ਮੁੰਬਈ: ਅਦਾਕਾਰਾ ਰਸਿਕਾ ਦੁੱਗਲ ਨੇ ਆਪਣੀ ਨਵੀਂ ਸੀਰੀਜ਼ ‘ਅਧੂਰਾ’ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਸੀਰੀਜ਼ ਰਾਹੀਂ ਅਦਾਕਾਰਾ ਪਹਿਲੀ ਵਾਰ ਭੂਤੀਆ ਕਹਾਣੀ ’ਤੇ ਕੰਮ ਕਰ ਰਹੀ ਹੈ। ਇਸ ਸੀਰੀਜ਼ ਵਿੱਚ ਰਸਿਕਾ ਦੁੱਗਲ ਇੱਕ ਸਕੂਲ ਵਿੱਚ ਕਾਊਂਸਲਰ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਕਹਾਣੀ ਵਿਚਲੇ ਭੂਤੀਆ ਰਹੱਸ ਤੋਂ ਪਰਦਾ ਚੁੱਕਦੀ ਹੈ। ਇਸ ਸੀਰੀਜ਼ ਦੇ ਪਹਿਲੇ ਹਿੱਸੇ ਦੀ ਸ਼ੂਟਿੰਗ ਊਟੀ ਵਿੱਚ ਹੋਈ ਸੀ ਤੇ ਦੂਜੇ ਪੜਾਅ ਦੀ ਸ਼ੂਟਿੰਗ ਹੁਣ ਮੁੰਬਈ ਵਿੱਚ ਮੁਕੰਮਲ ਹੋਈ ਹੈ। ਅਗਲੇ ਮਹੀਨੇ ਰਸਿਕਾ ਤੀਜੇ ਗੇੜ ਦੀ ਸ਼ੂਟਿੰਗ ਲਈ ਮੁੜ ਊਟੀ ਜਾਵੇਗੀ। ਹਾਲ ਹੀ ਵਿੱਚ ਅਦਾਕਾਰਾ ਨੇ ‘ਅਧੂਰਾ’ ਦੇ ਸੈੱਟ ਤੋਂ ਇੱਕ ਰੀਲ ਸਾਂਝੀ ਕੀਤੀ ਹੈ, ਜਿਸ ਨੂੰ ਉਸ ਨੇ ਸਿਰਲੇਖ ਦਿੱਤਾ ਹੈ, ‘ਡਰਾਵਨਾ’। ਗੌਰਵ ਚਾਵਲਾ ਅਤੇ ਅਨੰਨਿਆ ਬੈਨਰਜੀ ਵੱਲੋਂ ਨਿਰਦੇਸ਼ਿਤ ਇਸ ਸੀਰੀਜ਼ ਵਿੱਚ ਰਸਿਕਾ ਨਾਲ ਇਸ਼ਵਾਕ ਸਿੰਘ ਵੀ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗਾ। ਇਹ ਸੀਰੀਜ਼ ਇੱਕ ਬੋਰਡਿੰਗ ਸਕੂਲ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨਾਲ ਇੱਕ ਗਹਿਰਾ ਤੇ ਹਨੇਰਾ ਰਹੱਸ ਜੁੜਿਆ ਹੋਇਆ ਹੈ। -ਆਈਏਐੱਨਐੱਸ