਂ ਹੋਣ ਯਤਨ ਕੀਤਿਆਂ ਹੱਲ ਹੋ ਜਾਂਦੀਆਂ ਹਨ। ਆਪਣਾ ਸਿਰ ਆਪ ਵਾਹੁਣ ਜਾਂ ਗੁੰਦਣ ਦੀ ਜਾਚ ਆ ਜਾਣ ਦਾ ਮਹੱਤਵ ਵੱਡਾ ਹੈ। ਜ਼ਿੰਦਗੀ ਵਿੱਚ ਅਨੇਕ ਤਰ੍ਹਾਂ ਦੀਆਂ ਅੜਾਉਣੀਆਂ ਆਉਂਦੀਆਂ ਹੀ ਰਹਿਣੀਆਂ ਹਨ। ਇਨ੍ਹਾਂ ਨਾਲ ਨਿਪਟਣ ਤੇ ਨਿਭਣ ਦੀ ਜਾਚ ਆ ਜਾਣੀ ਲਾਜ਼ਮੀ ਹੈ। ਹੁਣ ਤਾਂ ਸੁਚੇਤ ਤੇ ਚੁਕੰਨੇ ਰਹਿਣ ਦੀ ਲੋੜ ਸਭਨਾਂ ਨੂੰ ਹੈ। ਬਾਲਾਂ ਤੇ ਬਾਲੜੀਆਂ ਦੀ ਅਣਭੋਲ ਉਮਰ ਵਿੱਚ ਹਿਫ਼ਾਜ਼ਤ ਬਹੁਤ ਜ਼ਰੂਰੀ ਹੈ। ਅਜਿਹਾ ਮਾਪਿਆਂ, ਅਧਿਆਪਕਾਂ ਤੇ ਹੋਰ ਸਮਝਦਾਰ ਨਾਗਰਿਕਾਂ ਦੀ ਨਿਗ੍ਹਾਬਾਨੀ ਸਦਕਾ ਸੰਭਵ ਹੈ। ਕਲੀਆਂ ਤੇ ਕਰੂੰਬਲਾਂ ਨਾਲ ਹੁੰਦੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਲਈ ਹਰ ਨਾਗਰਿਕ, ਪਰਿਵਾਰ, ਸਮਾਜ ਤੇ ਸਰਕਾਰ ਨੂੰ ਖ਼ਬਰਦਾਰ ਰਹਿਣਾ ਬਣਦਾ ਹੈ। ਵਾੜ ਵਾੜੀ ਦੀ ਲੋੜ ਹੈ। ਅਗਾਂਹ ਵਿੱਦਿਆ ਦੇ ਚਾਨਣ ਸਦਕਾ ਵਿਅਕਤੀ ਨੂੰ ਚੰਗੇ-ਮਾੜੇ ਦੀ ਪਛਾਣ ਹੋਣ ਲੱਗਦੀ ਹੈ। ਤਦ ਉਹ ਸਵੈ-ਸੁਰੱਖਿਅਤ ਰਹਿੰਦਾ ਹੋਰਨਾਂ ਦੀ ਸਲਾਮਤੀ ਵੀ ਯਕੀਨੀ ਬਣਾਉਂਦਾ ਹੈ।