ਮੁੰਬਈ, 11 ਅਗਸਤ
ਅਦਾਕਾਰ ਸੰਜੇ ਦੱਤ ਨੇ ਅੱਜ ਦੱਸਿਆ ਕਿ ਉਹ ਆਪਣੇ ਕੰਮ ਤੋਂ ‘ਥੋੜ੍ਹੇ ਸਮੇਂ ਲਈ ਛੁੱਟੀ’ ਲੈ ਰਹੇ ਹਨ ਤਾਂ ਜੋ ਉਹ ਆਪਣੀ ਇਲਾਜ ਵੱਲ ਧਿਆਨ ਦੇ ਸਕਣ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਕਿਆਸ ਨਾ ਲਾਉਣ ਦੀ ਬੇਨਤੀ ਕੀਤੀ ਹੈ। 61 ਵਰ੍ਹਿਆਂ ਦੇ ਅਦਾਕਾਰ ਨੂੰ ਤਿੰਨ ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਟਵਿੱਟਰ ’ਤੇ ਆਪਣਾ ਬਿਆਨ ਪਾਉਂਦਿਆਂ ਸੰਜੇ ਦੱਤ ਨੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਹਿਯੋਗ ਨਾਲ ਉਹ ‘ਛੇਤੀ ਵਾਪਸੀ’ ਕਰਨਗੇ। ਉਨ੍ਹਾਂ ਕਿਹਾ, ‘‘ਸਿਹਤ ਸਬੰਧੀ ਕਿਸੇ ਇਲਾਜ ਲਈ ਮੈਂ ਥੋੜ੍ਹੇ ਸਮੇਂ ਲਈ ਕੰਮ ਤੋਂ ਛੁੱਟੀ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮਿੱਤਰ ਮੇਰੇ ਨਾਲ ਹਨ ਅਤੇ ਮੈਂ ਆਪਣੇ ਸ਼ੁਭ-ਚਿੰੰਤਕਾਂ ਨੂੰ ਚਿੰਤਾ ਨਾ ਕਰਨ ਅਤੇ ਬੇਲੋੜੇ ਕਿਆਸ ਨਾ ਲਾਉਣ ਦੀ ਬੇਨਤੀ ਕਰਦਾ ਹਾਂ। ਤੁਹਾਡੇ ਪਿਆਰ ਅਤੇ ਸ਼ੁਭ ਕਾਮਨਾਵਾਂ ਨਾਲ ਮੈਂ ਛੇਤੀ ਵਾਪਸੀ ਕਰਾਂਗਾ।’’ –ਪੀਟੀਆਈ