ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਜਨਵਰੀ
ਮਾਂ ਬਿਨਾਂ ਸ਼ਰਤ ਆਪਣੇ ਬੱਚਿਆਂ ਨੂੰ ਸੱਚਾ ਪਿਆਰ ਕਰਦੀ ਹੈ, ਪਰ ਜਦੋਂ ਪਿਆਰ ਨੂੰ ਕ੍ਰਿਤਘਣ ਤੇ ਉਦਾਸੀਨਤਾ ਕਰਕੇ ਬਦਲਿਆ ਜਾਂਦਾ ਤਾਂ ਫਿਰ ਕੀ ਹੁੰਦਾ ਹੈ? ਕਲਰਜ਼ ਦਾ ਨਵਾਂ ਪਰਿਵਾਰਕ ਸ਼ੋਅ ‘ਸਵਰਨ ਘਰ’ ਇਸੇ ਗੱਲ ਦੀ ਬਾਤ ਪਾਉਂਦਾ ਹੈ। ਇਹ ਸ਼ੋਅ ਰਵੀ ਦੂਬੇ ਅਤੇ ਸਰਗੁਣ ਮਹਿਤਾ ਦੀ ‘ਡ੍ਰੀਮੀਆਤਾ ਐਂਟਰਟੇਨਮੈਂਟ’ ਕੰਪਨੀ ਦੁਆਰਾ ਬਣਾਇਆ ਗਿਆ ਹੈ ਜਿਸ ਵਿੱਚ ਟੈਲੀਵਿਜ਼ਨ ਜਗਤ ਦੇ ਪ੍ਰਮੁੱਖ ਚਿਹਰੇ ਸੰਗੀਤਾ ਘੋਸ਼ ਨੂੰ ਸਵਰਨ ਬੇਦੀ ਵਜੋਂ ਪੇਸ਼ ਕੀਤਾ ਗਿਆ ਹੈ।
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸੰਗੀਤਾ ਨੇ ਕਿਹਾ,‘‘ਮੈਂ ਲਗਪਗ ਦੋ ਸਾਲਾਂ ਦੇ ਅਰਸੇ ਮਗਰੋਂ ਟੈਲੀਵਿਜ਼ਨ ’ਤੇ ਵਾਪਸੀ ਕਰ ਕੇ ਬਹੁਤ ਖੁਸ਼ ਹਾਂ। ‘ਸਵਰਨ ਘਰ’ ਵਿੱਚ ਕਿਰਦਾਰ ਨਿਭਾਉਣ ਦੀ ਖੁਸ਼ੀ ਨੂੰ ਸ਼ਬਦਾਂ ਨਹੀਂ ਬਿਆਨਿਆ ਜਾ ਸਕਦਾ।’’ ਉਹ ਇੱਕ ਸਮਰਪਿਤ ਮਾਂ ਅਤੇ ਪਤਨੀ ਹੈ ਜਿਹੜੀ ਹਰ ਚੀਜ਼ ਤੋਂ ਵੱਧ ਕੇ ਆਪਣੇ ਪਰਿਵਾਰ ਨੂੰ ਪਿਆਰ ਕਰਦੀ ਹੈ। ਇਸ ਸ਼ੋਅ ਵਿੱਚ ਜਿੱਥੇ ਦਰਸ਼ਕ ਉਸ ਦੇ ਪਿਆਰ ਵਾਲੇ ਸੁਭਾਅ ਨੂੰ ਦੇਖਣਗੇ, ਉਥੇ ਹੀ ਉਹ ਉਸ ਦੇ ਅੰਦਰਲੇ ਮਜ਼ਬੂਤ ਇਰਾਦੇ ਦੀ ਝਲਕ ਪਾਉਣਗੇ।