ਹਰੀ ਮੋਹਣ ਲੜੋਈ
ਢਾਈ ਤਿੰਨ ਦਹਾਕੇ ਪਹਿਲਾਂ ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਵਿਚ ਸੁਰੀਲੀ ਤੇ ਬੁਲੰਦ ਆਵਾਜ਼ ਸਦਕਾ ਲੋਕ ਦਿਲਾਂ ’ਤੇ ਰਾਜ ਕਰਨ ਵਾਲੇ ਹਰਵਿੰਦਰ ਟਾਡੀ ਨੇ ਸਰੋਤਿਆਂ ਦੀ ਝੋਲੀ ਵਿਚ ਅਣਗਿਣਤ ਸੁਪਰ ਹਿਟ ਕੈਸੇਟਾਂ ਪਾਈਆਂ ਹਨ। ਜਿਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਹਰ ਵਰਗ ਦੇ ਸਰੋਤਿਆਂ ਵੱਲੋਂ ਬੜੀ ਸ਼ਿੱਦਤ ਨਾਲ ਸੁਣਿਆ ਜਾਂਦਾ ਹੈ। ‘ਦਿਓਰ ਕਹਿੰਦਾ ਨੱਚ ਭਾਬੀਏ’ ਹਿਟ ਕੈਸੇਟ ਨਾਲ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਹਰਵਿੰਦਰ ਟਾਡੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਪਹਿਲੀ ਕੈਸੇਟ ਨਾਲ ਹੀ ਵੱਖਰੀ ਪਛਾਣ ਬਣਾਉਣ ਵਾਲੇ ਇਸ ਗਾਇਕ ਨੇ ਫਿਰ ‘ਨੱਚਦੀ ਦੀ ਫ਼ਿਲਮ ਬਣਾਉਣੀ ਭਾਬੀਏ’ ਕੈਸੇਟ ਨਾਲ ਸਫਲਤਾ ਦੇ ਸਾਰੇ ਰਿਕਾਰਡ ਤੋੜੇ। ਇਨ੍ਹਾਂ ਤੋਂ ਇਲਾਵਾ ‘ਕਾਰ ਮਰੂਤੀ ਵਰਗੀ’, ‘ਬੰਨ੍ਹੇ ਗੁੱਟ ਨੂੰ ਕਲੀਰੇ’, ‘ਤੁਰ ਜਾਣਾ ਮੁਕਲਾਵੇ’, ‘ਜੱਟੀ ਹੈ ਪੰਜਾਬ ਦੀ’, ‘ਤੈਨੂੰ ਦੇਣ ਸਲੂਟਾ ਮੋਰ ਕੂੜੇ’, ‘ਮੇਰੇ ਸੋਹਣਿਆ ਸੱਜਣਾ’ ਆਦਿ ਤੋਂ ਇਲਾਵਾ ਹੋਰ ਵੀ ਕਈ ਸੱਭਿਆਚਾਰਕ ਅਤੇ ਧਾਰਮਿਕ ਕੈਸੇਟਾਂ ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ।
ਨਾਮਵਰ ਗੀਤਕਾਰ ਚਰਨ ਸਿੰਘ ਸਫਰੀ, ਲਾਲ ਪਧਿਆਣਵੀ, ਹਰਵਿੰਦਰ ਉਹੜਪੁਰੀ, ਸੁਖਜੀਤ ਝਾਂਸਾਵਾਲਾ, ਵਿਜੈ ਧੰਮੀ, ਜਗਤਾਰ ਵਿਰਦੀ, ਕਾਜਲ ਧੂਤਾ ਵਾਲਾ, ਭੈਲ ਨਿਆੜੇ ਵਾਲਾ, ਤੋਤੀ ਨਿਆੜੇ ਵਾਲਾ, ਬਿੱਟੂ ਕੁਰੋਸੀਆ ਆਦਿ ਤੋਂ ਇਲਾਵਾ ਕਈ ਹੋਰ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਅਨੇਕਾਂ ਸੱਭਿਆਚਾਰਕ ਮੇਲਿਆਂ ਅਤੇ ਸੱਭਿਆਚਾਰਕ ਸੰਸਥਾਵਾਂ ਤੋਂ ਮਾਨ ਸਨਮਾਨ ਹਾਸਲ ਕਰਨ ਵਾਲੇ ਹਰਵਿੰਦਰ ਟਾਡੀ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਸੇਖੋਂ ਟਾਡੀ ਵਿਖੇ ਪਿਤਾ ਬਿਕਰਮ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਗ੍ਰਹਿ ਵਿਖੇ ਹੋਇਆ।
ਲੋਕ ਗਾਇਕ ਸੁਰਿੰਦਰ ਛਿੰਦਾ ਤੋਂ ਗਾਇਕੀ ਦੇ ਗੁਰ ਸਿੱਖ ਕੇ ਗਾਇਕੀ ਦੀਆਂ ਮਹਿਕਾਂ ਬਿਖੇਰਨ ਵਾਲਾ ਟਾਡੀ ਆਪ ਵੀ ਵਧੀਆ ਗੀਤਕਾਰ ਸੀ। ਉਸਦੇ ਲਿਖੇ ਤੇ ਗਾਏ ਅਨੇਕਾਂ ਗੀਤ ਅੱਜ ਵੀ ਲੋਕ ਮਨਾਂ ਵਿਚ ਵਸੇ ਹੋਏ ਹਨ। ਟਾਡੀ ਭਾਵੇਂ ਸੋਲਾਂ ਸਾਲ ਪਹਿਲਾਂ ਰੁਖ਼ਸਤ ਹੋ ਗਿਆ ਹੈ, ਪਰ ਉਸ ਦੇ ਗੀਤ ਸਾਡੇ ਦਿਲਾਂ ਵਿਚ ਹਮੇਸ਼ਾਂ ਗੂੰਜਦੇ ਰਹਿਣਗੇ।
ਸੰਪਰਕ: 98787-06543