ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਰੂਸ ਵਿੱਚ ਆਪਣੀ ਆਉਣ ਵਾਲੀ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਕਰ ਰਿਹਾ ਹੈ। ਅਦਾਕਾਰ ਦੀ ਫਿਲਮ ਵਿਚਲੀ ਦਿੱਖ ਲੀਕ ਹੋ ਗਈ ਹੈ ਅਤੇ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਵੀ ਹੋ ਰਹੀ ਹੈ। ਇੰਸਟਾਗ੍ਰਾਮ ਉੱਤੇ ‘ਸਲਮਾਨਿਕ_ਆਰਿਅਨ’ ਨਾਂ ਦੇ ਫੈਨ ਪੇਜ ’ਤੇ ‘ਦਬੰਗ’ ਸਟਾਰ ਦੀ ਫਿਲਮ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਉਸ ਦੀ ਪਛਾਣ ਨਹੀਂ ਆ ਰਹੀ। ਫੈਨ ਪੇਜ ਅਨੁਸਾਰ ਇਹ ਤਸਵੀਰਾਂ ਇੱਕ ਕਾਰ ਦਾ ਪਿੱਛਾ ਕਰਨ ਦੀਆਂ ਹਨ, ਜੋ ਦੇਸ਼ ਵਿੱਚ ਫਿਲਮਾਈਆਂ ਗਈਆਂ ਹਨ। ਤਸਵੀਰਾਂ ਵਿੱਚ ਅਦਾਕਾਰ ਲੰਮੇ ਲਾਲ-ਭੂਰੇ ਵਾਲਾਂ ਅਤੇ ਦਾੜੀ ਨਾਲ ਦਿਖਾਈ ਦੇ ਰਿਹਾ ਹੈ। ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ, ਜੀਨਜ਼ ਅਤੇ ਲਾਲ ਜੈਕਟ ਪਾਈ ਹੋਈ ਹੈ। ‘ਟਾਈਗਰ 3’ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ ਅਤੇ ਫਿਲਮ ਵਿੱਚ ਕੈਟਰੀਨਾ ਕੈਫ ਨੇ ਵੀ ਭੂਮਿਕਾ ਨਿਭਾਈ ਹੈ। ‘ਟਾਈਗਰ 3’ ਫਿਲਮ ‘ਏਕ ਥਾ ਟਾਈਗਰ’ ਦਾ ਤੀਜਾ ਭਾਗ ਹੈ, ਜੋ 2012 ਵਿੱਚ ਕਬੀਰ ਖ਼ਾਨ ਦੇ ਨਿਰਦੇਸ਼ਨ ਹੇਠ ਰਿਲੀਜ਼ ਕੀਤੀ ਗਈ ਸੀ। ਫਿਲਮ ਦਾ ਦੂਜਾ ਭਾਗ ‘ਟਾਈਗਰ ਜ਼ਿੰਦਾ ਹੈ’ 2017 ਵਿੱਚ ਰਿਲੀਜ਼ ਹੋਇਆ ਸੀ, ਜਿਸ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਸੀ। -ਆਈਏਐੱਨਐੱਸ