ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਆਪਣੀ ਲਾਜ਼ਵਾਲ ਅਦਾਕਾਰੀ ਨਾਲ ਹਰ ਕਿਰਦਾਰ ਨੂੰ ਅਮਰ ਕਰ ਦੇਣ ਵਾਲੀ ਹਰਦਿਲ ਅਜ਼ੀਜ਼ ਅਦਾਕਾਰਾ ਸਬੀਹਾ ਖਾਨੁਮ ਪਾਕਿਸਤਾਨ ਬਣਨ ਤੋਂ ਬਾਅਦ ਫ਼ਿਲਮ ਸਨਅਤ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਵਾਲੀ ਪਹਿਲੀ ਅਦਾਕਾਰਾ ਸੀ, ਜਿਸ ਨੇ ਫ਼ਿਲਮ ਸਨਅਤ ਨੂੰ ਉਰੂਜ਼ ’ਤੇ ਪਹੁੰਚਾਇਆ। ਸਬੀਹਾ ਖਾਨੁਮ ਹੀ ਪਾਕਿਸਤਾਨੀ ਸਿਲਵਰ ਸਕਰੀਨ ਦੀ ਪਹਿਲੀ ਅਦਾਕਾਰਾ ਸੀ, ਜਿਸਨੂੰ ਸਦਾਰਤੀ ਤਮਗ਼ਾ ਬਰਾਏ ਹੁਸਨ ਕਾਰਕਰਦਗੀ ਮਿਲਿਆ। ਉਹ ਕਈ ਸਾਲ ਪਹਿਲਾਂ ਅਦਾਕਾਰੀ ਛੱਡ ਕੇ ਅਮਰੀਕਾ ਦੇ ਸ਼ਹਿਰ ਵਰਜੀਨੀਆ ਜਾ ਵੱਸੀ ਸੀ, ਜਿੱਥੇ ਸ਼ਨਿਚਰਵਾਰ 13 ਜੂਨ ਨੂੰ ਉਹ 84 ਸਾਲਾਂ ਦੀ ਉਮਰੇ ਆਪਣੀ ਧੀ ਦੇ ਘਰ ਵਫ਼ਾਤ ਪਾ ਗਈ।
ਸਬੀਹਾ ਖਾਨੁਮ ਦੀ ਪੈਦਾਇਸ਼ 16 ਅਕਤੂਬਰ 1935 ਨੂੰ ਗੁਜਰਾਤ (ਪੰਜਾਬ) ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ ਹੋਈ। ਉਹ ਮਸ਼ਹੂਰ ਜ਼ਮਾਨਾ ਫ਼ਨਕਾਰ ਜੋੜੀ ਮੁਹੰਮਦ ਅਲੀ (ਮਾਹੀਆ) ਅਤੇ ਇਕਬਾਲ ਬੇਗ਼ਮ ਉਰਫ਼ ਬਾਲੋ (ਬਾਲੋ) ਦੀ ਧੀ ਸੀ, ਜਿਸਨੇ ਵੰਡ ਤੋਂ ਪਹਿਲਾਂ ਭਾਰਤੀ ਪੰਜਾਬੀ ਫ਼ਿਲਮਾਂ ‘ਹੀਰ ਸਿਆਲ’ (1938) ਤੇ ‘ਸੱਸੀ ਪੁਨੂੰ’ (1939) ’ਚ ਟਾਈਟਲ ਕਿਰਦਾਰ ਨਿਭਾਏ ਸਨ। ਇਨ੍ਹਾਂ ਦਾ ਬਾਲੋ-ਮਾਹੀਆ ਕਿੱਸਾ ਅੱਜ ਵੀ ਦੋਵਾਂ ਪੰਜਾਬਾਂ ਵਿਚ ਬੇਹੱਦ ਮਕਬੂਲ ਹੈ। ਸਬੀਹਾ ਦਾ ਅਸਲ ਨਾਮ ਮੁਖ਼ਤਾਰ ਬੇਗ਼ਮ ਸੀ। ਉਸਦਾ ਸਬੀਹਾ ਖਾਨੁਮ ਨਾਮ ਮਸ਼ਹੂਰ ਸਟੇਜ ਡਰਾਮਾ ਅਦਾਕਾਰ ਅਤੇ ਸ਼ਾਇਰ ਨਫ਼ੀਸ ਖ਼ਲੀਲੀ ਨੇ ਰੱਖਿਆ ਸੀ ਜੋ ਮੁਖ਼ਤਾਰ ਬੇਗ਼ਮ ਨੂੰ ਬੜਾ ਰਾਸ ਆਇਆ।
ਉਸਦਾ ਪਹਿਲਾ ਪ੍ਰਾਜੈਕਟ ਡਰਾਮਾ ‘ਬੁਤਸ਼ਿਕਨ’ ਸੀ। ਉਸਦੇ ਫ਼ਨੀ ਸਫ਼ਰ ਦਾ ਆਗ਼ਾਜ਼ ਅੰਮ੍ਰਿਤਸਰ ਦੇ ਗੱਭਰੂ ਮਸੂਦ ਪਰਵੇਜ਼ ਦੇ ਫ਼ਿਲਮਸਾਜ਼ ਅਦਾਰੇ ਪਰਵੇਜ਼ ਪ੍ਰੋਡਕਸ਼ਨਜ਼, ਲਾਹੌਰ ਦੀ ਪਹਿਲੀ ਉਰਦੂ ਫ਼ਿਲਮ ‘ਬੇਲੀ’ (1950) ਤੋਂ ਹੋਇਆ, ਜਿਸਦੇ ਫ਼ਿਲਮਸਾਜ਼ ਤੇ ਹਿਦਾਇਤਕਾਰ ਮਸੂਦ ਪਰਵੇਜ਼ ਆਪ ਸਨ। ਮਾਰੂਫ਼ ਉਰਦੂ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਦੀ ਲਿਖੀ ਕਹਾਣੀ ’ਤੇ ਆਧਾਰਿਤ ਇਸ ਫ਼ਿਲਮ ਵਿਚ ਸਬੀਹਾ ਨੇ ਸਹਾਇਕ ਹੀਰੋਇਨ ਦਾ ਕਿਰਦਾਰ ਨਿਭਾਇਆ। ਮਰਕਜ਼ੀ ਕਿਰਦਾਰ ਵਿਚ ਅਦਾਕਾਰਾ ਸ਼ਹੀਨਾ ਤੇ ਸੰਤੋਸ਼ ਕੁਮਾਰ ਮੌਜੂਦ ਸਨ। ਮੌਸੀਕੀ ਰਸ਼ੀਦ ਅੱਤਰੇ ‘ਅੰਮ੍ਰਿਤਸਰੀ’ ਅਤੇ ਗੀਤ ਨਾਜ਼ਿਮ ਪਾਣੀਪਤੀ, ਅਹਿਮਦ ਰਾਹੀ ‘ਅੰਮ੍ਰਿਤਸਰੀ’ ਤੇ ਅੰਮ੍ਰਿਤਾ ਪ੍ਰੀਤਮ (ਗੁੱਜਰਾਂਵਾਲਾ) ਨੇ ਤਹਿਰੀਰ ਕੀਤੇ ਸਨ। ਪਹਿਲੀ ਵਾਰ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਨਜ਼ਮ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ’ ਇਸ ਫ਼ਿਲਮ ਵਿਚ ਸ਼ਾਮਲ ਕੀਤੀ ਗਈ ਸੀ। ਇਹ ਫ਼ਿਲਮ 3 ਫਰਵਰੀ, 1950 ਨੂੰ ਲਾਹੌਰ ’ਚ ਨੁਮਾਇਸ਼ ਹੋਈ। ਸਬੀਹਾ ਖਾਨੁਮ ਦੀ ਪਹਿਲੀ ਪੰਜਾਬੀ ਫ਼ਿਲਮ ਐਵਰਨਿਊ ਪਿਕਚਰਜ਼, ਲਾਹੌਰ ਦੀ ‘ਦੁੱਲਾ ਭੱਟੀ’ (1956) ਸੀ। ਫ਼ਿਲਮਸਾਜ਼ ਜੀ. ਏ. ਗੁਲ ਅਤੇ ਹਿਦਾਇਤਕਾਰ ਐੱਮ. ਐੱਸ. ਡਾਰ (ਅਸਲ ਹਿਦਾਇਤਕਾਰ ਅਨਵਰ ਕਮਾਲ) ਸਨ। ਮੁੱਖ ਦੌਰ ਦੇ ਲੋਕ ਕਿੱਸੇ ’ਤੇ ਬਣੀ ਇਸ ਫ਼ਿਲਮ ਵਿਚ ਸਬੀਹਾ ਖਾਨੁਮ ਨੇ ‘ਨੂਰਾਂ’ ਦਾ ਤੇ ਅਦਾਕਾਰ ਸੁਧੀਰ ਨੇ ‘ਦੁੱਲਾ ਭੱਟੀ’ ਦਾ ਟਾਈਟਲ ਕਿਰਦਾਰ ਅਦਾ ਕੀਤਾ। ਕਹਾਣੀ ਤੇ ਮੁਕਾਲਮੇ ਬਾਬਾ ਆਲਮ ਸ਼ਿਆਹਪੋਸ਼, ਗੀਤ ਤੂਫ਼ੈਲ ਹੁਸ਼ਿਆਰਪੁਰੀ, ਐੱਫ. ਡੀ. ਸ਼ਰਫ਼ (ਇਕ ਗੀਤ), ਬਾਬਾ ਆਲਮ ਸ਼ਿਆਹਪੋਸ਼ (ਇਕ ਗੀਤ), ਜੀ. ਏ. ਚਿਸ਼ਤੀ (ਇਕ ਗੀਤ) ਅਤੇ ਮੌਸੀਕੀ ਬਾਬਾ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤੀ। ਇਸ ਫ਼ਿਲਮ ਦੀ ਅਸਲ ਸ਼ੋਹਰਤ ਅਤੇ ਮਕਬੂਲੀਅਤ ਫ਼ਿਲਮ ਵਿਚ ਸਬੀਹਾ ਖਾਨੁਮ ’ਤੇ ਫ਼ਿਲਮਾਇਆ ਮੁਨੱਵਰ ਸੁਲਤਾਨਾ ਦਾ ਮਸ਼ਹੂਰ ਜ਼ਮਾਨਾ ਗੀਤ ‘ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ ਚਿੱਠੀ ਮੇਰੇ ਢੋਲ ਨੂੰ ਪੁਚਾਵੀਂ ਵੇ ਕਬੂਤਰਾ’ ਸੀ, ਜਿਸ ਨੇ ਉਸ ਨੂੰ ਸ਼ੋਹਰਤ ਦੇ ਸਿਖਰ ’ਤੇ ਬਿਠਾ ਦਿੱਤਾ। ਇਸ ਨਗ਼ਮੇ ਦੇ ਤਖ਼ਲੀਕ-ਕਾਰ ਤੂਫ਼ੈਲ ਹੁਸ਼ਿਆਰਪੁਰੀ ਸਨ। 6 ਨਵੰਬਰ, 1956 ਨੂੰ ਲਾਹੌਰ ’ਚ ਰਿਲੀਜ਼ਸ਼ੁਦਾ ਇਸ ਫ਼ਿਲਮ ਨੇ ਗੋਲਡਨ ਜੁਬਲੀ ਮਨਾਈ। ਇਸ ਫ਼ਿਲਮ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਸਬੀਹਾ ਖਾਨੁਮ ਨੂੰ ਕਿਸੇ ਵੀ ਫ਼ਿਲਮ ਦੀ ਕਾਮਯਾਬੀ ਦੀ ਜ਼ਮਾਨਤ ਸਮਝਿਆ ਜਾਣ ਲੱਗਾ।
ਸਬੀਹਾ ਖਾਨੁਮ ਦੀ ਦੂਜੀ ਪੰਜਾਬੀ ਫ਼ਿਲਮ ਸ਼ਮੀ ਫ਼ਿਲਮ ਲਿਮਟਿਡ, ਲਾਹੌਰ ਦੀ ਜਮੀਲ ਮਿਰਜ਼ਾ ਨਿਰਦੇਸ਼ਿਤ ‘ਫੋਲੇ ਖ਼ਾਨ’ (1957) ਸੀ। ਫ਼ਿਲਮ ’ਚ ਸਬੀਹਾ ਨਾਲ ਹੀਰੋ ਦਾ ਕਿਰਦਾਰ ਅਸਲਮ ਪਰਵੇਜ਼ ਨੇ ਅਦਾ ਕੀਤਾ। ਉਸਦੀ ਤੀਜੀ ਪੰਜਾਬੀ ਫ਼ਿਲਮ ਪਰਵੇਜ਼ ਪਿਕਚਰਜ਼, ਲਾਹੌਰ ਦੀ ਆਸਿਫ਼ ਜਾਹ ਨਿਰਦੇਸ਼ਿਤ ‘ਸ਼ੇਖ ਚਿੱਲੀ’ (1958) ਸੀ, ਜਿਸ ਵਿਚ ਇਕ ਵਾਰ ਫੇਰ ਹੀਰੋ ਅਸਲਮ ਪਰਵੇਜ਼ ਸਨ। ਫ਼ਿਲਮ ਦਾ ਟਾਈਟਲ ਰੋਲ ਮਜ਼ਾਹੀਆ ਅਦਾਕਾਰ ਆਸਿਫ਼ ਜਾਹ ਨੇ ਨਿਭਾਇਆ। ਇਹ ਮੌਸੀਕਾਰ ਸਲੀਮ ਇਕਬਾਲ ਦੀ ਵੀ ਪਹਿਲੀ ਫ਼ਿਲਮ ਸੀ। ਫ਼ਿਲਮ ਵਿਚ ਇਕਬਾਲ ਹੁਸੈਨ ਦਾ ਲਿਖਿਆ ਤੇ ਸਬੀਹਾ ਖਾਨੁਮ ’ਤੇ ਫ਼ਿਲਮਾਇਆ ਗੀਤ ‘ਸਈਓ ਨੀਂ ਮੇਰਾ ਦਿਲ ਧੜਕੇ ਦਿਲ ਧੜਕੇ ਨਾਲੇ ਅੱਖ ਫੜਕੇ’ (ਜ਼ੁਬੈਦਾ ਖ਼ਾਨੁਮ) ਵੀ ਬੜਾ ਮਕਬੂਲ ਹੋਇਆ। ਉਸਦੀ ਚੌਥੀ ਪੰਜਾਬੀ ਫ਼ਿਲਮ ਕਰੀਸੈਂਟ ਪਿਕਚਰਜ਼, ਲਾਹੌਰ ਦੀ ਜਫ਼ਰ ਮਲਿਕ ਨਿਰਦੇਸ਼ਿਤ ‘ਮੁੱਖੜਾ’ (1958) ਸੀ। ਫ਼ਿਲਮ ਵਿਚ ਸਬੀਹਾ ਨੇ ‘ਸ਼ੀਰੀਂ’ ਦਾ, ਜਿਸਦੇ ਰੂਬਰੂ ਸੰਤੋਸ਼ ਕੁਮਾਰ ਨੇ ‘ਨਾਦਰ’ ਦਾ ਕਿਰਦਾਰ ਨਿਭਾਇਆ। ਮੌਸੀਕੀ ਰਸ਼ੀਦ ਅੱਤਰੇ ਅਤੇ ਗੀਤ ਵਾਰਿਸ ਲੁਧਿਆਣਵੀ ਨੇ ਲਿਖੇ ਸਨ। ਫ਼ਿਲਮ ਵਿਚ ਸਬੀਹਾ ’ਤੇ ਫ਼ਿਲਮਾਏ ‘ਡੋਰੇ ਖਿੱਚ ਕੇ ਨਾ ਕੱਜਲਾ ਪਾਈਏ’, ‘ਮਾਹੀ ਸਾਨੂੰ ਤੱਕਣਾ ਤੇ ਅਸਾਂ ਸ਼ਰਮਾਣਾ’, ‘ਮੇਰਾ ਦਿਲ ਚੰਨਾ ਕੱਚ ਦਾ ਖਿਡੌਣਾ’, ਮੈਨੂੰ ਡੱਸਦੀ ਚਾਨਣੀ ਤੇਰੀ’ (ਜ਼ੁਬੈਦਾ ਖ਼ਾਨੁਮ) ਤੋਂ ਇਲਾਵਾ ਸਬੀਹਾ ਤੇ ਸੁਧੀਰ ’ਤੇ ਫ਼ਿਲਮਾਇਆ ‘ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ’ (ਜ਼ੂਬੈਦਾ ਖ਼ਾਨੁਮ) ਗੀਤ ਇੰਤਹਾਈ ਮਕਬੂਲ ਹੋਇਆ। 29 ਜੂਨ 1958 ਨੂੰ ਲਾਹੌਰ ’ਚ ਪਰਦਾਪੇਸ਼ ਹੋਈ ਇਹ ਫ਼ਿਲਮ ਸਿਲਵਰ ਜੁਬਲੀ ਹਿੱਟ ਰਹੀ। ਸਬੀਹਾ ਦੀ ਪੰਜਵੀਂ ਪੰਜਾਬੀ ਫ਼ਿਲਮ ਆਪਣੇ ਫ਼ਿਲਮਸਾਜ਼ ਅਦਾਰੇ ਐੱਸ. ਐੱਮ. (ਸਬੀਹਾ-ਮੁਹੰਮਦ) ਫ਼ਿਲਮਜ਼, ਲਾਹੌਰ ਦੀ ‘ਨਾਜੀ’ (1959) ਸੀ। ਫ਼ਿਲਮਸਾਜ਼ ਮੁਹੰਮਦ ਅਲੀ (ਸਬੀਹਾ ਦਾ ਪਿਓ) ਅਤੇ ਹਿਦਾਇਤਕਾਰ ਕਦੀਰ ਗੌਰੀ (ਪਹਿਲੀ ਫ਼ਿਲਮ) ਸਨ। ਕਹਾਣੀ ਸੁਲਤਾਨ ਖ਼ੂਸਟ, ਮੁਕਾਲਮੇ ਬਾਬਾ ਆਲਮ ਸ਼ਿਆਹਪੋਸ਼, ਗੀਤ ਵਾਰਿਸ ਲੁਧਿਆਣਵੀ, ਬਾਬਾ ਆਲਮ ਸ਼ਿਆਹਪੋਸ਼ (ਇਕ ਗੀਤ) ਅਤੇ ਮੌਸੀਕੀ ਸਫ਼ਦਰ ਹੁਸੈਨ ਨੇ ਤਾਮੀਰ ਕੀਤੀ। ਫ਼ਿਲਮ ਵਿਚ ਇਕ ਵਾਰ ਫਿਰ ਸਬੀਹਾ ਤੇ ਸੰਤੋਸ਼ ਕੁਮਾਰ ਦੀ ਜੋੜੀ ਸੀ। ਦੋਵਾਂ ’ਤੇ ਫ਼ਿਲਮਾਏ ‘ਦਿਲ ਅੱਖ ਦੇ ਇਸ਼ਾਰੇ ਨਾਲ ਲੁੱਟ ਕੇ’,‘ਰਾਤਾਂ ਕਾਲੀਆਂ ਛਾਈਆਂ ਨੇ’ (ਨਸੀਮ ਬੇਗ਼ਮ, ਮੁਨੀਰ ਹੁਸੈਨ), ‘ਪੈਰੀਂ ਝਾਂਜਰਾਂ ਤੇ ਕੰਨਾਂ ਵਿਚ ਝੁਮਕੇ’ (ਨਸੀਮ ਬੇਗ਼ਮ), ‘ਸੱਜ ਬਣ ਕੇ ਤੇ ਮੁੱਖ ਲਿਸ਼ਕਾ ਕੇ’ (ਜ਼ੁਬੈਦਾ ਖਾਨੁਮ) ਆਦਿ ਗੀਤ ਬੜੇ ਪਸੰਦ ਕੀਤੇ ਗਏ। ਜੀ. ਐੱਸ. ਐਂਡ ਕੰਪਨੀ, ਲਾਹੌਰ ਦੀ ਐੱਨ. ਈ. ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰਿਸ਼ਤਾ’ (1963) ਵਿਚ ਸਬੀਹਾ ਤੇ ਸੰਤੋਸ਼ ਦੀ ਜੋੜੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਮੌਸੀਕਾਰ ਜੀ. ਏ. ਚਿਸ਼ਤੀ ਤੇ ਗੀਤ ਵਾਰਿਸ ਲੁਧਿਆਣਵੀ ਤੇ ਅਹਿਮਦ ਰਾਹੀ (2 ਗੀਤ) ਨੇ ਤਹਿਰੀਰ ਕੀਤੇ। ਸਬੀਹਾ ’ਤੇ ਫ਼ਿਲਮਾਇਆ ਪੁਰਸੋਜ਼ ਗੀਤ ‘ਉੱਡ ਚੱਲ ਪੰਛੀਆ ਰੁੱਸ ਗਈ ਬਹਾਰ ਵੇ’ (ਨੂਰਜਹਾਂ) ਬਹੁਤ ਹਿੱਟ ਹੋਇਆ।
ਪੰਜਾਬੀ ਦੇ ਨਾਲ-ਨਾਲ ਸਬੀਹਾ ਖਾਨੁਮ ਨੇ ਉਰਦੂ ਫ਼ਿਲਮਾਂ ਵਿਚ ਵੀ ਸ਼ਾਨਦਾਰ ਕਿਰਦਾਰ ਨਿਭਾਏ। ਉਰਦੂ ਫ਼ਿਲਮਾਂ ‘ਹਮਾਰੀ ਬਸਤੀ’, ‘ਦੋ ਆਂਸੂ’ (1950), ‘ਗ਼ੈਰਤ’, ‘ਪਿੰਜਰਾ’ (1951), ‘ਗ਼ੁਲਾਮ’, ‘ਸੈਲਾਬ’ (1953), ‘ਗੁਮਨਾਮ’, ‘ਸੱਸੀ’ (1954), ‘ਸੋਹਨੀ’ (1955), ‘ਸਰਫ਼ਰੋਸ਼’ (1956), ‘ਇਸ਼ਕ-ਏ-ਲੈਲਾ’ (1957), ‘ਮੌਸੀਕਾਰ’ (1962) ਆਦਿ ਫ਼ਿਲਮਾਂ ਵਿਚ ਨਿਭਾਏ ਅਹਿਮ ਕਿਰਦਾਰਾਂ ਕਰ ਕੇ ਉਸਨੂੰ ਨੋਟਿਸ ਕੀਤਾ ਜਾਣ ਲੱਗ ਪਿਆ। ਸਬੀਹਾ ਦੀ ਆਖ਼ਰੀ ਉਰਦੂ ਫ਼ਿਲਮ ‘ਮਰਦ ਜੀਨੇ ਨਹੀਂ ਦੇਤੇ’ (1997) ਸੀ। ਉਹ ਫ਼ਿਲਮਾਂ ’ਚ ਜਿੰਨੀ ਠੇਠ ਪੰਜਾਬੀ ਬੋਲਦੀ ਸੀ ਓਨੀ ਠੇਠ ਉਰਦੂ ਵੀ, ਉੱਤੋਂ ਅਦਾਕਾਰੀ ਤੇ ਸੁਹੱਪਣ ਵੀ ਬਾਕਾਮਲ ਜੋ ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਸੀ।
ਸਬੀਹਾ ਖਾਨੁਮ ਨੇ 1950 ਤੋਂ 1997 ਤਕ ਕੁੱਲ 200 ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚੋਂ 60 ਪੰਜਾਬੀ, 131 ਉਰਦੂ ਅਤੇ 5 ਪਸ਼ਤੋ ਫ਼ਿਲਮਾਂ ਸ਼ਾਮਿਲ ਹਨ। ਇਨ੍ਹਾਂ ਵਿਚੋਂ ਬਹੁਤੀਆਂ ਫ਼ਿਲਮਾਂ ਸਿਲਵਰ ਤੇ ਗੋਲਡਨ ਜੁਬਲੀ ਸਨ। ਬੇਸ਼ੱਕ ਫ਼ਿਲਮਾਂ ’ਚ ਉਸਨੇ ਬਹੁਤ ਸਾਰੇ ਨਾਮੀ ਫ਼ਨਕਾਰਾਂ ਨਾਲ ਕੰਮ ਕੀਤਾ, ਪਰ ਉਸਦੀ ਮਜ਼ੀਦ ਜੋੜੀ ਸੰਤੋਸ਼ ਕੁਮਾਰ ਨਾਲ ਪਸੰਦ ਕੀਤੀ ਗਈ। ਦੋਵਾਂ ਨੇ ਇਕੱਠਿਆਂ ਅਨੇਕਾਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਸਬੀਹਾ ਖਾਨੁਮ ਨੇ ਫ਼ਿਲਮਾਂ ’ਚ ਆਪਣੇ ਜੋੜੀਦਾਰ ਰਹੇ ਸਈਅਦ ਮੂਸਾ ਰਜ਼ਾ ਉਰਫ਼ ਸੰਤੋਸ਼ ਕੁਮਾਰ ਨਾਲ ਮੁਹੱਬਤੀ ਵਿਆਹ ਕੀਤਾ। ਸੰਤੋਸ਼ ਕੁਮਾਰ ਦਾ ਸਬੀਹਾ ਨਾਲ ਇਹ ਦੂਜਾ ਵਿਆਹ ਸੀ, ਜਿਨ੍ਹਾਂ ’ਚੋਂ ਉਸ ਦੇ ਤਿੰਨ ਬੱਚੇ ਸਈਅਦ ਇਹਸਾਨ ਰਜ਼ਾ, ਫ਼ਰੀਹਾ ਸ਼ਹਿਰਯਾਰ ਤੇ ਆਫ਼ੀਆ ਚੌਧਰੀ ਹਨ। ਵੱਡੀ ਸਕਰੀਨ ਦੇ ਨਾਲ-ਨਾਲ ਸਬੀਹਾ ਨੇ ਛੋਟੀ ਸਕਰੀਨ ਯਾਨੀ ਪੀਟੀਵੀ ਚੈਨਲ ਦੇ ਡਰਾਮਿਆਂ ਵਿਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ।
ਫ਼ਿਲਮਾਂ ਦੇ ਨਾਲ-ਨਾਲ ਸਬੀਹਾ ਨੇ ਗੁਲੂਕਾਰੀ ਵੀ ਕੀਤੀ। ਪੀਟੀਵੀ ਚੈਨਲ ਦੇ ‘ਸਿਲਵਰ ਜੁਬਲੀ’ (1982) ਪ੍ਰੋਗਰਾਮ ਵਿਚ ਉਸਦੇ ਗਾਏ ਹੋਏ ਕੌਮੀ ਤਰਾਨੇ ‘ਜੁਗ-ਜੁਗ ਜੀਏ ਮੇਰਾ ਪਯਾਰਾ ਵਤਨ’ ਅਤੇ ‘ਸੋਹਣੀ ਧਰਤੀ ਅੱਲ੍ਹਾ ਰੱਖੇ ਕਦਮ-ਕਦਮ ਆਬਾਦ’ ਨੇ ਖ਼ਾਸੀ ਮਕਬੂਲੀਅਤ ਹਾਸਲ ਕੀਤੀ ਸੀ। ਅਨਵਰ ਮਕਸੂਦ ਦੇ ਸਟੇਜ ਸ਼ੋਅ ‘ਸਿਲਵਰ ਜੁਬਲੀ’ ਵਿਚ ਉਸਨੇ ਆਪਣੀ ਉਰਦੂ ਫ਼ਿਲਮ ‘ਮੌਸੀਕਾਰ’ (1962) ਦੇ ਇਕ ਗੀਤ ‘ਯਾਦ ਕਰੂੰ ਤੁਝੇ ਸ਼ਾਮ ਸਵੇਰੇ’ ਦੀ ਆਪਣੀ ਆਵਾਜ਼ ਐਨੀ ਸੋਹਣੀ ਪੇਸ਼ਕਾਰੀ ਕੀਤੀ ਕਿ ਹਾਲ ’ਚ ਬੈਠੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਸਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ।।
ਸਬੀਹਾ ਨੂੰ 4 ਵਾਰ ‘ਸਾਤ ਲਾਖ’ (1957), ‘ਸ਼ਿਕਵਾ’ (1963), ‘ਦੇਵਰ ਭਾਬੀ’ (1967), ‘ਏਕ ਗ਼ੁਨਾਹ ਔਰ ਸਹੀ’ (1975) ਫ਼ਿਲਮਾਂ ਲਈ ‘ਨਿਗਾਰ ਐਵਾਰਡ’ ਅਤੇ ਫਿਰ ਇਹੀ ਐਵਾਰਡ 30 ਸਾਲਾ ਫ਼ਿਲਮ ਖ਼ਿਦਮਾਤ ਅਤੇ ਫ਼ਿਲਮ ‘ਸੰਗਦਿਲ’ (1982) ’ਚ ਸਹਾਇਕ ਅਦਾਕਾਰਾ ਵਜੋਂ ਉਮਦਾ ਕੰਮ ਕਰਲ ਲਈ ਵੀ ਮਿਲਿਆ। ਸਾਲ 1986 ਵਿਚ ਸਬੀਹਾ ਖਾਨੁਮ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਨੇ ‘ਪ੍ਰਾਈਡ ਆਫ ਪ੍ਰਫੌਰਮੈਂਸ’ ਨਾਲ ਵੀ ਸਰਫ਼ਰਾਜ਼ ਕੀਤਾ।
ਸੰਪਰਕ : 97805-09545