ਮੁੰਬਈ: ਬੌਲੀਵੁੱਡ ਸੁਪਰ ਸਟਾਰ ਸਲਮਾਨ ਖ਼ਾਨ ਡੇਂਗੂ ਹੋਣ ਮਗਰੋਂ ਪਹਿਲੀ ਵਾਰ ਆਪਣੇ ਜੀਜੇ ਆਯੂਸ਼ ਸ਼ਰਮਾ ਦੀ ਜਨਮ ਦਿਨ ਦੀ ਪਾਰਟੀ ਮੌਕੇ ਨਜ਼ਰ ਆਇਆ। ਸਲਮਾਨ ਖਾਨ ਨੂੰ ਦੇਖ ਕੇ ਉਸ ਦੇ ਚਾਹੁਣ ਵਾਲੇ ਬਹੁਤ ਖੁਸ਼ ਹਨ। ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀਆਂ ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਖਾਨ ਨੂੰ ਡੇਂਗੂ ਹੋ ਗਿਆ ਸੀ ਪਰ ਹੁਣ ਸਲਮਾਨ ਖਾਨ ਦੀ ਵਾਪਸੀ ’ਤੇ ਉਸ ਦੇ ਚਾਹੁਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ। ਡੇਂਗੂ ਤੋਂ ਉਭਰਨ ਮਗਰੋਂ ਸਲਮਾਨ ਖਾਨ ਮੁੜ ਬਿੱਗ ਬੌਸ ਸੀਜ਼ਨ-16 ਦੇ ‘ਵੀਕ ਐਡ ਕਾ ਵਾਰ’ ਐਪੀਸੋਡ ਦੀ ਮੇਜ਼ਬਾਨੀ ਕਰੇਗਾ। ਇਸ ਐਪੀਸੋਡ ਵਿੱਚ ਕੈਟਰੀਨਾ ਕੈਫ ਨਾਲ ਸਿਧਾਂਤ ਚਤੁਰਵੇਦੀ ਅਤੇ ਇਸ਼ਾਨ ਖੱਟਰ ਵੀ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਸਲਮਾਨ ਖਾਨ ਨੂੰ ਡੇਂਗੂ ਹੋਣ ਕਾਰਨ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ‘ਵੀਕ ਐਂੱਡ ਕਾ ਵਾਰ’ ਐਪੀਸੋਡ ਦੀ ਮੇਜ਼ਬਾਨੀ ਕੀਤੀ ਸੀ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਕ ਫਰਹਦ ਸਾਮਜੀ ਹੈ ਅਤੇ ਇਸ ਫ਼ਿਲਮ ਵਿਚ ਅਦਾਕਾਰਾ ਪੂਜਾ ਹੇਗੜੇ ਤੇ ਵੈਂਕਟੇਸ਼ ਡੱਗੂਬਾਤੀ ਅਹਿਮ ਭੂਮਿਕਾਵਾਂ ਵਿੱਚ ਹਨ। ਅਦਾਕਾਰਾ ਸ਼ਹਿਨਾਜ਼ ਗਿੱਲ ਤੇ ਪਲਕ ਤਿਵਾੜੀ ਵੀ ਇਸ ਫ਼ਿਲਮ ਦਾ ਹਿੱਸਾ ਹਨ। -ਏਐੱਨਆਈ