ਮਨਦੀਪ ਸਿੰਘ ਸਿੱਧੂ
ਰਵਿੰਦਰ ਕਪੂਰ ਦੀ ਪੈਦਾਇਸ਼ 20 ਮਾਰਚ 1932 ਨੂੰ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਹ 3 ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਸਭ ਤੋਂ ਛੋਟਾ ਭਰਾ ਕਮਲ ਕਪੂਰ ਹਿੰਦੀ ਫ਼ਿਲਮਾਂ ਦਾ ਨਾਮੀ ਖ਼ਲਨਾਇਕ ਸੀ। ਰਿਸ਼ਤੇਦਾਰੀ ਵਿਚੋਂ ਪ੍ਰਿਥਵੀਰਾਜ ਕਪੂਰ ਤੇ ਤਿਰਲੋਕ ਕਪੂਰ ਇਨ੍ਹਾਂ ਦੀ ਸਕੀ ਮਾਸੀ ਦੇ ਪੁੱਤਰ ਸਨ। ਦੇਸ਼ ਵੰਡ ਤੋਂ ਬਾਅਦ ਇਹ ਲਾਹੌਰ ਤੋਂ ਹਿਜ਼ਰਤ ਕਰ ਕੇ ਪੱਕੇ ਤੌਰ ’ਤੇ ਬੰਬਈ ਆਣ ਵੱਸੇ ਕਿਉਂਕਿ ਮਾਸੀ ਦੇ ਪੁੱਤ ਅਤੇ ਭਰਾ ਕਮਲ ਕਪੂਰ ਫ਼ਿਲਮੀ ਸਨਅਤ ਵਿਚ ਆਪਣੀ ਪਛਾਣ ਬਣਾ ਚੁੱਕੇ ਸਨ। ਲਿਹਾਜ਼ਾ ਉਨ੍ਹਾਂ ਦੇ ਨਕਸ਼-ਏ-ਕਦਮ ’ਤੇ ਚੱਲਦਿਆਂ ਰਵਿੰਦਰ ਕਪੂਰ ਨੇ ਵੀ ਫ਼ਿਲਮ ਲਾਇਨ ਅਖ਼ਤਿਆਰ ਕਰ ਲਈ।
ਸਹਾਇਕ ਅਦਾਕਾਰ ਵਜੋਂ ਰਵਿੰਦਰ ਕਪੂਰ ਦੀ ਪਹਿਲੀ ਹਿੰਦੀ ਫ਼ਿਲਮ ਫ਼ਿਲਮਸਾਜ਼ ਅਤੇ ਹਿਦਾਇਤਕਾਰ ਲੇਖਰਾਜ ਭਾਖੜੀ ਦੀ ਜੁਬਲੀ ਪਿਕਚਰਜ਼, ਬੰਬਈ ਦੀ ‘ਠੋਕਰ’ (1953) ਸੀ। ਮਰਕਜ਼ੀ ਕਿਰਦਾਰ ਵਿਚ ਸ਼ਿਆਮਾ ਤੇ ਸ਼ਮੀ ਕਪੂਰ ਸਨ। ਰਵਿੰਦਰ ਕਪੂਰ ਦੀ ਦੂਜੀ ਹਿੰਦੀ ਫ਼ਿਲਮ ਪ੍ਰਿਥਵੀ ਥੀਏਟਰਜ਼, ਬੰਬਈ ਦੀ ਪ੍ਰਿਥਵੀਰਾਜ ਕਪੂਰ ਨਿਰਦੇਸ਼ਿਤ ‘ਪੈਸਾ’ (1957) ਸੀ। ਇਹ ਫ਼ਿਲਮ ਪ੍ਰਿਥਵੀਰਾਜ ਕਪੂਰ ਦੇ ਮਸ਼ਹੂਰ ਨਾਟਕ ‘ਪੈਸਾ’ ’ਤੇ ਆਧਾਰਿਤ ਸੀ। ਫ਼ਿਲਮਸਤਾਨ ਲਿਮਟਿਡ, ਬੰਬਈ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਸੁਨਤੋ ਲੇ ਹਸੀਨਾ’ (1958) ਉਸਦੀ ਆਜ਼ਾਦ ਹੀਰੋ ਵਜੋਂ ਪਹਿਲੀ ਫ਼ਿਲਮ ਸੀ, ਜਿਸ ਦੇ ਸਨਮੁੱਖ ਹੀਰੋਇਨ ਦਾ ਪਾਰਟ ਸ਼ਸ਼ੀ ਕਲਾ ਨੇ ਅਦਾ ਕੀਤਾ। ਇਸੇ ਬੈਨਰ ਦੀ ਹੀ ਸਤੀਸ਼ ਨਿਗਮ ਨਿਰਦੇਸ਼ਿਤ ਫ਼ਿਲਮ ‘ਮੈਨੇ ਜੀਨਾ ਸੀਖ ਲੀਆ’ (1959) ’ਚ ਰਵਿੰਦਰ ਕਪੂਰ ਨਾਲ ਹੀਰੋਇਨ ਦਾ ਕਿਰਦਾਰ ਅਮਿਤਾ ਨੇ ਕੀਤਾ। ਫ਼ਿਲਮਸਤਾਨ ਦੀ ਹੀ ਰਾਮ ਪ੍ਰਕਾਸ਼ ਨਿਰਦੇਸ਼ਿਤ ਫ਼ਿਲਮ ‘ਖ਼ੂਬਸੂਰਤ ਧੋਖਾ’ (1959) ’ਚ ਇਕ ਵਾਰ ਫਿਰ ਰਵਿੰਦਰ ਕਪੂਰ ਤੇ ਸ਼ਸ਼ੀਕਲਾ ਦੀ ਜੋੜੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਫ਼ਿਲਮਸਤਾਨ ਦੀ ਹੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਏਕ ਲੜਕੀ ਸਾਤ ਲੜਕੇ’ (1961) ਵਿਚ ਇਕ ਵਾਰ ਫਿਰ ਰਵਿੰਦਰ ਕਪੂਰ ਤੇ ਅਮਿਤਾ ਦੀ ਜੋੜੀ ਸੀ।
ਬੇਸ਼ੱਕ ਪੰਜਾਬੀ ਗੱਭਰੂ ਰਵਿੰਦਰ ਕਪੂਰ ਦਾ ਫ਼ਨੀ ਸਫ਼ਰ ਹਿੰਦੀ ਫ਼ਿਲਮਾਂ ਤੋਂ ਸ਼ੁਰੂ ਹੋਇਆ, ਪਰ ਉਸ ਨੂੰ ਭਰਵੀਂ ਸ਼ੁਹਰਤ ਪੰਜਾਬੀ ਫ਼ਿਲਮਾਂ ਤੋਂ ਹੀ ਨਸੀਬ ਹੋਈ। ਆਪਣੇ ਭਤੀਜੇ ਸ਼ਮੀ ਕਪੂਰ ਦੀ ‘ਯਾਹੂ’ ਛਵੀ ਤੋਂ ਮੁਤਾਸਿਰਜ਼ਦਾ ਰਵਿੰਦਰ ਕਪੂਰ ਨੂੰ ਪੰਜਾਬੀ ਫ਼ਿਲਮਾਂ ਵਿਚ ਪਹਿਲਾ ਮੌਕਾ ਫ਼ਰਹਾਮ ਕੀਤਾ ਮਾਰੂਫ਼ ਸੰਗੀਤਕਾਰ ਐੱਸ. ਮੋਹਿੰਦਰ ਨੇ। ਜਦੋਂ ਉਨ੍ਹਾਂ ਨੇ ਆਪਣੀ ਧੀ ਪਿਓਨੀ ਦੇ ਨਾਮ ’ਤੇ ਬਣਾਏ ਆਪਣੇ ਫ਼ਿਲਮਸਾਜ਼ ਅਦਾਰੇ ਦੀ ਪਹਿਲੀ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1962) ਬਣਾਈ ਤਾਂ ਰਵਿੰਦਰ ਕਪੂਰ ਨੂੰ ਹੀਰੋ ਦਾ ਕਿਰਦਾਰ ਦਿੱਤਾ। ਉਨ੍ਹਾਂ ਦੇ ਰੂਬਰੂ ਇੰਦਰਾ ਬਿੱਲੀ ‘ਸੋਮਾ’ ਦਾ ਪਾਰਟ ਨਿਭਾ ਰਹੀ ਸੀ। ਫ਼ਿਲਮਸਾਜ਼ ਐੱਸ. ਐੱਸ. ਚੱਢਾ, ਹਿਦਾਇਤਕਾਰ ਤੇ ਮੁਸੱਨਫ਼ ਐੱਸ. ਪੀ. ਬਖ਼ਸ਼ੀ, ਸੰਗੀਤ ਐੱਸ. ਮੋਹਿੰਦਰ ਅਤੇ ਗੀਤ ਆਨੰਦ ਬਖ਼ਸ਼ੀ ਤੇ ਵਰਮਾ ਮਲਿਕ ਨੇ ਤਹਿਰੀਰ ਕੀਤੇ। ਰਵਿੰਦਰ ਤੇ ਇੰਦਰਾ ’ਤੇ ਫ਼ਿਲਮਾਏ ‘ਵੇਖਿਆ ਪਿਸ਼ੌਰ ਵਈ ਘੁੰਮਿਆ ਲਾਹੌਰ ਵਾਈ’ (ਮੁਹੰਮਦ ਰਫ਼ੀ, ਸੁਮਨ ਕਲਿਆਣਪੁਰ), ‘ਊਈ ਮੇਰੇ…ਮੇਰੀ ਜਾਨ ਨੀਂ ਅੜੀਓ’ (ਮੀਨੂੰ ਪ੍ਰਸ਼ੋਤਮ), ‘ਦੁਸ਼ਮਣ ਹੋ ਜਾਵੇ ਭਾਵੇਂ ਦੁਨੀਆ ਸਾਰੀ’ (ਐੱਸ. ਬਲਬੀਰ, ਮੀਨੂੰ ਪ੍ਰਸ਼ੋਤਮ), ‘ਕੀਤਾ ਸੀ ਵਚਨ ਤੂੰ ਤੇ ਵੈਰੀਆ ਪਿਆਰ ਨਿਭਾਨੇ ਦਾ’ (ਸੁਮਨ ਕਲਿਆਣਪੁਰ, ਮੁਕੇਸ਼) ਅਤੇ ਵਰਮਾ ਮਲਿਕ ਦਾ ਭੰਗੜਾ ਗੀਤ ‘ਤੇਰਾ ਝੁਮਕਾ ਲਵੇ ਹੁਲਾਰੇ…ਰੁੱਤ ਭੰਗੜਾ ਪਾਉਣ ਦੀ ਆਈ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਗੀਤ ਬੇਹੱਦ ਮਕਬੂਲ ਹੋਏ। ਇਸ ਫ਼ਿਲਮ ਤੋਂ ਰਵਿੰਦਰ ਕਪੂਰ ਦੇ ਫ਼ਿਲਮ ਕਰੀਅਰ ਨੂੰ ਜ਼ਬਰਦਸਤ ਹੁਲਾਰਾ ਮਿਲਿਆ। ਜਦੋਂ ਫ਼ਿਲਮਸਾਜ਼ ਰਾਜ ਕੁਮਾਰ ਕੋਹਲੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦੀ ਫ਼ਿਲਮ ‘ਪਿੰਡ ਦੀ ਕੁੜੀ’ (1963) ਬਣਾਈ ਤਾਂ ਰਵਿੰਦਰ ਕਪੂਰ ਨੂੰ ਹੀਰੋ ਦਾ ਪਾਰਟ ਦਿੱਤਾ। ਫ਼ਿਲਮ ਵਿਚ ਰਵਿੰਦਰ ਕਪੂਰ ਨੇ ਲਾਲਾ ਕਰਮਚੰਦ (ਵਾਸਤੀ) ਦੇ ਪੁੱਤਰ ਸ਼ਹਿਰੀ ਬਾਬੂ ‘ਅਸ਼ੋਕ ਕੁਮਾਰ’ ਦਾ ਰੋਲ ਕੀਤਾ, ਜਿਸ ਦੇ ਰੂਬਰੂ ਪਿੰਡ ਦੀ ਕੁੜੀ ‘ਕਿਸ਼ਨੀ’ ਦਾ ਟਾਈਟਲ ਕਿਰਦਾਰ ਨਿਸ਼ੀ ਨਿਭਾ ਰਹੀ ਸੀ। ਹਿਦਾਇਤਕਾਰ ਬਲਦੇਵ ਆਰ. ਝੀਂਗਣ, ਸੰਗੀਤ ਹੰਸਰਾਜ ਬਹਿਲ ਅਤੇ ਗੀਤ ਵਰਮਾ ਮਲਿਕ ਨੇ ਲਿਖੇ ਸਨ। ਰਵਿੰਦਰ ਤੇ ਨਿਸ਼ੀ ’ਤੇ ਫ਼ਿਲਮਾਏ ‘ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ’ (ਲਤਾ ਮੰਗੇਸ਼ਕਰ, ਮਹਿੰਦਰ ਕਪੂਰ), ‘ਉਂਝ ਵੇਖਣ ਨੂੰ ਅਸੀਂ ਦੋ ਕੇ ਤੇਰੀ ਮੇਰੀ ਇਕ ਜਿੰਦੜੀ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ) ਅਤੇ ਭੰਗੜਾ ਗੀਤ ‘ਓ ਬੱਲੇ ਬੱਲੇ ਜ਼ੈਲਦਾਰ ਪੁੱਤ ਨੂੰ ਸਮਝਾ ਲੈ’ (ਸ਼ਮਸ਼ਾਦ, ਰਫ਼ੀ) ਬੜੇ ਮਕਬੂਲ ਹੋਏ। ਫ਼ਿਲਮਸਾਜ਼ ਤੇ ਹਿਦਾਇਤਕਾਰ ਕਰੁਣੇਸ਼ ਠਾਕੁਰ ਦੀ ਚਿੱਤਰਕਾਰ, ਬੰਬੇ ਦੇ ਬੈਨਰ ਹੇਠ ਨੁਮਾਇਸ਼ ਹੋਈ ਮਜ਼ਾਹੀਆ ਫ਼ਿਲਮ ‘ਸੱਤ ਸਾਲੀਆਂ’ (1964) ਵਿਚ ਰਵਿੰਦਰ ਕਪੂਰ ਨੇ ‘ਸ਼ਾਮ’ ਦਾ ਤੇ ਇੰਦਰਾ ਬਿੱਲੀ ‘ਦੀਪਾ’ ਦਾ ਪਾਰਟ ਅਦਾ ਕਰ ਰਹੀ ਸੀ। ਰਵਿੰਦਰ ਤੇ ਇੰਦਰਾ ’ਤੇ ਫ਼ਿਲਮਾਏ ‘ਓ ਸੋਹਣਾ ਜਿਹਾ ਮੁੱਖੜਾ ਨੀਂ ਚੰਨ ਦਾ ਏ ਟੁਕੜਾ ਨੀਂ’ (ਮੁਹੰਮਦ ਰਫ਼ੀ), ‘ਤਾਰਾਂ ਨੀ ਤਾਰਾਂ ਕਿਹੜੀ ਗੱਲੋਂ ਰੁੱਸੀਆਂ ਨੇ ਅੱਜ ਹੁਸਨ ਦੀਆਂ ਸਰਕਾਰਾਂ’, ‘ਸੋਹਣੀਏ ਤੂੰ ਨਾ ਮੋੜੀਂ ਮੂੰਹ’ (ਮੁਹੰਮਦ ਰਫ਼ੀ, ਸੁਮਨ ਕਲਿਆਣਪੁਰ), ‘ਦੇਦੇ ਮੋਰੀ ਮੁੰਦਰੀ ਕਾਨ੍ਹ’ (ਰਫ਼ੀ), ਪੈਰੋਡੀ ਗੀਤ ‘ਬਹੁਤ ਸ਼ੁਕਰੀਆ ਬੜੀ ਮਿਹਰਬਾਨੀ’ (ਆਸ਼ਾ ਭੌਸਲੇ, ਕਮਲ ਬਰੋਟ, ਰਫ਼ੀ) ਅਤੇ ਭੰਗੜਾ ਗੀਤ ‘ਓ ਰੂਪ ਤੇਰੇ…ਕਿੰਨਾ ਸੋਹਣਾ ਲੱਗਣਾ ਏਂ ਮਾਹੀ ਵੇ’ (ਰਫ਼ੀ, ਸੁਮਨ ਕਲਿਆਣਪੁਰ) ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਪ੍ਰਾਪਤ ਕੀਤੀ। ਐੱਸ. ਮੋਹਿੰਦਰ ਤੇ ਜੇ. ਐੱਸ. ਸੇਠੀ ਨੇ ਜਦੋਂ ਆਪਣੇ ਜ਼ਾਤੀ ਬੈਨਰ ਐੱਮ. ਐਂਡ ਜੇ. ਪ੍ਰੋਡਕਸ਼ਨਜ਼, ਬੰਬੇ ਹੇਠ ਫ਼ਿਲਮ ‘ਚੰਬੇ ਦੀ ਕਲੀ’ (1965) ਬਣਾਈ ਤਾਂ ਆਪਣੇ ਪਸੰਦੀਦਾ ਹੀਰੋ ਰਵਿੰਦਰ ਕਪੂਰ ਨੂੰ ਇਕ ਵਾਰ ਅਦਾਕਾਰੀ ਦਾ ਮੌਕਾ ਦਿੱਤਾ। ਫ਼ਿਲਮ ’ਚ ਰਵਿੰਦਰ ਨੇ ਮੁਮਤਾਜ਼ ਬੇਗ਼ਮ ਦੇ ਪੁੱਤਰ ‘ਰਾਜੂ’ ਦਾ ਅਤੇ ਹੀਰੋਇਨ ਇੰਦਰਾ ਬਿੱਲੀ ਚੰਬੇ ਦੀ ਕਲੀ ‘ਚੰਬੀ’ ਦਾ ਪਾਤਰ ਨਿਭਾ ਰਹੀ ਸੀ। ਹਿਦਾਇਤਕਾਰ ਬੀ. ਐੱਸ. ਗਲਾਡ, ਸੰਗੀਤਕਾਰ ਐੱਸ. ਮੋਹਿੰਦਰ ਅਤੇ ਗੀਤ ਵਰਮਾ ਨੇ ਲਿਖੇ ਸਨ। ਫ਼ਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁਨੂੰ’ (1965) ਵਿਚ ਰਵਿੰਦਰ ਕਪੂਰ ਨੇ ‘ਪੁਨੂੰ’ ਦਾ ਅਤੇ ਇੰਦਰਾ ਬਿੱਲੀ ਨੇ ‘ਸੱਸੀ’ ਦਾ ਰੁਮਾਨੀ ਕਿਰਦਾਰ ਨਿਭਾਇਆ। ਇਹ ਫ਼ਿਲਮ ਪੰਜਾਬੀ ਸਿਨੇ ਇਤਿਹਾਸ ਦੀ ਪਹਿਲੀ ਰੰਗੀਨ ਫ਼ਿਲਮ ਸੀ। ਫ਼ਿਲਮਸਾਜ਼ ਤੋਲਾ ਰਾਮ ਜਲਨ, ਸੰਗੀਤਕਾਰ ਬੀ. ਐੱਨ. ਬਾਲੀ ਅਤੇ ਗੀਤ ਨਕਸ਼ ਲਾਇਲਪੁਰੀ ਤੇ ਵਰਮਾ ਮਲਿਕ ਨੇ ਲਿਖੇ। ਰਵਿੰਦਰ ਤੇ ਇੰਦਰਾ ’ਤੇ ਫ਼ਿਲਮਾਏ ‘ਚੰਨ ਚੜ੍ਹਿਆ…ਅੱਖਾਂ ਦੇ ਠੀਕਰੇ ਵਿਚ’, ‘ਜਾਂਦੀ ਰਾਤ ਨੇ ਤਾਰੇ ਹੂੰਝੇ’ (ਮੁਹੰਮਦ ਰਫ਼ੀ), ‘ਹੱਥ ਜੋੜਦੀ ਮੈਂ ਤੈਨੂੰ ਤਸਵੀਰੇ ਨੀਂ’ (ਆਸ਼ਾ ਭੌਸਲੇ) ਆਦਿ ਗੀਤ ਖ਼ੂਬ ਚੱਲੇ। ਸਿੰਘ ਸੰਨਜ਼ ਪ੍ਰੋਡਕਸ਼ਨਜ਼, ਜਲੰਧਰ ਦੀ ਕੇਵਲ ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਸ਼ੌਂਕਣ ਮੇਲੇ ਦੀ’ (1965) ਵਿਚ ਰਵਿੰਦਰ ਕਪੂਰ ਨਾਲ ਪਹਿਲੀ ਵਾਰ ਹਿੰਦੀ ਫ਼ਿਲਮਾਂ ਦੀ ਅਦਾਕਾਰ ਪ੍ਰਵੀਨ ਚੌਧਰੀ ਹੀਰੋਇਨ ਦਾ ਕਿਰਦਾਰ ਨਿਭਾ ਰਹੀ ਸੀ। ਫ਼ਿਲਮਸਾਜ਼ ਹਰਜੀਤ ਤੇ ਜਸਵੰਤ, ਸੰਗੀਤ ਸਪਨ-ਜਗਮੋਹਨ ਅਤੇ ਗੀਤ ਪਹਿਲੀ ਵਾਰ ਮਾਰੂਫ਼ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਤਹਿਰੀਰ ਕੀਤੇ ਸਨ। ਰਵਿੰਦਰ ਤੇ ਪ੍ਰਵੀਨ ਚੌਧਰੀ ’ਤੇ ਫ਼ਿਲਮਾਏ ‘ਹੇ ਜਮਾਲੋ ਅੰਬੀਆਂ ਨੇ ਪੱਕੀਆਂ’ (ਰਫ਼ੀ, ਸ਼ਮਸ਼ਾਦ ਬੇਗ਼ਮ), ‘ਮੈਨੂੰ ਚੜ੍ਹਿਆ ਸੋਲ੍ਹਵਾਂ ਸਾਲ’ (ਆਸ਼ਾ ਭੌਸਲੇ, ਰਫ਼ੀ), ‘ਇਸ਼ਕ ਜਿਨ੍ਹਾਂ ਦੇ…ਜਾਚ ਮੈਨੂੰ ਆ ਗਈ ਗ਼ਮ ਖਾਣ ਦੀ’ (ਮੁਹੰਮਦ ਰਫ਼ੀ) ਗੀਤ ਸੰਗੀਤ-ਮੱਦਾਹਾਂ ਵੱਲੋਂ ਖ਼ੂਬ ਪਸੰਦ ਕੀਤੇ ਗਏ। ਫ਼ਿਲਮਸਾਜ਼ ਤੇ ਹਿਦਾਇਤਕਾਰ ਡੀ. ਸੋਹਨਾ ਦੀ ਨੀਲਮ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਨੁਮਾਇਸ਼ ਹੋਈ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ਵਿਚ ਇਕ ਵਾਰ ਫਿਰ ਰਵਿੰਦਰ ਕਪੂਰ ਤੇ ਇੰਦਰਾ ਬਿੱਲੀ ਦੀ ਜੋੜੀ ਸੀ। ਸੰਗੀਤ ਸਰਦੂਲ ਕਵਾਤੜਾ ਅਤੇ ਗੀਤ ਸੁਰਜੀਤ ਚਮਕ ‘ਅੰਮ੍ਰਿਤਸਰੀ’ ਨੇ ਲਿਖੇ ਸਨ। ਰਵਿੰਦਰ ਤੇ ਇੰਦਰਾ ’ਤੇ ਫ਼ਿਲਮਾਏ ‘ਪਹਿਲਾਂ ਤੇ ਮਿਲਾਨਾ ਏ ਤੂੰ ਅੱਖਾਂ…ਚੱਲ ਝੂਠੀ’ (ਸੁਮਨ ਕਲਿਆਣਪੁਰ, ਇੰਦਰਾ ਬਿੱਲੀ, ਮਹਿੰਦਰ ਕਪੂਰ), ਭੰਗੜਾ ਗੀਤ ‘ਨੀਂ ਤੂੰ ਪਿੰਡ ’ਚ ਪੁਆੜੇ ਪਾਏ’ (ਮਹਿੰਦਰ ਕਪੂਰ, ਸ਼ਮਸ਼ਾਦ ਬੇਗ਼ਮ) ਅਤੇ ਦੇਸ਼ ਭਗਤੀ ਗੀਤ ‘ਪੰਜਾਬ ਦੀ…ਊੱਠ ਪੰਜਾਬ ਦੇ ਸ਼ੇਰਾ’ (ਮੰਨਾ ਡੇਅ, ਕ੍ਰਿਸ਼ਨਾ ਕੱਲੇ) ਗੀਤ ਵੀ ਬੜੇ ਪਸੰਦ ਕੀਤੇ ਗਏ। ਵਰਮਾ ਇੰਟਰਨੈਸ਼ਨਲ ਪਿਕਚਰਜ਼, ਬੰਬੇ ਦੀ ਸਤੀਸ਼ ਛਾਬੜਾ ਨਿਰਦੇਸ਼ਿਤ ਫ਼ਿਲਮ ‘ਲਾਈਏ ਤੋੜ ਨਿਭਾਈਏ’ (1966) ’ਚ ਰਵਿੰਦਰ ਕਪੂਰ ਨੇ ‘ਕਿਸ਼ਨ’ ਦਾ ਅਤੇ ਨਿਸ਼ੀ ‘ਜੀਤੋ’ ਦੇ ਕਿਰਦਾਰ ਵਿਚ ਮੌਜੂਦ ਸੀ। ਐੱਸ. ਮਦਨ ਦੇ ਸੰਗੀਤ ’ਚ ਰਵਿੰਦਰ ਤੇ ਨਿਸ਼ੀ ’ਤੇ ਫ਼ਿਲਮਾਏ ‘ਬੱਲੇ-ਬੱਲੇ ਸੋਹਣੇ ਨਾ ਬਣਾਏ ਮੁੜ ਕੇ’ (ਮੁਹੰਮਦ ਰਫ਼ੀ), ਕੱਵਾਲੀ ਗੀਤ ‘ਆ…ਤਸਵੀਰੇ ਨੀਂ ਹੁਸਨ ਦੀਏ’ (ਰਫ਼ੀ, ਸੁਰਿੰਦਰ ਕੋਹਲੀ, ਊਸ਼ਾ ਮੰਗੇਸ਼ਕਰ, ਕ੍ਰਿਸ਼ਨ ਕੱਲੇ) ਅਤੇ ਭੰਗੜਾ ਗੀਤ ‘ਹੋਏ ਬਾਰੀ ਬਰਸੀ…ਅੱਖੀਆਂ ਦਾ ਬੰਮ’ (ਰਫ਼ੀ, ਸ਼ਮਸ਼ਾਦ ਬੇਗ਼ਮ) ਗੀਤ ਬੜੇ ਚੱਲੇ। ਬੋਨੀ ਐਂਡ ਹਨੀ ਫ਼ਿਲਮਜ਼, ਬੰਬੇ ਦੀ ਬੀ. ਐੱਸ. ਗਲਾਡ ਨਿਰਦੇਸ਼ਿਤ ਫ਼ਿਲਮ ‘ਨੀਮ ਹਕੀਮ’ (1967) ’ਚ ਰਵਿੰਦਰ ਕਪੂਰ ਨੇ ‘ਰਾਜੂ’ ਦਾ ਤੇ ਇੰਦਰਾ ਬਿੱਲੀ ਨੇ ‘ਚੰਨੋ’ ਦਾ ਪਾਰਟ ਅਦਾ ਕੀਤਾ।
ਸੇਕਰਡ ਸ਼ੈਡਜ਼ੋ, ਬੰਬੇ ਦੀ ਰਜਿੰਦਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਪੌਂ ਬਾਰਾਂ’ (1969) ’ਚ ਰਵਿੰਦਰ ਕਪੂਰ ਨੇ ਸ਼ਹਿਰੀ ਬਾਊ ‘ਅਮਰ’ ਦਾ ਰੋਲ ਤੇ ਹੀਰੋਇਨ ਨੰਦਿਨੀ ‘ਪ੍ਰੀਤੋ’ ਦਾ ਕਿਰਦਾਰ ਨਿਭਾ ਰਹੀ ਸੀ।
1970ਵਿਆਂ ਦੇ ਦਹਾਕੇ ’ਚ ਰਵਿੰਦਰ ਕਪੂਰ ਦੀਆਂ 3 ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ। ਮਹਿੰਦਰ ਪ੍ਰੋਡਕਸ਼ਨਜ਼, ਬੰਬੇ ਦੀ ਮਹਿੰਦਰ ਵਾਹੀ ਨਿਰਦੇਸ਼ਿਤ ਫ਼ਿਲਮ ‘ਦੁਪੱਟਾ’ (1970) ’ਚ ਰਵਿੰਦਰ ਕਪੂਰ ਨੇ ‘ਰਾਜੂ’ ਦਾ ਤੇ ਇੰਦਰਾ ਬਿੱਲੀ ‘ਭੋਲੀ’ ਦਾ ਰੋਲ ਕਰ ਰਹੀ ਸੀ। ਸਪਨ-ਜਗਮੋਹਨ ਦੇ ਸੰਗੀਤ ਵਿਚ ਦੋਵਾਂ ’ਤੇ ਫ਼ਿਲਮਾਏ ‘ਰੁਕ ਜਾਓ ਸੱਜਣੋ ਥੋੜ੍ਹਾ ਜਿੰਨਾ ਹੋਰ’ (ਮੁਹੰਮਦ ਰਫ਼ੀ) ਅਤੇ ਭੰਗੜਾ ਗੀਤ ‘ਲੱਕ ਪਤਲਾ ਤੇ ਅੱਖ ਤੇਰੀ ਮੋਟੀ’ (ਮਹਿੰਦਰ ਕਪੂਰ, ਆਸ਼ਾ ਭੌਸਲੇ) ਗੀਤ ਬੜੇ ਹਿੱਟ ਹੋਏ। ਜਗਦੀਪ ਮੂਵੀਜ਼, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਫ਼ਿਲਮ ‘ਕਣਕਾਂ ਦੇ ਓਹਲੇ’ (1971) ’ਚ ਰਵਿੰਦਰ ਕਪੂਰ ਨੇ ‘ਮਦਨ’ ਦਾ ਕਿਰਦਾਰ ਤੇ ਇੰਦਰਾ ਬਿੱਲੀ ‘ਨਿੰਮੋ’ ਦਾ ਪਾਰਟ ਅਦਾ ਕਰ ਰਹੀ ਸੀ। ਸਪਨ-ਜਗਮੋਹਨ ਦੇ ਸੰਗੀਤ ਵਿਚ ਦੋਵਾਂ ਤੇ ਫ਼ਿਲਮਾਏ ਗੀਤ ‘ਨੀਂ ਚੰਬੇ ਦੀਏ ਡਾਲੀਏ ਨੀਂ’ (ਮੁਹੰਮਦ ਰਫ਼ੀ, ਊਸ਼ਾ ਤਿਮੋਥੀ), ‘ਨਿੱਕੀ-ਨਿੱਕੀ ਗੱਲੇ ਤੁਸੀਂ ਕਾਹਨੂੰ ਰੁੱਸ ਚੱਲੇ ਤੁਸੀਂ’ (ਭੁਪਿੰਦਰ, ਆਸ਼ਾ ਭੌਸਲੇ) ਅਤੇ ਭੰਗੜਾ ਗੀਤ ‘ਕਣਕਾਂ ਦੇ ਓਹਲੇ-ਓਹਲੇ ਨੱਚਦੀ ਫਿਰੇ ਮੋਰਨੀ’ (ਮੁਹੰਮਦ ਰਫ਼ੀ, ਊਸ਼ਾ ਤਿਮੋਥੀ) ਇੰਤਹਾਈ ਮਕਬੂਲ਼ ਹੋਏ। ਫ਼ਿਲਮ ਨਗਰ, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਫ਼ਿਲਮ ‘ਸ਼ੇਰਨੀ’ (1973) ਰਵਿੰਦਰ ਕਪੂਰ ਦੀ ਆਖ਼ਰੀ ਫ਼ਿਲਮ ਸੀ। ਫ਼ਿਲਮ ’ਚ ਰਵਿੰਦਰ ਨੇ ਦੀਪਾ’/’ਕੁਲਦੀਪ’ ਨਾਮੀ ਖ਼ਲ ਕਿਰਦਾਰ ਨਿਭਾਇਆ।
ਇਸਤੋਂ ਇਲਾਵਾ ਰਵਿੰਦਰ ਕਪੂਰ ਦੀ ਅਦਾਕਾਰੀ ਵਾਲੀਆਂ ਮਸ਼ਹੂਰ ਜ਼ਮਾਨਾ ਹਿੰਦੀ ਫ਼ਿਲਮਾਂ ‘ਕੁੰਵਾਰੀ’ (1966), ‘ਦੀਵਾਨਾ’ (1967/ਇੰਦਰ), ‘ਆਇਆ ਸਾਵਨ ਝੂਮ ਕੇ’ (1969), ‘ਕਾਰਵਾਂ’ (1970), ‘ਯਾਦੋਂ ਕੀ ਬਾਰਾਤ’ (1973), ‘ਦੋਸਤ’, ‘ਮਜਬੂਰ’ (1974), ‘ਆਕਰਮਣ’ (1975), ‘ਏਜੰਟ ਵਿਨੋਦ’, ‘ਛੈਲਾ ਬਾਬੂ’ (1977), ‘ਦਿ ਬਰਨਿੰਗ ਟਰੇਨ’ (1980), ‘ਨਾਰੀ’ (1981), ‘ਦੁਲਹਾ ਬਿਕਤਾ ਹੈ’ (1982), ‘ਖ਼ੁਦਾਰ’, ‘ਸਟਾਰ’ (1982), ‘ਆਨ ਔਰ ਸ਼ਾਨ’, ‘ਹਮ ਹੈਂ ਲਾਜਵਾਬ’, ‘ਮੰਜ਼ਿਲ ਮੰਜ਼ਿਲ’ (1984), ‘ਜਬਰਦਸਤ’ (1985), ‘ਕਯਾਮਤ ਸੇ ਕਯਾਮਤ ਤੱਕ’ (1989), ‘ਬੇਨਾਮ ਬਾਦਸ਼ਾਹ’ (1991) ਆਦਿ ’ਚ ਚਰਿੱਤਰ ਤੇ ਖ਼ਲ ਕਿਰਦਾਰ ਨਿਭਾਏ। ‘ਜੋ ਜੀਤਾ ਵਹੀ ਸਿਕੰਦਰ’ (1992) ਰਵਿੰਦਰ ਕਪੂਰ ਦੀ ਆਖ਼ਰੀ ਹਿੰਦੀ ਫ਼ਿਲਮ ਕਰਾਰ ਪਾਈ। ਫ਼ਿਲਮਾਂ ਤੋਂ ਮੁਕੰਮਲ ਤੌਰ ’ਤੇ ਕਿਨਾਰਾਕਸ਼ੀ ਕਰਨ ਤੋਂ ਬਾਅਦ ਉਹ ਬੰਬਈ ਛੱਡ ਕੇ ਆਪਣੀ ਪਤਨੀ ਲਲਿਤਾ ਕਪੂਰ ਨਾਲ ਪੱਕੇ ਤੌਰ ’ਤੇ ਅਮਰੀਕਾ ਵੱਸ ਗਏ। ਭਾਰਤੀ ਫ਼ਿਲਮਾਂ ਦਾ ਇਹ ਅਜ਼ੀਮ ਸਿਤਾਰਾ 12 ਅਗਸਤ 2011 ਨੂੰ 79 ਸਾਲਾਂ ਦੀ ਉਮਰੇ ਅਮਰੀਕਾ ਵਿਚ ਵਫ਼ਾਤ ਪਾ ਗਿਆ।
ਸੰਪਰਕ: 97805-09545