ਰੇਸ਼ਮ ਸਿੰਘ
ਅੱਜ ਸਾਨੂੰ ਆਪਣੇ ਰੁੱਖ, ਧੀਆਂ, ਪੁੱਤਰ ਅਤੇ ਪਾਣੀਆਂ ਨੂੰ ਬਚਾਉਣ ਦੀ ਲੋੜ ਹੈ। ਅੱਜ ਮਨੁੱਖ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਲਈ ਪੈਸੇ ਦੀ ਖਾਤਰ ਕੁਦਰਤ ਨਾਲ ਖਿਲਵਾੜ ਕਰਕੇ ਆਪਣੇ ਹੀ ਪੈਰ ਕੁਹਾੜਾ ਮਾਰਨ ਵੱਲ ਤੁਰ ਰਿਹਾ ਹੈ। ਜੇਕਰ ਕਿਸੇ ਵੀ ਸਮੱਸਿਆ ਦਾ ਸਮੇਂ ਸਿਰ ਹੱਲ ਨਾ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਜਨਮ ਲੈ ਲੈਂਦੀਆਂ ਹਨ।
ਪੰਜਾਬ ਵਿੱਚ ਰੁੱਖਾਂ ਦੀ ਕਟਾਈ ਵੱਡੀ ਪੱਧਰ ’ਤੇ ਹੋ ਰਹੀ ਹੈ। ਇਸ ਤੋਂ ਇਲਾਵਾ ਸਾਡੇ ਧੀਆਂ- ਪੁੱਤਰ, ਯਾਨੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਕਾਰਨ ਰੁਜ਼ਗਾਰ ਲਈ ਵਿਦੇਸ਼ ਵਿੱਚ ਸੈੱਟ ਹੋ ਰਹੀ ਹੈ। ਕੁਝ ਸਾਡੇ ਧੀਆਂ- ਪੁੱਤਰ ਨਸ਼ਿਆਂ ਦੀ ਮਾਰ ਹੇਠ ਆ ਕੇ ਬਰਬਾਦ ਹੋ ਰਹੇ ਹਨ। ਇਸ ਤੋਂ ਇਲਾਵਾ ਸਾਡਾ ਪਾਣੀ ਡੂੰਘਾ ਤੇ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਹ ਸਾਰੇ ਚਿੰਤਾ ਦੇ ਵਿਸ਼ੇ ਹਨ। ਜੇਕਰ ਇਨ੍ਹਾਂ ਪ੍ਰਤੀ ਗੰਭੀਰ ਨਾ ਹੋਏ ਤਾਂ ਇਸ ਦਾ ਨੁਕਸਾਨ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਮਨੁੱਖ ਦੀ ਰੁੱਖਾਂ ਨਾਲ ਜਨਮ ਤੋਂ ਲੈ ਕੇ ਮਰਨ ਤੱਕ ਸਾਂਝ ਹੁੰਦੀ ਹੈ। ਜਿੱਥੇ ਰੁੱਖ ਸਾਡੀ ਧਰਤੀ ਨੂੰ ਹਰਿਆ ਭਰਿਆ ਤੇ ਖੁਸ਼ਹਾਲ ਰੱਖਦੇ ਹਨ, ਉੱਥੇ ਹਵਾ ਵਿੱਚੋਂ ਪ੍ਰਦੂਸ਼ਣ ਘੱਟ ਕਰਕੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ। ਅਸੀਂ ਰੁੱਖਾਂ ਤੋਂ ਬਿਨਾਂ ਰੁੱਖਾਂ ਦੀਆਂ ਛਾਵਾਂ, ਪੰਛੀਆਂ ਦੀ ਚਹਿਚਹਾਟ, ਹਰਿਆਲੀ ਤੇ ਸਾਫ਼ ਹਵਾ ਪਾਣੀ ਅਤੇ ਆਪਣੇ ਚੌਗਿਰਦੇ ਤੋਂ ਵਾਂਝੇ ਹੋ ਜਾਵਾਂਗੇ। ਪੰਜਾਬ ਵਿੱਚ ਉਸਾਰੀ ਦੇ ਨਾਮ ’ਤੇ ਜਾਂ ਸੜਕਾਂ ਦੇ ਚਾਰ ਮਾਰਗੀ ਹੋਣ ਕਰਨ ਧੜਾ ਧੜ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਜੋ ਸਾਡੇ ਲਈ ਘਾਤਕ ਸਿੱਧ ਹੋ ਸਕਦੀ ਹੈ। ਇਨ੍ਹਾਂ ਦਰੱਖਤਾਂ ਦੀ ਪੂਰਤੀ ਲਈ ਅਸੀਂ ਅੱਜ ਤੋਂ ਹੀ ਬੂਟੇ ਲਗਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰੀਏ ਤਾਂ ਕਿ ਸਾਡਾ ਪੰਜਾਬ ਹਰਿਆ ਭਰਿਆ ਹੋ ਸਕੇ। ਜਿਸ ਰਫ਼ਤਾਰ ਨਾਲ ਸਾਡੀ ਆਬਾਦੀ ਵਧ ਰਹੀ ਹੈ, ਉਸ ਹਿਸਾਬ ਨਾਲ ਸਾਡੇ ਦਰੱਖਤ ਘਟ ਰਹੇ ਹਨ। ਹਰ ਇੱਕ ਇਨਸਾਨ ਆਪਣੇ ਜਨਮ ਦਿਨ ’ਤੇ ਇੱਕ ਪੌਦਾ ਲਗਾ ਕੇ ਉਸ ਦੀ ਸਾਂਭ ਸੰਭਾਲ ਕਰੇ ਤਾਂ ਸਾਡੀ ਰੁੱਖਾਂ ਦੀ ਪੂਰਤੀ ਹੋ ਸਕਦੀ ਹੈ। ਇੱਕ ਬੂਟਾ ਲਗਾ ਕੇ ਸਿਰਫ਼ ਫੋਟੋ ਖਿਚਵਾਉਣ ਤੱਕ ਹੀ ਨਾ ਸੀਮਤ ਰਹਿ ਜਾਈਏ। ਆਓ! ਇਸ ਮੁਹਿੰਮ ਨੂੰ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਕਾਮਯਾਬ ਕਰੀਏ ਤਾਂ ਕਿ ਅਸੀਂ ਆਪਣੀ ਧਰਤੀ ਨੂੰ ਬੰਜਰ ਤੇ ਹਵਾ, ਪਾਣੀ ਦੂਸ਼ਤ ਹੋਣ ਤੋਂ ਬਚਾਉਣ ਵਿੱਚ ਮਦਦਗਾਰ ਬਣੀਏ।
ਮਨੁੱਖ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰਕੇ ਆਪਣੀ ਹੀ ਹਵਾ ਅਤੇ ਅੰਨ ਪਾਣੀ ਜ਼ਹਿਰੀਲਾ ਕਰ ਰਿਹਾ ਹੈ ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ। ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਪਿਛਲੇ ਸਮੇਂ ਵੱਲ ਝਾਤ ਮਾਰੀਏ ਤਾਂ ਕੰਮ ਲਈ ਕੋਈ ਵਿਰਲਾ ਹੀ ਪਰਦੇਸ ਗਿਆ ਹੁੰਦਾ ਸੀ। ਆਪਣੀ ਮਿੱਟੀ ਨੂੰ ਛੱਡਣਾ ਅਜੀਬ ਸਮਝਿਆ ਜਾਂਦਾ ਸੀ, ਪਰ ਅੱਜ ਸਾਡੇ ਧੀਆਂ ਪੁੱਤਰ ਬੇਰੁਜ਼ਗਾਰੀ ਦੇ ਮਾਰੇ ਹੋਏ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਦੇਸ਼ ਛੱਡਣ ਲਈ ਮਜਬੂਰ ਹੋ ਰਹੇ ਹਨ। ਪਹਿਲਾਂ ਪੰਜਾਬੀ ਸਿਰਫ਼ ਰੁਜ਼ਗਾਰ ਲਈ ਹੀ ਵਿਦੇਸ਼ ਜਾਂਦੇ ਸਨ, ਪਰ ਅੱਜ ਬੇਰੁਜ਼ਗਾਰੀ ਦੇ ਨਾਲ ਨਾਲ ਸਿਸਟਮ ਤੋਂ ਦੁਖੀ ਹੋ ਕੇ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵਿੱਚ ਵੀ ਕਈ ਤਰ੍ਹਾਂ ਦੇ ਕਾਰਨ ਹਨ। ਉਨ੍ਹਾਂ ਨੂੰ ਡਿਗਰੀਆਂ ਮੁਤਾਬਿਕ ਨੌਕਰੀਆਂ ਤੇ ਤਨਖਾਹਾਂ ਨਹੀਂ ਮਿਲ ਰਹੀਆਂ। ਬੇਰੁਜ਼ਗਾਰੀ ਦੀ ਮਾਰੀ ਹੋਈ ਨੌਜਵਾਨ ਪੀੜ੍ਹੀ ਤਣਾਅ ਵਿੱਚ ਆ ਕੇ ਨਸ਼ੇ, ਅਪਰਾਧ ਤੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੀ ਹੈ। ਇਸ ਤੋਂ ਇਲਾਵਾ ਮਹਿੰਗਾਈ, ਭਰੂਣ ਹੱਤਿਆ, ਭ੍ਰਿਸ਼ਟਾਚਾਰ, ਮਿਲਾਵਟਖੋਰੀ ਤੇ ਰਿਸ਼ਵਤਖੋਰੀ ਆਦਿ ਵਰਗੀਆਂ ਬੁਰਾਈਆਂ ਤੋਂ ਦੁਖੀ ਹੋ ਕੇ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਮਜਬੂਰ ਹੈ। ਉਨ੍ਹਾਂ ਦੇ ਚੰਗੇ ਭਵਿੱਖ ਲਈ ਕੋਈ ਵਧੀਆ ਨੀਤੀ ਨਹੀਂ ਹੈ। ਲੱਖਾਂ ਰੁਪਏ ਲਾ ਕੇ ਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹਾਸਲ ਕੀਤੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ। ਜੇਕਰ ਉਨ੍ਹਾਂ ਨੂੰ ਕੋਈ ਰੁਜ਼ਗਾਰ ਮਿਲ ਵੀ ਗਿਆ ਤਾਂ ਤਨਖਾਹਾਂ ਨਹੀਂ ਮਿਲਦੀਆਂ। ਇਹ ਸਭ ਕਾਰਨ ਆਪੋ ਆਪਣੇ ਥਾਂ ਜ਼ਿੰਮੇਵਾਰ ਹਨ। ਇਸੇ ਲਈ ਉਹ ਵਿਦੇਸ਼ਾਂ ਦਾ ਸਹਾਰਾ ਲੈ ਰਹੇ ਹਨ। ਦੇਸ਼ ਵਿੱਚੋਂ ਨਿਕਲਣ ਲਈ ਉਹ ਨਵੇਂ ਤੋਂ ਨਵੇਂ ਰਾਹ ਲੱਭਣ ਲਈ ਮਜਬੂਰ ਹਨ। ਇਸ ਵਿੱਚ ਉਹ ਕਈ ਵਾਰ ਠੱਗੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ।
ਪਾਣੀ ਵੀ ਸਾਡੀ ਮੁੱਢਲੀ ਲੋੜ ਹੈ। ਪਾਣੀ ਕੁਦਰਤੀ ਸੋਮਾ ਹੈ, ਪਰ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਨਹਿਰਾਂ, ਨਦੀਆਂ ਤੇ ਦਰਿਆਵਾਂ ਦੇ ਪਾਣੀ ਦੂਸ਼ਿਤ ਹੋ ਚੁੱਕੇ ਹਨ। ਪੰਜਾਬ ਵਿੱਚ ਜਿੱਥੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ ਤਾਂ ਦੂਜੇ ਪਾਸੇ ਅੱਜ ਪਾਣੀ ਦੀ ਲੋੜ ਵੀ ਵਧਦੀ ਜਾ ਰਹੀ ਹੈ। ਅਸੀਂ ਪਾਣੀ ਨੂੰ ਇੰਨਾ ਜ਼ਹਿਰੀਲਾ ਕਰ ਚੁੱਕੇ ਹਾਂ ਕਿ ਇਹ ਸਾਡੇ ਪੀਣ ਯੋਗ ਨਹੀਂ ਰਿਹਾ। ਜੇ ਅਸੀਂ ਅੱਜ ਵੀ ਸਮਾਂ ਨਾ ਸੰਭਾਲਿਆ ਤਾਂ ਸਾਡਾ ਪਾਣੀ ਖੇਤੀਬਾੜੀ ਯੋਗ ਵੀ ਨਹੀਂ ਰਹੇਗਾ।
ਪਿਛਲੇ ਸਮੇਂ ਵਿੱਚ ਧਰਤੀ ਹੇਠਲੇ ਪਾਣੀ ਦੀ ਡੂੰਘਾਈ ਲਗਭਗ ਵੀਹ, ਤੀਹ ਫੁੱਟ ਹੁੰਦੀ ਸੀ। ਅੱਜ ਇਹ ਤਿੰਨ ਚਾਰ ਸੌ ਫੁੱਟ ਤੱਕ ਪਹੁੰਚ ਚੁੱਕੀ ਹੈ। ਜੇਕਰ ਇਸੇ ਰਫ਼ਤਾਰ ਨਾਲ ਪਾਣੀ ਦੀ ਡੂੰਘਾਈ ਵਧਦੀ ਗਈ ਤਾਂ ਸਾਡਾ ਜਿਉਂਦੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਅੱਜ ਮਨੁੱਖ ਪਾਣੀ ਦੀ ਪੂਰਤੀ ਲਈ ਖੂਹਾਂ, ਨਹਿਰਾਂ, ਨਲਕੇ, ਟੂਟੀਆਂ ਆਦਿ ਤੋਂ ਲੈ ਕੇ ਮੱਛੀ ਮੋਟਰਾਂ ਤੱਕ ਪਹੁੰਚ ਚੁੱਕਾ ਹੈ ਜਿਸ ਕਾਰਨ ਪਾਣੀ ਦੀ ਬੇਕਦਰੀ ਵੀ ਪਹਿਲਾਂ ਨਾਲੋਂ ਕਈ ਗੁਣਾ ਵਧ ਚੁੱਕੀ ਹੈ। ਜੇਕਰ ਅਸੀਂ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਇੱਕ ਦਿਨ ਅਜਿਹਾ ਆਵੇਗਾ ਜਦੋਂ ਸਾਡੀਆਂ ਮੱਛੀ ਮੋਟਰਾਂ ਵੀ ਸਾਨੂੰ ਪਾਣੀ ਦੇਣ ਤੋਂ ਜਵਾਬ ਦੇ ਦੇਣਗੀਆਂ।
ਜੇਕਰ ਅਸੀਂ ਆਪਣੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਦੇ ਭਵਿੱਖ ਨੂੰ ਦੁੱਖਾਂ ਤੇ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਅੱਜ ਤੋਂ ਹੀ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੀ ਬੰਜਰ ਹੋ ਰਹੀ ਧਰਤੀ ਤੇ ਹਵਾ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲੇ ਮਾਰਨੇ ਸ਼ੁਰੂ ਕਰੋ।
ਸੰਪਰਕ: 98151-53111