ਮੁੰਬਈ: ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਆਪਣੀ ਅਗਲੀ ਫਿਲਮ ‘ਕਟਹਲ’ ਲਈ ਅਦਾਕਾਰਾ ਸਾਨੀਆ ਮਲਹੋਤਰਾ ਨੂੰ ਲਿਆ ਹੈ। ਇਸ ਫਿਲਮ ਜ਼ਰੀਏ ਯਸ਼ੋਵਰਧਨ ਮਿਸ਼ਰਾ ਨਿਰਦੇਸ਼ਨ ਦੀ ਦੁਨੀਆ ਵਿੱਚ ਕਦਮ ਰੱਖੇਗਾ ਅਤੇ ਲੇਖਕ ਅਸ਼ੋਕ ਮਿਸ਼ਰਾ ਨਾਲ ਮਿਲ ਕੇ ਉਸ ਨੇ ਇਹ ਫਿਲਮ ਲਿਖੀ ਹੈ। ਛੋਟੇ ਜਿਹੇ ਕਸਬੇ ਵਿੱਚ ਬਣੀ ਫਿਲਮ ‘ਕਟਹਲ’ ਇੱਕ ਸਥਾਨਕ ਸਿਆਸੀ ਆਗੂ ਦੁਆਲੇ ਘੁੰਮਦੀ ਹੈ, ਜਿਸ ਦੇ ਕੀਮਤੀ ਕਟਹਲ (ਜੈਕਫਰੂਟ) ਗੁੰਮ ਜਾਂਦੇ ਹਨ ਤੇ ਇੱਕ ਨੌਜਵਾਨ ਪੁਲੀਸ ਅਫ਼ਸਰ ਮਹਿਮਾ (ਮਲਹੋਤਰਾ) ਇਸ ਅਜੀਬ ਕੇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਫਿਲਮ ਨੈੱਟਫਲਿਕਸ, ਨਿਰਮਾਤਾ ਗੁਨੀਤ ਮੋਂਗਾ ਦੇ ਸਿੱਖਿਆ ਐਂਟਰਟੇਨਮੈਂਟ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੇ ਬੈਨਰ ਬਣਾਈ ਜਾ ਰਹੀ ਹੈ। ਸਿੱਖਿਆ ਐਂਟਰਟੇਨਮੈਂਟ ਦੀ ਸੀਈਓ ਮੋਂਗਾ ਨੇ ਕਿਹਾ, ‘‘ਯਸ਼ੋਵਰਧਨ ਤੇ ਅਸ਼ੋਕ ਮਿਸ਼ਰਾ ਤੇ ‘ਕਟਹਲ’ ਪਿੱਛੇ ਕੰਮ ਕਰਦੇ ਲੇਖਕਾਂ ਤੇ ਕਲਪਨਾਕਾਰਾਂ ਨੇ ਸਾਨੂੰ ਜਾਦੂਈ ਦੁਨੀਆ ਦਿਖਾਈ ਤੇ ਅਸੀਂ ਹੋਰ ਉਡੀਕ ਨਹੀਂ ਕਰ ਸਕਦੇ ਕਿ ਇਹ ਹਰ ਕਿਸੇ ਦੇ ਜੀਵਨ ਦੇ ਮਨੋਰੰਜਨ ਦਾ ਹਿੱਸਾ ਬਣੇ।’’ ਸਹਿ-ਨਿਰਮਾਤਾ ਅਤੇ ਬਾਲਾਜੀ ਟੈਲੀਫਿਲਮਜ਼ ਦੀ ਕਾਰਜਕਾਰੀ ਮੀਤ ਪ੍ਰਧਾਨ ਰੁਚਿਕਾ ਕਪੂਰ ਸ਼ੇਖ ਨੇ ਕਿਹਾ ਕਿ ਪਿਛਲੇ ਸਾਲ ‘ਪਗਲੈਟ’ ਦੀ ਸਫ਼ਲਤਾ ਤੋਂ ਬਾਅਦ, ਜਿਸ ਵਿੱਚ ਮਲਹੋਤਰਾ ਨੇ ਵੀ ਕੰਮ ਕੀਤਾ ਸੀ, ਉਹ ਸਿੱਖਿਆ ਅਤੇ ਨੈੱਟਫਲਿਕਸ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹੈ। ਫਿਲਮ ‘ਕਟਹਲ’ ਵਿੱਚ ਆਲਟ ਬਾਲਾਜੀ ਦੀ ਵੈੱਬਸੀਰੀਜ਼ ‘ਵਰਜਿਨ ਭਾਸਕਰ’ ਵਿੱਚ ਭਾਸਕਰ ਤ੍ਰਿਪਾਠੀ ਦੀ ਭੂਮਿਕਾ ਨਿਭਾਉਣ ਵਾਲਾ ਅਨੰਤ ਜੋਸ਼ੀ ਵੀ ਦਿਖਾਈ ਦੇਵੇਗਾ। -ਪੀਟੀਆਈ