ਮੁੰਬਈ: ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਵਿੱਚ ਫਿਲਮ ‘ਲੂਟਕੇਸ’ ਅਤੇ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ਲਈ ਨਾਮਜ਼ਦ ਹੋਈ ਅਦਾਕਾਰਾ ਰਸਿਕਾ ਦੁੱਗਲ ਆਪਣੀਆਂ ਨਾਮਜ਼ਦਗੀਆਂ ਅਤੇ ਫਿਲਮ ਮੇਲੇ ਵਿੱਚ ਜਾਣ ਲਈ ਬਹੁਤ ਉਤਸ਼ਾਹਿਤ ਅਤੇ ਖੁਸ਼ ਹੈ। ਰਸਿਕਾ ਨੇ ਕਿਹਾ, ‘‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਵਿੱਚ ਇੱਕ ਫਿਲਮ ਅਤੇ ਦੂਜੀ ਵੈੱਬ ਸੀਰੀਜ਼ ਲਈ ਸਰਬੋਤਮ ਅਦਾਕਾਰਾ ਦੀਆਂ ਦੋ ਨਾਮਜ਼ਦਗੀਆਂ ਹਾਸਲ ਕਰ ਕੇ ਮੈਂ ਬਹੁਤ ਖੁਸ਼ ਹਾਂ। ਜਿਊਰੀ ਦਾ ਧਿਆਨ ਮੇਰੇ ਕੰਮ ’ਤੇ ਜਾਣਾ ਅਤੇ ਦੇਸ਼ ਦੇ ਪ੍ਰਤਿਭਾਸ਼ਾਲੀ ਅਦਾਕਾਰ, ਜੋ ਹਰ ਪ੍ਰਾਜੈਕਟ ਨਾਲ ਆਪਣਾ ਪੱਧਰ ਉੱਪਰ ਚੁੱਕਦੇ ਹਨ, ਨਾਲ ਨਾਮਜ਼ਦਗੀਆਂ ਸਾਂਝੀਆਂ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਮੈਲਬਰਨ ਮੇਰੇ ਮਨਪਸੰਦ ਸ਼ਹਿਰਾਂ ’ਚੋਂ ਇੱਕ ਹੈ ਅਤੇ ਮੈਂ ਇਸ ਸ਼ਾਨਦਾਰ ਫਿਲਮ ਮੇਲੇ ਬਾਰੇ ਵੀ ਬਹੁਤ ਕੁਝ ਸੁਣਿਆ ਹੈ। ਜੇ ਹਾਲਾਤ ਬਿਹਤਰ ਹੋਏ ਤਾਂ ਮੈਂ ਇੱਥੇ ਜਾਣਾ ਪਸੰਦ ਕਰਾਂਗੀ।’’ ਰਸਿਕਾ ਨੂੰ ‘ਸਰਬੋਤਮ ਅਦਾਕਾਰਾ’ ਵਰਗ ਵਿੱਚ ਫਿਲਮ ‘ਲੂਟਕੇਸ’ ਲਈ ਵਿੱਦਿਆ ਬਾਲਨ, ਸਵਾਸਤਿਕਾ ਮੁਖਰਜੀ, ਕਨੀ ਕੁਸਰੁਤੀ ਅਤੇ ਰੀਮਾ ਕਾਲਿੰਗਲ ਨਾਲ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਉਹ ‘ਸਰਬੋਤਮ ਪ੍ਰਦਰਸ਼ਨ (ਮਹਿਲਾ)’ ਵਰਗ ਵਿੱਚ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ਲਈ ਨੀਨਾ ਗੁਪਤਾ, ਪ੍ਰਾਜਕਤਾ ਕੋਲੀ, ਸਮੰਥਾ ਅੱਕੀਨੇਨੀ, ਸ਼ਾਹਾਨਾ ਗੋਸਵਾਮੀ ਅਤੇ ਸ਼ਵੇਤਾ ਤ੍ਰਿਪਾਠੀ ਨਾਲ ਨਾਮਜ਼ਦ ਹੋਈ ਹੈ। -ਆਈਏਐੱਨਐੱਸ