ਹਰਿੰਦਰ ਸਿੰਘ ਗੋਗਨਾ
ਸਨਾਤਨਪੁਰ ਦੇ ਰਾਜੇ ਚੰਦਰਸੇਨ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਇਸੇ ਕਰਕੇ ਉਸ ਨੂੰ ਭਾਂਤ ਭਾਂਤ ਦੇ ਫੁੱਲਾਂ ਨਾਲ ਵੀ ਕਾਫ਼ੀ ਲਗਾਅ ਸੀ।
ਰਾਜਾ ਚੰਦਰਸੇਨ ਜਦੋਂ ਵੀ ਆਪਣੇ ਬਗੀਚੇ ਵਿਚ ਜਾਂਦਾ ਤਾਂ ਕੋਈ ਵੀ ਮਨਪਸੰਦ ਖੁਸ਼ਬੋਦਾਰ ਫੁੱਲ ਤੋੜ ਲੈਂਦਾ ਤੇ ਕੁਝ ਚਿਰ ਉਸ ਦੀ ਮਹਿਕ ਲੈਣ ਮਗਰੋਂ ਸੁੱਟ ਦਿੰਦਾ। ਉਸ ਦੇ ਬਗੀਚੇ ਵਿਚ ਹਰ ਤਰ੍ਹਾਂ ਦੇ ਮੌਸਮੀ ਫੁੱਲਾਂ ਦੇ ਪੌਦੇ ਲਗਾਏ ਜਾਂਦੇ ਸਨ।
ਇਹੋ ਨਹੀਂ ਰਾਜਾ ਚੰਦਰਸੇਨ ਦੇ ਕਮਰੇ ਵਿਚ ਵੀ ਫੁੱਲਾਂ ਦੀ ਸੇਜ ਵਿਛਾਈ ਜਾਂਦੀ ਸੀ। ਰਾਜਾ ਜਦੋਂ ਸ਼ਿਕਾਰ ਤੋਂ ਮੁੜਦਾ ਤਾਂ ਸਿੱਧਾ ਆਪਣੇ ਕਮਰੇ ਵਿਚ ਜਾਂਦਾ ਤੇ ਘੰਟਿਆਂ ਬੱਧੀ ਫੁੱਲਾਂ ਦੀ ਸੇਜ ’ਤੇ ਸੁੱਤਾ ਰਹਿੰਦਾ। ਆਪਣੇ ਆਲਸ ਤੇ ਐਸ਼ੋ ਆਰਾਮ ਕਾਰਨ ਰਾਜੇ ਨੂੰ ਆਪਣੀ ਪਰਜਾ ਦੇ ਦੁਖ ਸੁਖ ਦਾ ਵੀ ਕੋਈ ਖਿਆਲ ਨਹੀਂ ਸੀ ਜਿਸ ਕਾਰਨ ਸਭ ਉਸ ਤੋਂ ਪਰੇਸ਼ਾਨ ਸਨ।
ਇਕ ਵਾਰ ਜਦੋਂ ਰਾਜਾ ਆਪਣੇ ਕਮਰੇ ਵਿਚ ਫੁੱਲਾਂ ਦੀ ਸੇਜ ’ਤੇ ਆਰਾਮ ਕਰ ਰਿਹਾ ਸੀ ਤਾਂ ਉਸ ਨੂੰ ਕਿਸੇ ਦੇ ਖਿੜਖਿੜਾ ਕੇ ਹੱਸਣ ਦੀ ਆਵਾਜ਼ ਆਈ। ਉਹ ਇਧਰ ਉਧਰ ਦੇਖਣ ਲੱਗਾ ਕਿ ਉਸ ਦੇ ਕਮਰੇ ਵਿਚ ਭਲਾ ਕੌਣ ਹੋ ਸਕਦਾ ਹੈ ਜਿਹੜਾ ਇਸ ਤਰ੍ਹਾਂ ਹੱਸ ਰਿਹਾ ਹੈ। ਪਰ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਇਆ।
‘ਰਾਜਨ, ਬਹੁਤ ਸੁੱਖ ਮਿਲ ਰਿਹਾ ਹੈ ਕਿਸੇ ਦੀ ਕੁਰਬਾਨੀ ਦੇ ਕੇ…?’ ਤਦੇ ਇਕ ਆਵਾਜ਼ ਨੇ ਰਾਜੇ ਨੂੰ ਥੋੜ੍ਹੀ ਹੈਰਾਨੀ ਵਿਚ ਪਾ ਦਿੱਤਾ।
‘ਕੌਣ…ਕੌਣ ਐ…ਸਾਹਮਣੇ ਆਓ…।’ ਰਾਜੇ ਨੇ ਏਧਰ ਓਧਰ ਦੇਖਦਿਆਂ ਕਿਹਾ।
‘ਰਾਜਨ…ਮੈਂ ਰੁੱਤਾਂ ਦੀ ਰਾਣੀ ਬਸੰਤ ਬੋਲ ਰਹੀ ਹਾਂ।’
‘ਬਸੰਤ…।’
‘ਹਾਂ, ਹਾਂ ਬਸੰਤ। ਮੈਂ ਤੇਰੇ ਨਾਲ ਸਖ਼ਤ ਨਾਰਾਜ਼ ਹਾਂ।’
‘ਕਿਉਂ…?’
‘ਨਾਰਾਜ਼ ਇਸ ਲਈ ਕਿ ਤੈਨੂੰ ਆਪਣੇ ਐਸ਼ੋਆਰਾਮ ਵਿਚ ਨਾ ਤਾਂ ਆਪਣੀ ਪਰਜਾ ਦਾ ਖਿਆਲ ਹੈ ਤੇ ਨਾ ਹੀ ਕੁਦਰਤ ਦੀ ਨਾਰਾਜ਼ਗੀ ਦਾ।’ ਬਸੰਤ ਨੇ ਕਿਹਾ।
‘ਕੀ ਹੋਇਆ ਮੇਰੀ ਪਰਜਾ ਨੂੰ? ਫਿਰ ਕੁਦਰਤ ਨੂੰ ਮੈਥੋਂ ਜ਼ਿਆਦਾ ਪਿਆਰ ਕੌਣ ਕਰ ਸਕਦਾ ਹੈ ? ਮੇਰੇ ਰਾਜ ਵਿਚ ਹਰ ਪਾਸੇ ਕੁਦਰਤ ਦਾ ਬਸੇਰਾ ਹੈ। ਬਿਰਖ, ਪੌਦੇ ਤੇ ਫੁੱਲਾਂ ਦੇ ਬਗੀਚੇ।’
‘ਮੰਨਿਆ ਕਿ ਤੂੰ ਕੁਦਰਤ ਪ੍ਰੇਮੀ ਹੈਂ, ਪਰ ਆਪਣੀ ਥੋੜ੍ਹੇ ਸਮੇਂ ਦੀ ਖੁਸ਼ੀ ਲਈ ਦੂਜਿਆਂ ਦੀ ਕੁਰਬਾਨੀ ਦੇਣਾ ਕਿਹੜੀ ਸਮਝਦਾਰੀ ਹੈ ? ਤੇਰੇ ਆਰਾਮ ਲਈ ਇਕ ਸੇਜ ਵਿਛਾਉਣ ਖਾਤਰ ਰੋਜ਼ਾਨਾ ਕਿੰਨੇ ਹੀ ਫੁੱਲਾਂ ਨੂੰ ਟਾਹਣੀਆਂ ਤੋਂ ਤੋੜ ਕੇ ਨਿਰਜੀਵ ਕਰ ਦਿੱਤਾ ਜਾਂਦਾ ਹੈ। ਫੁੱਲਾਂ ਵਿਚ ਵੀ ਜਿਊਣ ਦੀ ਉਮੰਗ ਹੁੰਦੀ ਹੈ। ਬੇਸ਼ੱਕ ਇਨ੍ਹਾਂ ਦੀ ਉਮਰ ਥੋੜ੍ਹੀ ਹੁੰਦੀ ਹੈ, ਪਰ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਤੋੜ ਕੇ ਆਪਣੇ ਸੁੱਖ ਤੇ ਆਰਾਮ ਲਈ ਇਸਤੇਮਾਲ ਕਰਨਾ ਚੰਗੀ ਗੱਲ ਨਹੀਂ। ਕੋਈ ਸਰੀਰ ਦੇ ਕਿਸੇ ਵੀ ਅੰਗ ਨੂੰ ਜ਼ਰਾ ਵੀ ਨੁਕਸਾਨ ਪਹੁੰਚਾ ਦੇਵੇ ਤਾਂ ਇਨਸਾਨ ਤੜਫ ਉੱਠਦਾ ਹੈ। ਫੁੱਲ ਮਹਿਕ ਵੰਡਦੇ ਹਨ। ਇਹ ਆਪਣੇ ਸਰੀਰ ਭਾਵ ਕਿ ਟਾਹਣੀਆਂ ਨਾਲ ਲੱਗੇ ਹੀ ਚੰਗਾ ਮਹਿਸੂਸ ਕਰਦੇ ਹਨ। ਟਾਹਣੀ ਤੋਂ ਵੱਖ ਹੁੰਦਿਆਂ ਹੀ ਇਨ੍ਹਾਂ ਦੀ ਕਦਰ ਤੇ ਮਹਿਕ ਕੁਝ ਪਲਾਂ ਦੀ ਰਹਿ ਜਾਂਦੀ ਹੈ।’
ਬਸੰਤ ਦੀਆਂ ਕਹੀਆਂ ਗੱਲਾਂ ਦਾ ਰਾਜੇ ਚੰਦਰਸੇਨ ਦੇ ਮਨ ’ਤੇ ਡੂੰਘਾ ਅਸਰ ਪਿਆ। ਉਹ ਮਨ ਹੀ ਮਨ ਸੋਚਣ ਲੱਗਾ ਕਿ ਉਹ ਆਪਣੇ ਜੀਵਨ ਵਿਚ ਹੁਣ ਤੱਕ ਕਿੰਨੇ ਹੀ ਫੁੱਲਾਂ ਦਾ ਨੁਕਸਾਨ ਪਹੁੰਚਾ ਕੇ ਕੁਦਰਤ ਨੂੰ ਦੁਖ ਪਹੁੰਚਾ ਚੁੱਕਿਆ ਹੈ। ਇਹ ਸਭ ਸੋਚ ਕੇ ਉਸ ਦਾ ਮਨ ਕਾਫ਼ੀ ਉਦਾਸ ਹੋਇਆ। ਉਹ ਰਾਤ ਭਰ ਇਹ ਗੱਲ ਮਨ ਹੀ ਮਨ ਵਿਚਾਰਦਾ ਰਿਹਾ ਅਤੇ ਅਗਲੀ ਸਵੇਰ ਆਦੇਸ਼ ਦਿੱਤਾ ਕਿ ਰਾਜ ਦੇ ਕਿਸੇ ਵੀ ਬਗੀਚੇ ਵਿਚ ਬੇਵਜ੍ਹਾ ਕੋਈ ਫੁੱਲ ਨਾ ਤੋੜਿਆ ਜਾਵੇ। ਰਾਜੇ ਨੇ ਉਸੇ ਦਿਨ ਤੋਂ ਫੁੱਲਾਂ ਦੀ ਸੇਜ ’ਤੇ ਸੌਣਾ ਬੰਦ ਕਰ ਦਿੱਤਾ ਤੇ ਆਪਣੀ ਪਰਜਾ ਦੀ ਦੇਖ ਰੇਖ ਵਿਚ ਜੁਟ ਗਿਆ। ਪਰਜਾ ਵੀ ਹੁਣ ਖੁਸ਼ ਸੀ।
ਬਸੰਤ ਰਾਜੇ ਵਿਚ ਆਈ ਇਸ ਤਬਦੀਲੀ ’ਤੇ ਸੰਤੁਸ਼ਟੀ ਮਹਿਸੂਸ ਕਰ ਰਹੀ ਸੀ।