ਸ਼ਮਸ਼ੇਰ ਸਿੰਘ ਸੋਹੀ
ਸਨਮੁਖ ਸਿੰਘ ਆਜ਼ਾਦ ਇਕ ਅਜਿਹੀ ਸ਼ਖ਼ਸੀਅਤ ਦਾ ਨਾਂ ਹੈ ਜਿਸਨੇ ਬੁੜੈਲ (ਚੰਡੀਗੜ੍ਹ) ਵਿਖੇ ਇਕ ਪ੍ਰੋਗਰਾਮ ਦੌਰਾਨ ਸੰਸਾਰ ਪ੍ਰਸਿੱਧ ਗਾਇਕ ਚਮਕੀਲੇ ਦਾ ਨਾਂ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਰੱਖ ਕੇ ਆਖਿਆ ਸੀ, ‘ਇਹ ਮੁੰਡਾ ਆਉਣ ਵਾਲੇ ਸਮੇਂ ਦਾ ਮਹਾਨ ਗਾਇਕ ਹੋਵੇਗਾ ਤੇ ਇਸਦਾ ਨਾਂ ਰਹਿੰਦੀ ਦੁਨੀਆਂ ਤਕ ਚਮਕਦਾ ਰਹੇਗਾ।’
ਸਨਮੁਖ ਸਿੰਘ ਆਜ਼ਾਦ ਦਾ ਜਨਮ ਪੱਛਮੀ ਪੰਜਾਬ ਦੇ ਜ਼ਿਲ੍ਹਾ ਕੈਮਲਪੁਰ (ਹੁਣ ਪਾਕਿਸਤਾਨ) ਦੇ ਪਿੰਡ ਰਾਜੜ ਵਿਖੇ 1931 ਵਿਚ ਚੌਧਰੀ ਇਮਾਮਦੀਨ ਕੁਸ਼ਤਾ ਦੇ ਸ਼ਾਗਿਰਦ ਗਿਆਨੀ ਪ੍ਰੇਮ ਸਿੰਘ ਗੌਹਰ ਦੇ ਘਰ ਹੋਇਆ। ਉਸਨੇ ਇਕ ਦੋ ਜਮਾਤਾਂ ਹੀ ਪਾਸ ਕੀਤੀਆਂ, ਪਰ ਗੀਤ ਲਿਖਣ ਦੀ ਚੇਟਕ ਉਸ ਨੂੰ ਬਚਪਨ ਤੋਂ ਹੀ ਲੱਗ ਗਈ ਸੀ। ਬਹੁਤ ਛੋਟੀ ਉਮਰ ਵਿਚ ਹੀ ਉਸਦੇ ਲਿਖੇ ਦੋ ਗੀਤ ‘ਧੀਆਂ ਤੇ ਧਨ ਪਰਾਇਆ ਵੇ ਬਾਬਲ’ ਤੇ ‘ਟਾਹਲੀਆਂ ਦੇ ਟਾਹਣ ਚੀਕਦੇ’ 1946 ’ਚ ਆਈ ਫ਼ਿਲਮ ‘ਧੀ ਰਾਣੀ’ ਵਿਚ ਨੂਰਜਹਾਂ ਦੀ ਆਵਾਜ਼ ’ਚ ਰਿਕਾਰਡ ਹੋਏ। ਸਨਮੁਖ ਨੇ ਗੀਤਕਾਰੀ ਦੇ ਗੁਰ ਪਿੰਡ ਬੋਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫ਼ਰੀ ਕੋਲੋਂ ਹਾਸਲ ਕੀਤੇ। ਲਿਖਣ ਦਾ ਸ਼ੌਕ ਤੇ ਹਿੰਦੀ ਫ਼ਿਲਮਾਂ ’ਚ ਆਪਣੇ ਲਿਖੇ ਗੀਤ ਰਿਕਾਰਡ ਕਰਵਾਉਣ ਲਈ ਉਹ ਬੰਬਈ ਚਲਾ ਗਿਆ। ਸ਼ੁਰੂਆਤੀ ਦਿਨਾਂ ’ਚ ਉਸਨੂੰ ਉੱਥੇ ਪੈਰ ਜਮਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਉਹ ਇਕੱਲਾ ਗੀਤਕਾਰ ਹੀ ਨਹੀਂ ਸੀ, ਸਗੋਂ ਉੱਚ ਕੋਟੀ ਦਾ ਭੰਗੜਾ ਮਾਸਟਰ, ਡਾਂਸ ਮਾਸਟਰ, ਪ੍ਰਸਿੱਧ ਕਾਮੇਡੀਅਨ ਤੇ ਸਟੇਜ ਸੈਕਟਰੀ ਵੀ ਸੀ। ਉਸਨੇ ਅਨੇਕਾਂ ਹਿੰਦੀ ਫ਼ਿਲਮਾਂ ਜਿਵੇਂ ‘ਨਯਾ ਦੌਰ’, ‘ਕਸ਼ਮੀਰ ਕੀ ਕਲੀ’, ‘ਲਾਟ ਸਾਹਿਬ’, ‘ਦੀਦਾਰ’, ‘ਫਰੇਬ’, ‘ਸ਼ਿਮਲਾ ਰੋਡ’, ‘ਮਸਤਾਨਾ’, ‘ਮੁਨੀਮ ਜੀ’, ‘ਪਾਗਲ’, ‘ਯੇ ਦੇਸ ਹੈ ਵੀਰ ਜਵਾਨੋਂ ਕਾ’, ‘ਲਾਲ ਬੰਗਲਾ’, ‘ਮੋਰਨੀ’, ‘ਸ਼ੇਰਨੀ’, ‘ਫਰੇਬ’, ‘ਨਾਨਕ ਨਾਮ ਜ਼ਹਾਜ਼ ਹੈ’ ਤੇ ‘ਤੇਰੀ ਮੇਰੀ ਇਕ ਜਿੰਦੜੀ’ ਵਿਚ ਗੀਤ ਲਿਖਣ ਦੇ ਨਾਲ ਨਾਲ ਡਾਂਸ ਤੇ ਕਾਮੇਡੀ ਦੇ ਜੌਹਰ ਵੀ ਵਿਖਾਏ। ਇਤਿਹਾਸ ਬਾਰੇ ਜਿੰਨੀ ਜਾਣਕਾਰੀ ਸਨਮੁਖ ਸਿੰਘ ਆਜ਼ਾਦ ਨੂੰ ਸੀ ਓਨੀ ਸ਼ਾਇਦ ਹੀ ਉਸ ਸਮੇਂ ਕਿਸੇ ਹੋਰ ਗੀਤਕਾਰ ਨੂੰ ਸੀ। ਪ੍ਰਸਿੱਧ ਕਾਮੇਡੀਅਨ ਪ੍ਰਿਥੀਪਾਲ ਸਿੰਘ ਢੱਕਣ (ਸਟੇਜ ਸੈਕਟਰੀ ਚਮਕੀਲਾ) ਨਾਲ ਸਨਮੁਖ ਸਿੰਘ ਆਜ਼ਾਦ ਨੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਕਾਮੇਡੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ। ਇਹ ਜੋੜੀ ਮੱਖਣ-ਢੱਕਣ ਦੀ ਜੋੜੀ ਦੇ ਨਾਂ ਨਾਲ ਬਹੁਤ ਪ੍ਰਸਿੱਧ ਹੋਈ। ਬੀ.ਐੱਸ. ਪਰਵਾਨਾ, ਪ੍ਰਿਥੀਪਾਲ ਸਿੰਘ ਢੱਕਣ, ਚਮਨ ਲਾਲ ਸ਼ੁਗਲ, ਕੇ.ਦੀਪ-ਜਗਮੋਹਣ ਕੌਰ ਵਾਂਗ ਸਨਮੁਖ ਸਿੰਘ ਆਜ਼ਾਦ ਨੇ ਵੀ ਕਾਮੇਡੀ ਰਾਹੀਂ ਲੋਕਾਂ ਨੂੰ ਬਹੁਤ ਹਸਾਇਆ।
ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਨਾਲ ਵੀ ਉਸਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਅਮਰ ਸਿੰਘ ਚਮਕੀਲਾ ਨਾਲ ਉਹ ਕਾਫ਼ੀ ਸਮਾਂ ਸਟੇਜ ਸੈਕਟਰੀ ਰਿਹਾ। ਚਮਕੀਲੇ ਦੇ ਸਾਜੀਆਂ ਦੇ ਦੱਸਣ ਮੁਤਾਬਕ ਸਨਮੁਖ ਸਿੰਘ ਆਜ਼ਾਦ ਵਰਗਾ ਸਟੇਜ ਸੈਕਟਰੀ ਇਸ ਦੁਨੀਆਂ ’ਤੇ ਫੇਰ ਕਦੇ ਨਹੀਂ ਆਵੇਗਾ। ਉਸਨੂੰ ਬਹੁਤੇ ਲੋਕ ਮੁੱਖੇ ਸ਼ਾਹ ਕਾਦਰੀ ਵਜੋਂ ਵੀ ਜਾਣਦੇ ਸਨ। ਉਸਨੇ ਆਪਣੇ ਢਿੱਡ ’ਤੇ ਮੁੱਖੇ ਸ਼ਾਹ ਕਾਦਰੀ ਲਿਖਵਾਇਆ ਹੋਇਆ ਸੀ। ਸਿਰ ’ਤੇ ਗੋਲ ਟੋਪੀ ਤੇ ਹਰਾ ਚੋਲਾ ਪਾ ਕੇ ਰੱਖਣ ਵਾਲਾ ਊਹ ਕਿਸੇ ਦਰਗਾਹ ਦਾ ਸਾਈਂ ਲੱਗਦਾ ਸਾਰਿਆਂ ’ਚੋਂ ਅਲੱਗ ਪਛਾਣਿਆ ਜਾਂਦਾ ਸੀ। ਜਦੋਂ ਉਹ ਸਿਰ ’ਤੇ ਗੋਲ ਟੋਪੀ ਪਾ ਕੇ ਘੁੰਮਦਾ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਤਾਂ ਹਿੰਦੀ ਫ਼ਿਲਮਾਂ ਦਾ ਕਾਮੇਡੀਅਨ ਕਾਦਰ ਖ਼ਾਨ ਲੱਗਦਾ ਹੈ।
ਉਸਦੇ ਲਿਖੇ ਗੀਤ ਪੰਜਾਬ ਦੇ ਕਈ ਨਾਮਵਰ ਕਲਾਕਾਰਾਂ ਨੇ ਰਿਕਾਰਡ ਕਰਵਾਏ ਜਿਨ੍ਹਾਂ ’ਚੋਂ ਕੁਝ ਗੀਤਾਂ ਦੇ ਮੁਖੜੇ ਹਨ:
ਤਲਵਾਰ ਮੈਂ ਕਲਗੀਧਰ ਦੀ ਹਾਂ (ਅਮਰ ਸਿੰਘ ਚਮਕੀਲਾ ਤੇ ਅਮਰਜੋਤ)
ਹੈ ਰੁਤਬਾ ਅਮਰ ਸ਼ਹੀਦਾਂ ਦਾ (ਨਰਿੰਦਰ ਬੀਬਾ)
ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ ਨੀਂ ਮਾਏ (ਸੁਰਿੰਦਰ ਕੌਰ)
ਜ਼ਾਲਮੋ ਨਾ ਮਾਰੋ ਨਾ ਮਾਰੋ, ਪੂਰਨ ਪੁੱਤ ਪਿਆਰੇ ਨੂੰ (ਕੁਲਦੀਪ ਮਾਣਕ)
ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ (ਸਵਰਨ ਲਤਾ)
ਤੇਰੀ ਮੇਰੀ ਨਹੀਂ ਨਿਭਣੀ (ਕੇ.ਦੀਪ ਤੇ ਜਗਮੋਹਣ ਕੌਰ)
ਤੂੰਬਾ ਵੱਜਦਾ ਨਾ ਤਾਰ ਤੋਂ ਬਿਨਾਂ (ਜਗਮੋਹਣ ਕੌਰ)
ਘੜਾ ਵੱਜਦਾ ਘੜੋਲੀ ਵੱਜਦੀ (ਜਗਮੋਹਣ ਕੌਰ)
ਤੈਥੋਂ ਹੋ ਜਾਵਾਂ ਕੁਰਬਾਨ (ਨਰਿੰਦਰ ਬੀਬਾ)
ਮੇਰੀ ਤੌਬਾ ਤੌਬਾ (ਸੁਰਿੰਦਰ ਕੌਰ ਤੇ ਕਰਮ ਚੰਦ ਜਲੰਧਰੀ)
ਅੱਥਰੀ ਜਵਾਨੀ ਇਕ ਮੁਟਿਆਰ ਦੀ (ਰਮੇਸ਼ ਰੰਗੀਲਾ ਤੇ ਸੁਦੇਸ਼ ਕਪੂਰ)
ਉਰਲੇ ਖੂਹ ਤੇ ਮੋਠ ਬਾਜਰਾ (ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆ)
ਜਿਹੜੀ ਨੱਚਦੀ ਸਤਾਰਾਂ ਵਲ਼ ਖਾ ਕੇ (ਕੁਲਦੀਪ ਪਾਰਸ)
ਸਨਮੁਖ ਸਿੰਘ ਆਜ਼ਾਦ ਦੇ ਲਿਖੇ ਗੀਤ ਹਿੰਦੀ ਫ਼ਿਲਮਾਂ ’ਚ ਵੀ ਆਏ ਤੇ ਪਾਕਿਸਤਾਨ ਦੇ ਮਸ਼ਹੂਰ ਕਲਾਕਾਰਾਂ ਨੇ ਵੀ ਗਾਏ ਜੋ ਬਹੁਤ ਪ੍ਰਸਿੱਧ ਹੋਏ। ਇਨ੍ਹਾਂ ਗੀਤਾਂ ਦੇ ਰਿਕਾਰਡ ਹੋਣ ਨਾਲ ਉਹ ਬੌਲੀਵੁੱਡ ਤੇ ਪਾਕਿਸਤਾਨ ਵਿਚ ਜਾਣਿਆ ਪਛਾਣਿਆ ਗੀਤਕਾਰ ਬਣ ਗਿਆ। ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦੇ ਮਸ਼ਹੂਰ ਰਿਕਾਰਡ ‘ਜੱਟ ਮਿਰਜ਼ਾ ਖਰਲਾਂ ਦਾ’ ਵਿਚ ਉਸਨੇ ਕਰਮੂ ਦਾ ਰੋਲ ਕੀਤਾ ਸੀ। ‘ਰੰਗੀਲੇ ਦੇ ਰੰਗ’ ਰਿਕਾਰਡ ਵਿਚ ਸੁਦੇਸ਼ ਕਪੂਰ ਤੇ ਲਖਨਪਾਲ ਲਖਨ ਦੇ ‘ਪੱਪੂ ਨੇ ਦੰਦੀ ਵੱਢੀ’ ਐੱਲ.ਪੀ. ਰਿਕਾਰਡ ਵਿਚ ਤੇ ਹੋਰ ਵੀ ਬਹੁਤ ਸਾਰੇ ਰਿਕਾਰਡਾਂ ’ਚ ਉਸਨੇ ਲੋਕਾਂ ਨੂੰ ਬਹੁਤ ਹਸਾਇਆ।
ਅਮਰ ਸਿੰਘ ਚਮਕੀਲਾ ਦੇ ਮੇਲੇ ’ਤੇ ਸਨਮਾਨ, ਸ਼ਿਵ ਬਟਾਲਵੀ ਯਾਦਗਾਰੀ ਸਮਾਗਮ ਭਦੌੜ ਵਿਚ ਸ਼੍ਰੋਮਣੀ ਗੀਤਕਾਰ ਐਵਾਰਡ, 2007 ਵਿਚ ਫ਼ਿਰੋਜ਼ਦੀਨ ਸ਼ਰਫ਼ ਐਵਾਰਡ ਤੇ ਹੋਰ ਬਹੁਤ ਸਾਰੇ ਪੁਰਸਕਾਰਾਂ ਨਾਲ ਉਸਨੂੰ ਸਨਮਾਨਿਤ ਕੀਤਾ ਗਿਆ। ਸਨਮੁਖ ਸਿੰਘ ਆਜ਼ਾਦ ਨੇ ਗੀਤ ਲਿਖਕੇ ਭਾਵੇਂ ਬਹੁਤ ਨਾਂ ਕਮਾਇਆ, ਪਰ ਉਸਦਾ ਅੰਤਲਾ ਸਮਾਂ ਕੋਈ ਬਹੁਤਾ ਵਧੀਆ ਨਹੀਂ ਰਿਹਾ। ਉਸਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਸੀ। ਜੇ ਕੋਈ ਚਾਰ ਪੈਸੇ ਉਸਨੂੰ ਦੇ ਵੀ ਦਿੰਦਾ ਸੀ ਤਾਂ ਉਹ ਸ਼ਰਾਬ ਪੀ ਕੇ ਪੈਸੇ ਉਜਾੜ ਦਿੰਦਾ ਸੀ। ਇਸ ਸ਼ਰਾਬ ਨੇ ਉਸਦੇ ਪੱਲੇ ਕੱਖ ਨਹੀਂ ਛੱਡਿਆ। ਉਹ ਮੌਜੀ ਬੰਦਾ ਸੀ ਬਹੁਤ ਪੈਸਾ ਤੇ ਨਾਂ ਕਮਾਇਆ, ਪਰ ਅੰਤਲੇ ਸਮੇਂ ਉਸਨੂੰ ਠੋਕਰਾਂ ਹੀ ਖਾਣੀਆਂ ਪਈਆਂ। ਉਸਨੇ ਕਈ ਦੇਸ਼ਾਂ ਦਾ ਸਫ਼ਰ ਕੀਤਾ, ਭਾਰਤ ਦੇ ਵੱਖ-ਵੱਖ ਰਾਜਾਂ ’ਚ ਕਈ ਕਾਰੋਬਾਰ ਕੀਤੇ, ਬੰਬਈ ਸੰਘਰਸ਼ ਵਾਲੇ ਦਿਨ ਵੇਖੇ, ਮੀਨਾ ਕੁਮਾਰੀ ਦੇ ਸੈੱਟ ’ਤੇ ਮਜ਼ਦੂਰ ਦੀ ਨੌਕਰੀ ਵੀ ਕੀਤੀ, ਪਰ ਅੰਤਲੇ ਕੁਝ ਸਾਲ ਉਸਦੇ ਬਹੁਤ ਮਾੜੇ ਲੰਘੇ। ਉਸਦੀ ਘਰਵਾਲੀ ਵੀ ਉਸਨੂੰ ਇਕੱਲਾ ਛੱਡ ਕੇ ਚਲੀ ਗਈ। ਉਹ ਜਦੋਂ ਸਟੇਸ਼ਨ ’ਤੇ ਜਾਂਦਾ ਸੀ ਤਾਂ ਜੇ ਕਦੇ ਸਟੇਸ਼ਨ ’ਤੇ ਕੋਈ ਸਾਜੀ, ਕਲਾਕਾਰ ਜਾਂ ਉਸਦਾ ਯਾਰ ਬੇਲੀ ਮਿਲਦਾ ਸੀ ਤਾਂ ਪੁੱਛਣ ’ਤੇ ਉਹ ਦੱਸਦਾ ਸੀ, ‘ਮੈਂ ਤਾਂ ਇੱਥੇ ਤੁਹਾਡੀ ਭਾਬੀ ਦੀ ਉਡੀਕ ਕਰ ਰਿਹਾ ਹਾਂ।’
ਆਖ਼ਰੀ ਸਮੇਂ ਉਹ ਲੁਧਿਆਣਾ ਵਿਖੇ ਇਕ ਘਰ ਵਿਚ ਇਕੱਲਾ ਰਹਿੰਦਾ ਸੀ ਜੋ ਬਹੁਤ ਹੀ ਛੋਟਾ ਸੀ। ਬਿੱਲ ਨਾ ਭਰਨ ਕਰਕੇ ਬਿਜਲੀ ਵਾਲੇ ਉਸਦੇ ਘਰ ਦਾ ਕੁਨੈਕਸ਼ਨ ਵੀ ਕੱਟ ਗਏ। ਫਿਰ ਇਕ ਰਾਤ ਨੂੰ ਜਦੋਂ ਉਹ ਦੀਵਾ ਬਾਲ ਕੇ ਸੁੱਤਾ ਪਿਆ ਸੀ ਤਾਂ ਸ਼ਰਾਬ ਜ਼ਿਆਦਾ ਪੀਤੀ ਹੋਣ ਕਰਕੇ ਅੱਗ ਲੱਗਣ ਨਾਲ ਉਸਦਾ ਸਰੀਰ ਝੁਲਸ ਗਿਆ। ਉਸਦਾ ਭਤੀਜਾ ਪੱਪੂ ਉਸਨੂੰ ਰਘੂਨਾਥ ਹਸਪਤਾਲ ਇਲਾਜ ਲਈ ਲੈ ਗਿਆ। ਇਸ ਤੋਂ ਬਾਅਦ ਉਹ ਆਪਣੇ ਭਰਾ ਦੇ ਘਰ ਰਹਿਣ ਲੱਗਾ। ਉਸਦੀ ਹਾਲਤ ਭਾਵੇਂ ਆਖ਼ਰੀ ਸਮੇਂ ਬਹੁਤ ਖ਼ਰਾਬ ਹੋ ਗਈ ਸੀ, ਪਰ ਉਸਨੇ ਸ਼ਰਾਬ ਪੀਣੀ ਬੰਦ ਨਹੀਂ ਕੀਤੀ। ਕੁਝ ਮਹੀਨੇ ਉਹ ਮੌਤ ਨਾਲ ਲੜਾਈ ਕਰਦਾ ਰਿਹਾ, ਪਰ ਉਸਦੇ ਲਿਖੇ ਗੀਤ ਗਾ ਕੇ ਮਸ਼ਹੂਰ ਹੋਣ ਵਾਲੇ ਕਿਸੇ ਵੀ ਕਲਾਕਾਰ ਨੇ ਅੰਤਲੇ ਸਮੇਂ ਉਸਦੀ ਬਾਤ ਨਹੀਂ ਪੁੱਛੀ। ਅੰਤ ਗ਼ਰੀਬੀ ਨਾਲ ਸੰਘਰਸ਼ ਕਰਦਾ ਹੋਇਆ ਇਹ ਮਸ਼ਹੂਰ ਗੀਤਕਾਰ 22 ਸਤੰਬਰ, 2009 ਨੂੰ ਅੱਖਾਂ ਮੀਚ ਗਿਆ।