ਮੁੰਬਈ, 10 ਦਸੰਬਰ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਫ਼ਿਲਮ ਜਗਤ ਵਿੱਚ ਅੱਜ ਦਸ ਸਾਲ ਪੂਰੇ ਕਰ ਲਏ ਹਨ। ਉਸ ਨੇ ਆਪਣੇ ਸੁਪਨਿਆਂ ਦੇ ਕਮਰੇ, ਇੱਕ ਸਿਨੇਮਾ ਹਾਲ ਵਿੱਚ ਜਾ ਕੇ ਇਹ ਵਿਸ਼ੇਸ਼ ਪਲ ਮਨਾਇਆ। ਰਣਵੀਰ ਨੇ 2010 ਵਿੱਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮ ‘ਬੈਂਡ ਬਾਜਾ ਬਰਾਤ’ ਨਾਲ ਕੀਤੀ ਸੀ। ਇਸ ਫ਼ਿਲਮ ਵਿੱਚ ਉਸ ਨੇ ਬਿੱਟੂ ਸ਼ਰਮਾ ਦਾ ਕਿਰਦਾਰ ਨਿਭਾਇਆ ਸੀ।
ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਇੱਕ ਖ਼ਾਲੀ ਸਿਨੇਮਾ ਹਾਲ ਵਿੱਚ ਬਾਹਾਂ ਫੈਲਾ ਕੇ ਖੜ੍ਹਾ ਹੈ। ਕਰੋਨਾਵਾਇਰਸ ਦੇ ਮੱਦੇਨਜ਼ਰ ਉਸ ਨੇ ਮਾਸਕ ਪਹਿਨਿਆ ਹੋਇਆ ਹੈ। ਉਸ ਨੇ ਲਿਖਿਆ ,‘ਫਿਲਮਾਂ ਵਿੱਚ ਦਸ ਸਾਲ ਪੂਰੇ ਹੋਣ ਦੀ ਖ਼ੁਸ਼ੀ ਮਨਾਉਣ ਲਈ ਸੁਪਨਿਆਂ ਵਾਲੇ ਹਾਲ, ਸਿਨੇਮਾ ਹਾਲ ਤੋਂ ਵਧੀਆ ਥਾਂ ਕਿਹੜੀ ਹੋ ਸਕਦੀ ਹੈ। ਇਹ ਬਹੁਤ ਸ਼ਾਨਦਾਰ ਸੀ।’ ਰਣਵੀਰ ਸਿੰਘ ਨੇ ਇਨ੍ਹਾਂ ਦਸ ਸਾਲਾਂ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ‘ਲੁਟੇਰਾ’, ‘ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ’, ‘ਗੁੰਡੇ’, ‘ਦਿਲ ਧੜਕਨੇ ਦੋ’, ‘ਬਾਜੀਰਾਓ ਮਸਤਾਨੀ’,‘ਪਦਮਾਵਤ’, ‘ਸਿੰਬਾ’ ਤੇ ‘ਗਲੀ ਬੁਆਇ’ ਵਰਗੀਆਂ ਕਈ ਹਿੱਟ ਫਿਲਮਾਂ ਦੇ ਚੁੱਕਿਆ ਹੈ। ਜਲਦ ਹੀ ਉਹ ਫਿਲਮ ‘83’ ਵਿੱਚ ਨਜ਼ਰ ਆਵੇਗਾ, ਜਿਸ ਵਿੱਚ ਉਸ ਨੇ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾਇਆ ਹੈ। -ਆਈਏਐੱਨਐੱਸ