ਮੁੰਬਈ: ਅਦਾਕਾਰਾ ਰਸਿਕਾ ਦੁੱਗਲ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ‘ਸਪਾਈਕ’ ਦੇ ਦੂਜੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲਾਂ 17 ਜਨਵਰੀ ਨੂੰ ਅਦਾਕਾਰਾ ਦੇ ਜਨਮ ਦਿਨ ਵਾਲੇ ਦਿਨ ਸ਼ੂਟਿੰਗ ਸ਼ੁਰੂ ਕੀਤੀ ਜਾਣੀ ਸੀ ਪਰ ਕਰੋਨਾ ਕਾਰਨ ਬਣ ਰਹੇ ਹਾਲਾਤ ਨੂੰ ਦੇਖਦਿਆਂ ਟੀਮ ਨੇ ਸ਼ੂਟਿੰਗ ਮੁਲਤਵੀ ਕਰ ਦਿੱਤੀ ਸੀ। ਰਸਿਕਾ ਪੰਜ ਦਿਨ ਇੱਥੇ ਰਹੇਗੀ। ਉਹ ਪਹਿਲੀ ਵਾਰ ਖੇਡਾਂ ’ਤੇ ਅਧਾਰਿਤ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ। ਇਸ ’ਚ ਉਹ ਵਾਲੀਬਾਲ ਕੋਚ ਦੀ ਭੂਮਿਕਾ ਨਿਭਾਵੇਗੀ। ਫਿਲਮ ਦੇ ਕਿਰਦਾਰ ਲਈ ਸੀਰੀਜ਼ ਦੀ ਸ਼ੂਟਿੰਗ ਤੋਂ ਪਹਿਲਾਂ ਉਸ ਨੇ ਮੁੰਬਈ ਵਿੱਚ ਤਿੰਨ ਮਹੀਨੇ ਵਾਲੀਬਾਲ ਦੀ ਸਿਖਲਾਈ ਲਈ। ਰਸਿਕਾ ਨੇ ਕਿਹਾ, ‘ਕਾਫੀ ਰੁਕਾਵਟਾਂ ਅਤੇ ਖੱਜਲ-ਖੁਆਰੀ ਤੋਂ ਬਾਅਦ ਟੀਮ ਦੁਬਾਰਾ ਸ਼ੂਟਿੰਗ ਸ਼ੁਰੂ ਕਰਨ ਵਿੱਚ ਕਾਮਯਾਬ ਹੋਈ ਹੈ। ਹੁਣ ਜਦੋਂ ਅਸੀਂ ਕੰਮ ਨੇਪਰੇ ਚਾੜ੍ਹਨ ਦੇ ਬਹੁਤ ਨੇੜੇ ਹਾਂ ਤਾਂ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਕਿ ਫਿਲਮ ਦੀ ਕਹਾਣੀ ਇਕੱਠੀ ਕਿਵੇਂ ਹੋਵੇਗੀ।’ ਉਸ ਨੇ ਕਿਹਾ, ‘‘ਜਦੋਂ ਮੈਂ ਕੁਝ ਵਕਫੇ ਤੋਂ ਬਾਅਦ ਕਿਰਦਾਰ ਵਿੱਚ ਵਾਪਸ ਜਾਂਦੀ ਹਾਂ ਤਾਂ ਘਬਰਾ ਜਾਂਦੀ ਹਾਂ। ਪਰ ਉਸ ਘਬਰਾਹਟ ’ਤੇ ਕਾਬੂ ਪਾ ਕੇ ਕੰਮ ਕਰਨਾ ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ। ਦੇਖਦੇ ਹਾਂ ਇਸ ਸ਼ੂਟਿੰਗ ਦੌਰਾਨ ਕਿਹੋ ਜਿਹੇ ਤਜਰਬੇ ਹੁੰਦੇ ਹਨ।’’ ਜ਼ਿਕਰਯੋਗ ਹੈ ਕਿ ਰਸਿਕਾ ਆਉਂਦੇ ਦਿਨੀਂ ‘ਦਿੱਲੀ ਕ੍ਰਾਈਮ ਸੀਜ਼ਨ 2’ ਅਤੇ ‘ਲਾਰਡ ਕਰਜ਼ਨ ਦੀ ਹਵੇਲੀ’ ਸਮੇਤ ਹੋਰ ਪ੍ਰਾਜੈਕਟਾਂ ਵਿੱਚ ਵੀ ਨਜ਼ਰ ਆਵੇਗੀ। -ਆਈਏਐੱਨਐੱਸ