ਗੁਰਜੀਤ ਕੌਰ
ਮੁੱਢ-ਕਦੀਮ ਤੋਂ ਰੁੱਤਾਂ ਦਾ ਸਾਡੇ ਜੀਵਨ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਰੁੱਤਾਂ ਦਾ ਬਦਲਣਾ ਕੁਦਰਤ ਦਾ ਨਿਯਮ ਹੈ। ਰੁੱਤਾਂ ਦੇ ਬਦਲਣ ਨਾਲ ਜਿੱਥੇ ਮੌਸਮ ਦਾ ਮਿਜ਼ਾਜ ਬਦਲਦਾ ਹੈ ਉੱਥੇ ਮਨੁੱਖੀ ਜੀਵਨ ’ਤੇ ਵੀ ਇਸ ਦਾ ਗਹਿਰਾ ਅਸਰ ਪੈਂਦਾ ਹੈ। ਅੱਤ ਦੀ ਗਰਮੀ ਜਾਂ ਸਰਦੀ ਅਨੇਕਾਂ ਜਾਨਾਂ ਆਪਣੇ ਨਾਲ ਲੈ ਜਾਂਦੀ ਹੈ। ਵਧ ਰਹੀ ਤਪਸ਼ ਦਾ ਕਾਰਨ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਹੈ।
ਕੁਦਰਤ ਦੀ ਮਿਹਰ ਸਦਕਾ ਹੀ ਵਰਖਾ ਰੁੱਤ ਵੀ ਆਪਣੇ ਜੀਵਨ ਦਾ ਅਹਿਮ ਹਿੱਸਾ ਹੈ। ਜੇਠ ਹਾੜ੍ਹ ਦੀ ਕੜਕਦੀ ਧੁੱਪ, ਤਪਦੀ ਧਰਤੀ, ਸੁੱਕ ਚੁੱਕੇ ਵੇਲ ਬੂਟੇ, ਸੜ ਚੁੱਕੀ ਬਨਸਪਤੀ, ਝੁਲਸ ਚੁੱਕੀ ਚਮੜੀ ਨੂੰ ਠਾਰਨ ਲਈ ਤੇ ਨਵੀਂ ਸ਼ਕਤੀ ਪ੍ਰਦਾਨ ਕਰਨ ਲਈ ਸਾਵਣ ਦਾ ਮਹੀਨਾ ਦਸਤਕ ਦਿੰਦਾ ਹੈ। ਸਾਵਣ ਮਹੀਨੇ ਦੀ ਆਮਦ ਹੁੰਦਿਆਂ ਹੀ ਬੱਚੇ, ਬੁੱਢੇ, ਜਵਾਨ ਸਭ ਨੂੰ ਭਰਵੀਂ ਬਾਰਸ਼ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਗੁਰਬਾਣੀ ਵਿਚ ਵੀ ਸਾਵਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ:
* ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ।।
* ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।।
ਸਾਵਣ ਮਹੀਨੇ ਦੀਆਂ ਆਸਮਾਨੀ ਚੜ੍ਹੀਆਂ ਕਾਲੀਆਂ ਘਟਾਵਾਂ ਜ਼ੋਬਨ ਵਿਖਾਉਂਦੀਆਂ ਹਨ ਤਾਂ ਭਰਪੂਰ ਵਰਖਾ ਨਾਲ ਸਾਰਾ ਆਲਮ ਹੀ ਨਸ਼ਿਆ ਜਾਂਦਾ ਹੈ। ਆਸਮਾਨ ’ਚ ਚੜ੍ਹੀ ਧੂੜ ਮਿੱਟੀ ਨੂੰ ਸਮੇਟਦੀਆਂ ਵਰਖਾ ਦੀਆਂ ਬੁਛਾੜਾਂ ਧਰਤੀ ਦਾ ਸੀਨਾ ਠਾਰਦੀਆਂ ਸਭ ਦਾ ਮਨ ਮੋਹ ਲੈਂਦੀਆਂ ਹਨ। ਵਰਖਾ ਰੁੱਤ ਵਿਚ ਬਨਸਪਤੀ ਵਿਚ ਆਇਆ ਨਿਖਾਰ ਕਿਸੇ ਸੱਜ ਵਿਆਹੀ ਦੁਲਹਨ ਤੋਂ ਘੱਟ ਨਹੀਂ ਹੁੰਦਾ। ਹਵਾ ਵਿਚ ਝੂਮਦੇ ਫੁੱਲ ਬੂਟੇ ਸਾਰੇ ਵਾਤਾਵਰਨ ਨੂੰ ਸੁਗੰਧਿਤ ਕਰ ਦਿੰਦੇ ਹਨ। ਦਰੱਖਤਾਂ ਦੇ ਪੱਤਿਆਂ ਤੋਂ ਜਦੋਂ ਮਿੱਟੀ ਝੜਦੀ ਹੈ ਤਾਂ ਹਰੇ ਕਚੂਰ ਪੱਤੇ ਇਕ ਦੂਜੇ ਨਾਲ ਕਲੋਲਾਂ ਕਰਦੇ ਪ੍ਰਤੀਤ ਹੁੰਦੇ ਹਨ। ਪਸ਼ੂ ਪੰਛੀ ਖਿੱਲ ਉੱਠਦੇ ਹਨ, ਮੋਰ ਪੈਲਾਂ ਪਾਉਂਦੇ, ਕੋਇਲਾਂ ਕੂਕਦੀਆਂ, ਕਲੋਲਾਂ ਕਰਦੇ ਪੰਛੀ, ਤਿਤਲੀਆਂ, ਭੰਵਰੇ ਖੁਸ਼ੀ ਨਾਲ ਝੂਮਦੇ ਨਜ਼ਰ ਆਉਂਦੇ ਹਨ। ਆਸਮਾਨ ਵਿਚ ਪੰਛੀਆਂ ਦੀਆਂ ਉਡਾਰੀਆਂ ਚੀਂ-ਚੀਂ ਕਰਦੀਆਂ ਮੀਂਹ ਦਾ ਪੈਗਾਮ ਦਿੰਦੀਆਂ ਹਨ। ਇਸ ਮਹੀਨੇ ਦਾ ਖੁਸ਼ਗਵਾਰ ਮੌਸਮ, ਮੋਹਲੇਧਾਰ ਵਰਖਾ ਸਭ ਦਾ ਮਨ ਮੋਹ ਲੈਂਦੀ ਹੈ। ਨਿੱਕੇ ਨਿੱਕੇ ਬੱਚੇ ਮੀਂਹ ਦੇ ਪਾਣੀ ਵਿਚ ਨੱਚਦੇ ਟੱਪਦੇ ਮਸਤੀ ਕਰਦੇ ਦਿਖਾਈ ਦਿੰਦੇ ਹਨ। ਕਾਗਜ਼ਾਂ ਦੀਆਂ ਕਿਸ਼ਤੀਆਂ ਬਣਾ ਬਣਾ ਕੇ ਪਾਣੀ ਵਿਚ ਛੱਡਦੇ ਸਭ ਦਾ ਮਨ ਮੋਹ ਲੈਂਦੇ ਹਨ।
ਇਸ ਮਹੀਨੇ ਦੀ ਵਰਖਾ ਨਾਲ ਜਿੱਥੇ ਜਲ-ਥਲ ਹੋ ਜਾਂਦਾ ਹੈ, ਉੱਥੇ ਧਰਤੀ ਦਾ ਹਰੇਕ ਜੀਵ-ਜੰਤੂ ਇਸ ਦਾ ਲੁਤਫ ਉਠਾਉਂਦਾ ਹੈ, ਨੀਲੇ, ਗੁਲਾਬੀ ਤੇ ਸਫ਼ੈਦ ਕਮਲ ਦੇ ਫੁੱਲ ਖਿਲ ਉੱਠਦੇ ਹਨ। ਚਾਰੇ ਪਾਸੇ ਹਰਿਆਵਲ ਦੀ ਪਸਰੀ ਚਾਦਰ ਹਰ ਇਕ ਦਾ ਮਨ ਮੋਹ ਲੈਂਦੀ ਹੈ। ਤਾਜ਼ਗੀ ਭਰੇ ਇਸ ਵਾਤਾਵਰਨ ਵਿਚ ਹਰ ਇਕ ਜੀਵ ਸੁੱਖ ਦਾ ਸਾਹ ਲੈਂਦਾ ਹੈ।
ਸਾਵਣ ਮਹੀਨੇ ਦੀ ਭਰਵੀਂ ਬਾਰਸ਼ ਵਾਲੇ ਦਿਨ ਹੀ ਘਰਾਂ ਵਿਚ ਖੀਰ ਪੂੜੇ, ਗੁਲਗੁਲੇ ਪੱਕਣੇ ਸ਼ੁਰੂ ਹੋ ਜਾਂਦੇ ਹਨ। ਗੁੜ ਦੀ ਮਿਠਾਸ ਸਾਰੀ ਹਵਾ ਵਿਚ ਘੁਲ ਮਿਲ ਜਾਂਦੀ ਹੈ ਤੇ ਮਹਿਕਦੀਆਂ ਫਿਜ਼ਾਵਾਂ ਨਾਲ ਸਾਰਾ ਵਾਤਾਵਰਨ ਹੀ ਮਹਿਕ ਜਾਂਦਾ ਹੈ। ਇਕ ਦੂਸਰੇ ਦੇ ਘਰ ਪੂੜਿਆਂ ਦਾ ਲੈਣ ਦੇਣ ਵੀ ਹੁੰਦਾ ਹੈ। ਖੀਰ-ਪੂੜੇ ਤਾਂ ਇਸ ਮਹੀਨੇ ਨਾਲ ਜੁੜਿਆ ਖ਼ਾਸ ਪਕਵਾਨ ਹੈ। ਸਾਵਣ ਮਹੀਨੇ ਦੀ ਮੱਸਿਆ ਤੋਂ ਬਾਅਦ ਜਦੋਂ ਚਾਨਣੀਆਂ ਰਾਤਾਂ ਦਾ ਆਗਾਜ਼ ਹੁੰਦਾ ਹੈ ਤਾਂ ਤੀਸਰੇ ਦਿਨ ਨੂੰ ਤੀਜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇੱਥੋਂ ਹੀ ਤੀਆਂ ਜਾਂ ਤੀਜ ਦਾ ਤਿਉਹਾਰ ਆਰੰਭ ਹੁੰਦਾ ਹੈ। ਮੁਟਿਆਰਾਂ ਲਈ ਇਹ ਤਿਉਹਾਰ ਖ਼ਾਸ ਉਤਸ਼ਾਹ ਅਤੇ ਉਮੰਗ ਵਾਲਾ ਹੁੰਦਾ ਹੈ। ਇਸ ਮਹੀਨੇ ਵਿਚ ਮਹਿੰਦੀ ਤੇ ਚੂੜੀਆਂ ਦਾ ਵੀ ਮੁਟਿਆਰਾਂ ਲਈ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਨਵ-ਵਿਆਹੀਆਂ ਨਣਦਾਂ ਤੇ ਭਰਜਾਈਆਂ ਸਾਰੀਆਂ ਇਕੱਠੀਆਂ ਹੋ ਕੇ ਪਿੱਪਲਾਂ ਜਾਂ ਬੋਹੜਾਂ ਦੀ ਛਾਵੇਂ ਪੀਘਾਂ ਝੂਟਦੀਆਂ ਨੱਚਦੀਆਂ, ਟੱਪਦੀਆਂ ਇਸ ਤਿਉਹਾਰ ਨੂੰ ਬੜੀਆਂ ਰੀਝਾਂ ਨਾਲ ਮਨਾਉਂਦੀਆਂ ਸਨ। ਹੁਣ ਇਹ ਨਜ਼ਾਰਾ ਕਿਤੇ ਹੀ ਨਜ਼ਰ ਆਉਂਦਾ ਹੈ।
ਇਸ ਮਹੀਨੇ ਨਦੀਆਂ ਨਾਲੇ, ਸੂਏ ਮਿੱਟੀ ਰੰਗੇ ਪਾਣੀ ਨਾਲ ਡੁੱਲ੍ਹ-ਡੁੱਲ੍ਹ ਪੈਂਦੇ ਹਨ। ਪਸ਼ੂ-ਪੰਛੀ ਤਾਰੀਆਂ ਲਾਉਂਦੇ, ਕਲੋਲਾਂ ਕਰਦੇ ਇਸ ਮੌਸਮ ਦੇ ਨਜ਼ਾਰੇ ਲੈਂਦੇ ਹਨ। ਰੱਖੜੀ, ਸੰਧਾਰਾ, ਗੁੱਗਾ-ਇਹ ਸਾਰੇ ਤਿਉਹਾਰ ਸੌਣ ਮਹੀਨੇ ਨਾਲ ਜੁੜੇ ਹੋਣ ਕਰਕੇ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਭੈਣਾਂ ਚਾਈਂ-ਚਾਈਂ ਰੱਖੜੀਆਂ ਲੈ ਕੇ ਭਰਾਵਾਂ ਦੇ ਘਰ ਪਹੁੰਚਦੀਆਂ ਹਨ। ਸ਼ਗਨਾਂ, ਵਿਹਾਰਾਂ ਨਾਲ ਭਰਾ ਦੇ ਰੱਖੜੀ ਬੰਨ੍ਹ ਕੇ ਢੇਰ ਸਾਰੀਆਂ ਦੁਆਵਾਂ ਨਾਲ ਪੇਕਿਆਂ ਘਰੋਂ ਵਿਦਾਈ ਲੈਂਦੀਆਂ ਹਨ। ਸਹੁਰੇ ਘਰ ਭੈਣ ਵੀ ਭਰਾ ਦੇ ਸੰਧਾਰਾ ਲੈ ਕੇ ਆਉਣ ਦੀ ਉਡੀਕ ਕਰਦੀ ਹੈ। ਆਟੇ ਵਾਲੇ ਬਿਸਕੁਟ, ਸੇਵੀਆਂ, ਕੱਪੜਾ ਲੀੜਾ ਲੈ ਕੇ ਜਦੋਂ ਵੀਰ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਹੈ ਤਾਂ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ…
ਸਾਉਣ ਚੜ੍ਹਿਆ ਤੀਆਂ ਦੇ ਦਿਨ ਆਏ
ਭੇਜੀ ਮਾਏ ਚੰਨ ਵੀਰ ਨੂੰ
ਇਹ ਸਤਰਾਂ ਗੁਣਗੁਣਾਉਂਦੀ ਨੂੰ ਜਦੋਂ ਵੀਰ ਵਿਹੜੇ ਆ ਖੜ੍ਹਦਾ ਹੈ ਤਾਂ ਉਸ ਨੂੰ ਵਿਹੜੇ ਚੰਨ ਚੜ੍ਹਿਆ ਪ੍ਰਤੀਤ ਹੁੰਦਾ ਹੈ। ਇਸੇ ਮਹੀਨੇ ਵਿਚ ਵਣ-ਮਹਾਂਉਤਸਵ ਵੀ ਮਨਾਇਆ ਜਾਂਦਾ ਹੈ। ਬਰਸਾਤ ਰੁੱਤ ਨੂੰ ਰੁੱਖ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਨੂੰ ਰੁੱਖਾਂ ਦੇ ਨਵੇਂ ਪੌਦੇ ਲਗਾਉਣ ਲਈ ਖ਼ਾਸ ਮੰਨਿਆ ਜਾਂਦਾ ਹੈ। ਰੁੱਖਾਂ ਦਾ ਮਨੁੱਖ ਨਾਲ ਨਹੁੰ
ਮਾਸ ਦਾ ਰਿਸ਼ਤਾ ਹੈ। ਅੱਜ ਅਸੀਂ ਵਿਕਾਸ ਦੇ ਨਾਂ ’ਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਰਹੇ ਹਾਂ। ਉਸ ਦੀ ਭਰਪਾਈ ਕਰਨ ਲਈ ਇਹ ਮਹੀਨਾ ਬਹੁਤ ਵਧੀਆ ਹੈ।
ਆਓ, ਵਾਤਾਵਰਨ ਲਈ ਸ਼ੁਭ ਮੰਨੇ ਜਾਂਦੇ ਇਸ ਮਹੀਨੇ ਦਾ ਸਾਰੇ ਰਲ ਮਿਲ ਕੇ ਸਦ-ਉਪਯੋਗ ਕਰਦੇ ਹੋਏ ਬਰਸਾਤੀ ਪਾਣੀ ਸੰਭਾਲਣ ਦਾ ਉੱਦਮ ਕਰੀਏ ਅਤੇ ਵੱਧ ਤੋਂ ਵੱਧ ਪੌਦੇ ਲਗਾਈਏ। ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਨੂੰ ਸੰਭਾਲਣ ਦਾ ਅਹਿਦ ਲਈਏ ਤੇ ਧਰਤੀ ’ਤੇ ਜੀਵਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੁਦਰਤ ਨਾਲ ਇਕ-ਮਿਕ ਹੋਈਏ। ਕੁਦਰਤ ਦੇ ਦਿੱਤੇ ਤੋਹਫ਼ਿਆਂ ਨੂੰ ਸੰਭਾਲਣ ਦਾ ਪ੍ਰਣ ਕਰੀਏ।
ਸੰਪਰਕ: 98151-28365