ਮੁੰਬਈ: ਥ੍ਰਿਲਰ ਫਿਲਮ ‘ਵਿਕਰਮ ਵੇਧਾ’ ਦੇ ਨਿਰਮਾਤਾਵਾਂ ਵੱਲੋਂ ਵੀਰਵਾਰ ਨੂੰ ਫਿਲਮ ਦੇ ਅਦਾਕਾਰ ਸੈਫ਼ ਅਲੀ ਖ਼ਾਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਸੈਫ਼ ਇਸ ਫਿਲਮ ਵਿੱਚ ਇੱਕ ਸਖ਼ਤ ਮਿਜ਼ਾਜ ਪੁਲੀਸ ਵਾਲੇ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾਵਾਂ ਵਿੱਚ ਸੈਫ਼ ਅਲੀ ਖ਼ਾਨ ਤੇ ਰਿਤਿਕ ਰੌਸ਼ਨ ਦੇ ਨਾਲ ਨਾਲ ਰਾਧਿਕਾ ਆਪਟੇ ਵੀ ਦਿਖਾਈ ਦੇਵੇਗੀ। ਮੂਲ ਫਿਲਮ ਦੀ ਪਟਕਥਾ ਲਿਖਣ ਵਾਲੇ ਪੁਸ਼ਕਰ ਤੇ ਗਾਇਤਰੀ ਵੱਲੋਂ ਫਿਲਮ ਦੀ ਹਿੰਦੀ ਰੀਮੇਕ ਵਿੱਚ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਨਿਭਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ‘ਵਿਕਰਮ ਤੇ ਬੇਤਾਲ’ ਦੀਆਂ ਕਥਾਵਾਂ ’ਤੇ ਆਧਾਰਿਤ ਹੈ ਜਿਸ ਵਿੱਚ ਇੱਕ ਸਖ਼ਤ ਮਿਜ਼ਾਜ ਪੁਲੀਸ ਵਾਲੇ ਦਾ ਭੇੜ ਆਪਣੇ ਮੁਕਾਬਲੇ ਦੇ ਗੈਂਗਸਟਰ ਨਾਲ ਦਿਖਾਇਆ ਗਿਆ ਹੈ। ਤਾਮਿਲ ਵਿੱਚ ਬਣੀ ਫਿਲਮ ’ਚ ਆਰ ਮਾਧਵਨ ਤੇ ਵਿਜੈ ਸੇਤੂਪਤੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਹਿੰਦੀ ਫਿਲਮ ਗੁਲਸ਼ਨ ਕੁਮਾਰ, ਟੀ-ਸੀਰੀਜ਼ ਫਿਲਮਜ਼ ਤੇ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਫ੍ਰਾਈਡੇਅ ਫਿਲਮਵਰਕਸ ਅਤੇ ਵਾਈਨੌਟ ਸਟੂਡੀਓਜ਼ ਪ੍ਰੋਡਕਸ਼ਨ ਨਾਲ ਮਿਲ ਕੇ ਪੇਸ਼ ਕੀਤੀ ਜਾ ਰਹੀ ਹੈ। ਇਹ ਫਿਲਮ 30 ਸਤੰਬਰ ਨੂੰ ਵਿਸ਼ਵ ਭਰ ’ਚ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ