ਮਨਦੀਪ ਸਿੰਘ ਸਿੱਧੂ
ਭਾਰਤੀ ਫ਼ਿਲਮ ਸਨਅਤ ਦੇ ਮਾਰੂਫ਼ ਫ਼ਿਲਮਸਾਜ਼, ਹਿਦਾਇਤਕਾਰ, ਮੰਜ਼ਰਨਵੀਸ, ਕਹਾਣੀਨਵੀਸ, ਅਦਾਕਾਰ ਤੇ ਨਾਵਲਨਿਗ਼ਾਰ ਰਾਮਾਨੰਦ ਸਾਗਰ ਦੀ ਪੈਦਾਇਸ਼ 29 ਦਸੰਬਰ 1917 ਨੂੰ ਲਾਹੌਰ ਦੇ ਪਿੰਡ ਆਸਲ ਗੁਰੂ ਕੇ ਵਿਖੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਸਰਦੇ-ਪੁੱਜਦੇ ਘਰ ਵਿੱਚ ਜਨਮੇ ਰਾਮਾਨੰਦ ਦੇ ਬਚਪਨ ਦਾ ਨਾਮ ਚੰਦਰਮੌਲੀ ਚੋਪੜਾ ਸੀ। ਉਨ੍ਹਾਂ ਦੇ ਪੜਦਾਦਾ ਲਾਲਾ ਸ਼ੰਕਰਦਾਸ ਚੋਪੜਾ ਪਸ਼ੌਰ (ਪੇਸ਼ਾਵਰ) ਤੋਂ ਕਸ਼ਮੀਰ ਆ ਗਏ ਤੇ ਇੱਥੋਂ ਦੇ ਪੱਕੇ ਨਿਵਾਸੀ ਬਣ ਗਏ। 1867 ਵਿੱਚ ਦਾਦਾ ਲਾਲਾ ਗੰਗਾਰਾਮ ਨੇ ਸ੍ਰੀਨਗਰ ਵਿੱਚ ਆਪਣਾ ਕਾਰੋਬਾਰ ਸਥਾਪਿਤ ਕੀਤਾ। ਪਿਤਾ ਲਾਲਾ ਦੀਨਾਨਾਥ ਚੋਪੜਾ ‘ਤਾਜ ਪੇਸ਼ਾਵਰੀ’ ਦੇ ਤਖ਼ੱਲਸ ਹੇਠ ਸ਼ਾਇਰੀ ਕਰਦੇ ਸਨ, ਜਿਸ ਤੋਂ ਮੁਤਾਸਿਰ ਰਾਮਾਨੰਦ ਨੇ 16 ਸਾਲ ਦੀ ਉਮਰ ’ਚ ‘ਸ੍ਰੀ ਪ੍ਰਤਾਪ ਕਾਲਜ’ ਪੱਤ੍ਰਿਕਾ, ਸ੍ਰੀਨਗਰ-ਕਸ਼ਮੀਰ ਲਈ ‘ਪ੍ਰੀਤਮ ਪ੍ਰੀਕਸ਼ਾ’ ਨਾਮੀ ਇੱਕ ਕਵਿਤਾ ਲਿਖੀ ਸੀ।
ਆਪਣੇ ਸੰਘਰਸ਼ ਭਰੇ ਦਿਨਾਂ ਦੌਰਾਨ ਰਾਮਾਨੰਦ ਕਦੇ ਚਪੜਾਸੀ, ਕਦੇ ਟਰੱਕ ਕਲੀਨਰ, ਸਾਬਣ ਵੇਚਣ ਵਾਲੇ ਵਰਗੇ ਕੰਮ ਕਰਦੇ ਰਹੇ, ਪਰ ਕਦੇ ਹਿੰਮਤ ਨਹੀਂ ਹਾਰੀ। ਉਹ ਦਿਨ ਵੇਲੇ ਕੰਮ ਕਰਦੇ ਤੇ ਰਾਤ ਨੂੰ ਆਪਣੀ ਪੜ੍ਹਾਈ। 1942 ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਰਾਮਾਨੰਦ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਸੰਸਕ੍ਰਿਤ ਤੇ ਪਰਸ਼ੀਅਨ ਜ਼ੁਬਾਨ ’ਚ ਸੋਨ ਤਗ਼ਮਾ ਅਤੇ ਫ਼ਾਰਸੀ ਜ਼ੁਬਾਨ ’ਚ ਮੁਣਸ਼ੀ ਫ਼ਾਜ਼ਿਲ ਦਾ ਖ਼ਿਤਾਬ ਹਾਸਿਲ ਕੀਤਾ। 1942 ’ਚ ਹੀ ਪੰਜਾਬ ਯੂਨੀਵਰਸਿਟੀ ਪੜ੍ਹਦਿਆਂ ‘ਡੇਲੀ ਮਿਲਾਪ’ ਅਖ਼ਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਨੇ ਪੰਜਾਬ ਰਹਿੰਦਿਆਂ ‘ਰਾਮਾਨੰਦ ਚੋਪੜਾ’, ‘ਰਾਮਾਨੰਦ ਬੇਦੀ’ ਤੇ ‘ਰਾਮਾਨੰਦ ਕਸ਼ਮੀਰੀ’ ਵਰਗੇ ਨਾਵਾਂ ਨਾਲ 32 ਲਘੂ ਕਹਾਣੀਆਂ, 3 ਵੱਡੀਆਂ ਕਹਾਣੀਆਂ, 2 ਲੜੀਵਾਰ ਕਹਾਣੀਆਂ, ਇੱਕ ਨਾਵਲ ਤੇ 2 ਸਟੇਜ ਨਾਟਕ ਵੀ ਲਿਖੇ। ਫਿਰ ਉਨ੍ਹਾਂ ਨੇ ਪੱਕੇ ਤੌਰ ਉੱਤੇ ਆਪਣਾ ਤਖ਼ੱਲਸ ‘ਸਾਗਰ’ ਰੱਖ ਲਿਆ।
ਜਦੋਂ ਆਰ. ਐੱਲ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਪੁੱਤਰ ਰੂਪ ਕੇ. ਸ਼ੋਰੀ ਉਰਫ਼ ਰੂਪ ਕਿਸ਼ੋਰ ਸ਼ੋਰੀ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਕੋਇਲ’ (1944) ਸ਼ੁਰੂ ਕੀਤੀ ਤਾਂ ਰਾਮਾਨੰਦ ਸਾਗਰ ਨੂੰ ਅਹਿਮ ਕਿਰਦਾਰ ਲਈ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਇਸ ਤਰ੍ਹਾਂ ਰਾਮਾਨੰਦ ਨਾਮਾਨਿਗ਼ਾਰ ਤੋਂ ਅਦਾਕਾਰ ਬਣ ਗਏ। ਇਹ ਕਾਮਯਾਬ ਫ਼ਿਲਮ 26 ਨਵੰਬਰ 1944 ਨੂੰ ਵਾਲਿੰਗਟਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਸਿਲਵਰ ਜੁਬਲੀ ਹਿੱਟ ਫ਼ਿਲਮ ਕਰਾਰ ਪਾਈ। ਹਾਲਾਂਕਿ ਇਸ ਤੋਂ ਪਹਿਲਾਂ ਰਾਮਾਨੰਦ ਸਾਗਰ ਕੈਪੀਟਲ ਸਿਨੇਟੋਨ, ਲਾਹੌਰ ਦੀ ਠਾਕੁਰ ਹਿੰੰਮਤ ਸਿੰਘ ਨਿਰਦੇਸ਼ਿਤ ਸਟੰਟ ਤੇ ਮਿਸਟਰੀ ਹਿੰਦੀ ਫ਼ਿਲਮ ‘ਰੇਡਰਸ ਆਫ਼ ਦੀ ਰੇਲਰੋਡ’ ਉਰਫ਼ ‘ਕਪਤਾਨ ਵਰਿੰਦਰ’ (1936) ਵਿੱਚ ਕਲੈਪਰ ਬੌਇ ਵਜੋਂ ਕੰਮ ਕਰ ਚੁੱਕੇ ਸਨ।
ਪੰਜਾਬ ਵੰਡ ਤੋਂ ਬਾਅਦ ਉਹ ਪਰਿਵਾਰ ਸਮੇਤ ਪੱਕੇ ਤੌਰ ’ਤੇ ਲਾਹੌਰ ਛੱਡ ਬੰਬਈ ਆਣ ਵੱਸੇ। ਇੱਥੇ ਉਨ੍ਹਾਂ ਨੇ ਪ੍ਰਿਥਵੀਰਾਜ ਕਪੂਰ ਦੇ ਪ੍ਰਿਥਵੀ ਥੀਏਟਰ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਪ੍ਰਿਥਵੀਰਾਜ ਕਪੂਰ ਦੀ ਰਹਿਨੁਮਾਈ ਹੇਠ ਕੁਝ ਨਾਟਕਾਂ ਦੀ ਹਿਦਾਇਤਕਾਰੀ ਵੀ ਕੀਤੀ। ਉਨ੍ਹਾਂ ਨੇ ਫ਼ਿਲਮ ‘ਏਕ ਤੇਰੀ ਨਿਸ਼ਾਨੀ’ ਦਾ ਮੰਜ਼ਰਨਾਮਾ ਤੇ ਮੁਕਾਲਮੇ ਲਿਖੇ ਸਨ। ਇਸ ਤੋਂ ਬਾਅਦ ਰਾਜ ਕਪੂਰ ਦੇ ਫ਼ਿਲਮਸਾਜ਼ ਅਦਾਰੇ ਆਰ. ਕੇ. ਫ਼ਿਲਮਜ਼, ਬੰਬੇ ਦੀ ਰਾਜ ਕਪੂਰ ਨਿਰਦੇਸ਼ਿਤ ਫ਼ਿਲਮ ‘ਬਰਸਾਤ’ (1949) ਦੀ ਕਹਾਣੀ ਉਨ੍ਹਾਂ ਨੇ ਲਿਖੀ ਸੀ। ਫ਼ਿਲਮ ‘ਜਾਨ ਪਹਿਚਾਨ’ (1950) ਦਾ ਮੰਜ਼ਰਨਾਮਾ ਤੇ ਮੁਕਾਲਮੇ, ਫ਼ਿਲਮ ‘ਪੂਨਮ’ (1952) ਦੀ ਕਹਾਣੀ, ਫ਼ਿਲਮ ‘ਸ਼ਿਨ ਸ਼ਿਨਾਕੀ ਬੂਬਲਾ ਬੂ’ (1952) ਦੀ ਕਹਾਣੀ ਤੇ ਫ਼ਿਲਮ ‘ਸੰਗਦਿਲ’ (1953) ਦਾ ਫ਼ਸਾਨਾ ਤੇ ਮੁਕਾਲਮੇ ਲਿਖੇ ਸਨ।
1953 ਵਿੱਚ ਰਾਮਾਨੰਦ ਸਾਗਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸਾਗਰ ਆਰਟ ਕਾਰਪੋਰੇਸ਼ਨ, ਬੰਬੇ ਦੀ ਸਥਾਪਨਾ ਕੀਤੀ, ਜਿਸ ਦੇ ਬੈਨਰ ਹੇਠ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿੱਚ ਪਹਿਲੀ ਫ਼ਿਲਮ ‘ਮਹਿਮਾਨ’ (1953) ਬਣਾਈ। ਫ਼ਿਲਮ ਦਾ ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਰਾਮਾਨੰਦ ਸਾਗਰ ਨੇ ਲਿਖੇ। ਤਲਵਾਰ ਫ਼ਿਲਮਜ਼, ਬੰਬੇ ਦੀ ਆਰ. ਸੀ. ਤਲਵਾਰ ਨਿਰਦੇਸ਼ਿਤ ਫ਼ਿਲਮ ‘ਇਲਜ਼ਾਮ’ (1954) ਦੇ ਮੁਕਾਲਮੇ ਤੇ ਜੈਮਿਨੀ ਪਿਕਚਰਜ਼, ਮਦਰਾਸ ਦੀ ਐੱਸ. ਐੱਸ. ਵਾਸਨ ਨਿਰਦੇਸ਼ਿਤ ਫ਼ਿਲਮ ‘ਇਨਸਾਨੀਅਤ’ (1955) ਦੇ ਮੁਕਾਲਮਗ਼ਿਾਰ ਰਾਮਾਨੰਦ ਸਾਗਰ ਸਨ। ਤਲਵਾਰ ਫ਼ਿਲਮਜ਼ ਦੀ ਆਰ. ਸੀ. ਤਲਵਾਰ ਨਿਰਦੇਸ਼ਿਤ ਫ਼ਿਲਮ ‘ਮੇਮ ਸਾਹਿਬ’ (1956) ਦੇ ਮੁਕਾਲਮੇ ਤੇ ਜੈਮਿਨੀ ਪਿਕਚਰਜ਼, ਮਦਰਾਸ ਦੀ ਹੀ ਐੱਸ. ਐੱਸ. ਵਾਸਨ ਨਿਰਦੇਸ਼ਿਤ ਫ਼ਿਲਮ ‘ਰਾਜ ਤਿਲਕ’ (1958) ਦੀ ਕਹਾਣੀ ਤੇ ਮੁਕਲਾਮੇ ਉਨ੍ਹਾਂ ਨੇ ਲਿਖੇ।
ਜੈਮਿਨੀ ਪਿਕਚਰਜ਼, ਮਦਰਾਸ ਦੀ ਫ਼ਿਲਮ ‘ਘੂੰਘਟ’ (1960) ਫ਼ਿਲਮਸਾਜ਼ ਤੇ ਹਿਦਾਇਤਕਾਰ ਵਜੋਂ ਰਾਮਾਨੰਦ ਸਾਗਰ ਦੀ ਤੀਸਰੀ ਫ਼ਿਲਮ ਸੀ। ਮੰਜ਼ਰਨਾਮਾ ਤੇ ਮੁਕਲਾਮੇ ਰਾਮਾਨੰਦ ਸਾਗਰ, ਗੀਤ ਸ਼ਕੀਲ ਬਦਾਯੂੰਨੀ ਤੇ ਸੰਗੀਤਕਾਰ ਰਵੀ ਸਨ। ਰਿਪਬਲਿਕ ਫ਼ਿਲਮ ਕਾਰਪੋਰੇਸ਼ਨ, ਬੰਬੇ ਦੀ ਐੱਸ. ਯੂ. ਸਨੀ ਨਿਰਦੇਸ਼ਿਤ ਫ਼ਿਲਮ ‘ਕੋਹਿਨੂਰ’ (1960) ਦੀ ਕਹਾਣੀ ਰਾਮਾਨੰਦ ਸਾਗਰ ਨੇ ਲਿਖੀ ਸੀ। ਦਲੀਪ ਕੁਮਾਰ ਤੇ ਮੀਨਾ ਕੁਮਾਰੀ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਇਤਿਹਾਸ ਦੀ ਪਹਿਲੀ ਹਿੰਦੀ ਫ਼ਿਲਮ ਸੀ ਜਿਸ ਦਾ ਪਹਿਲੀ ਵਾਰ ਐੱਲ. ਪੀ. ਰਿਕਾਰਡ ਜਾਰੀ ਕੀਤਾ ਗਿਆ ਸੀ। ਸਵਰਨ ਫ਼ਿਲਮ, ਮਦਰਾਸ ਦੀ ਕੇ. ਸ਼ੰਕਰ ਨਿਰਦੇਸ਼ਿਤ ਫ਼ਿਲਮ ‘ਰਾਜਕੁਮਾਰ’ (1964) ਦਾ ਮੰਜ਼ਰਨਾਮਾ ਤੇ ਮੁਕਾਲਮੇ ਸਾਗਰ ਨੇ ਤਹਿਰੀਰ ਕੀਤੇ। ਆਪਣੇ ਜ਼ਾਤੀ ਅਦਾਰੇ ਸਾਗਰ ਆਰਟ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਉਨ੍ਹਾਂ ਨੇ ਦੂਜੀ ਫ਼ਿਲਮ ‘ਆਰਜ਼ੂ’ (1965) ਬਣਾਈ। ਇਸ ਫ਼ਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਸਾਗਰ ਆਰਟ ਇੰਟਰਨੈਸ਼ਨਲ, ਬੰਬੇ ਦੀ ਹੀ ਰਾਮਾਨੰਦ ਸਾਗਰ ਨਿਰਦੇਸ਼ਿਤ ਫ਼ਿਲਮ ‘ਆਂਖੇਂ’ (1968) ਦੇ ਫ਼ਿਲਮਸਾਜ਼ ਤੇ ਕਹਾਣੀਨਵੀਸ ਵੀ ਰਾਮਾਨੰਦ ਸਾਗਰ ਸਨ। ਵੈਸੇ ਤਾਂ ਇਸ ਫ਼ਿਲਮ ਦੇ ਤਮਾਮ ਗੀਤ ਬੇਹੱਦ ਦਿਲਕਸ਼ ਸਨ, ਪਰ ਫ਼ਿਲਮ ’ਚ ਲਤਾ ਜੀ ਦਾ ਗਾਇਆ ਗੀਤ ‘ਮਿਲਤੀ ਹੈ ਜ਼ਿੰਦਗੀ ਮੇਂ ਮੁਹੱਬਤ ਕਭੀ-ਕਭੀ’ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਇਹ ਫ਼ਿਲਮ ਵੀ ਸੁਪਰਹਿੱਟ ਕਰਾਰ ਪਾਈ।
ਸਾਗਰ ਆਰਟ ਇੰਟਰਨੈਸ਼ਨਲ ਦੀ ਹੀ ਰਾਮਾਨੰਦ ਸਾਗਰ ਨਿਰਦੇਸ਼ਿਤ ਫ਼ਿਲਮ ‘ਗੀਤ’ (1970) ਦੇ ਕਹਾਣੀਨਵੀਸ ਤੇ ਫ਼ਿਲਮਸਾਜ਼ ਵੀ ਰਾਮਾਨੰਦ ਸਾਗਰ ਸਨ। ਜਿਸ ’ਚ ਰਫ਼ੀ ਸਾਹਿਬ ਦਾ ਗਾਇਆ ਗੀਤ ‘ਮੇਰੇ ਮਿੱਤਵਾ ਮੇਰੇ ਮੀਤ ਰੇ ਆਜਾ ਤੁਝਕੋ ਪੁਕਾਰੇ ਮੇਰੇ ਗੀਤ ਰੇ’ ਅੱਜ ਵੀ ਸ਼ਿੱਦਤ ਨਾਲ ਸੁਣਿਆ ਜਾਂਦਾ ਹੈ। ਸਾਗਰ ਆਰਟ ਦੀ ਫ਼ਿਲਮ ‘ਲਲਕਾਰ’ (1972) ਦੇ ਰਾਮਾਨੰਦ ਸਾਗਰ ਹਿਦਾਇਤਕਾਰ, ਫ਼ਿਲਮਸਾਜ਼ ਤੇ ਕਹਾਣੀਨਵੀਸ ਸਨ। ਸਾਗਰ ਇੰਟਰਪ੍ਰਾਈਸਜ਼, ਬੰਬੇ ਦੀ ਹੀ ਫ਼ਿਲਮ ‘ਜਲਤੇ ਬਦਨ’ (1973) ਦੇ ਫ਼ਿਲਮਸਾਜ਼, ਕਹਾਣੀਨਵੀਸ ਤੇ ਹਿਦਾਇਤਕਾਰ ਖ਼ੁਦ ਰਾਮਾਨੰਦ ਸਾਗਰ ਸਨ। ਸਾਗਰ ਇੰਟਰਪ੍ਰਾਈਸਜ਼ ਦੀ ਫ਼ਿਲਮ ‘ਚਰਸ’ (1976) ਦਾ ਫਸਾਨਾ, ਮੁਕਾਲਮੇ, ਫ਼ਿਲਮਸਾਜ਼ ਤੇ ਹਿਦਾਇਤਕਾਰੀ ਦੇ ਫ਼ਰਜ਼ ਰਾਮਾਨੰਦ ਸਾਗਰ ਨੇ ਅਦਾ ਕੀਤੇ। ਇਸ ਫ਼ਿਲਮ ਵਿੱਚ ਸਾਗਰ ਨੇ ਟਾਮ ਆਲਟਰ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਬੀ. ਆਰ. ਨੰਦਾ ਦੇ ਫ਼ਿਲਮਸਾਜ਼ ਅਦਾਰੇ ਗੌਰੀ ਫ਼ਿਲਮਜ਼, ਬੰਬੇ ਦੀ ਫ਼ਿਲਮ ‘ਪ੍ਰੇਮ ਬੰਧਨ’ (1978) ਦੇ ਹਿਦਾਇਤਕਾਰ ਰਾਮਾਨੰਦ ਸਾਗਰ ਸਨ। ਫ਼ਿਲਮ ’ਚ ਜੋੜੀਦਾਰ ਵਜੋਂ ਰਾਜੇਸ਼ ਖੰਨਾ ਤੇ ਰੇਖਾ ਕੰਮ ਕਰ ਰਹੇ ਸਨ। ਸਾਗਰ ਆਰਟ ਇੰਟਰਨੈਸ਼ਨਲ ਦੀ ਹੀ ਫ਼ਿਲਮ ‘ਬਗਾਵਤ’ (1982) ਦੇ ਫ਼ਿਲਮਸਾਜ਼, ਕਹਾਣੀਨਵੀਸ ਤੇ ਹਿਦਾਇਤਕਾਰ, ਸਾਗਰ ਇੰਟਰਪ੍ਰਾਈਸਜ਼, ਬੰਬੇ ਦੀ ਫ਼ਿਲਮ ‘ਰੁਮਾਂਸ’ (1983) ਦੇ ਫ਼ਿਲਮਸਾਜ਼ ਤੇ ਹਿਦਾਇਤਕਾਰ ਵੀ ਰਾਮਾਨੰਦ ਸਾਗਰ ਸਨ। ਇਸ ਫ਼ਿਲਮ ਦੇ ਗੀਤ ਬੇਹੱਦ ਮਕਬੂਲ ਹੋਏ। ਰਾਮਾਨੰਦ ਸਾਗਰ ਦੇ ਜ਼ਾਤੀ ਅਦਾਰੇ ਦੀ ਆਖ਼ਰੀ ਹਿੰਦੀ ਫ਼ਿਲਮ ‘ਸਲਮਾ’ (1985) ਸੀ, ਜਿਸ ਦੇ ਫ਼ਿਲਮਸਾਜ਼, ਹਿਦਾਇਤਕਾਰ ਉਹ ਖ਼ੁਦ ਸਨ।
ਹਿੰਦੀ ਫ਼ਿਲਮਾਂ ਵਿੱਚ ਨਾਮ ਤੇ ਸ਼ੁਹਰਤ ਕਮਾਉਣ ਤੋਂ ਬਾਅਦ ਰਾਮਾਨੰਦ ਸਾਗਰ ਨੇ ਆਪਣਾ ਰੁਖ਼ ਛੋਟੇ ਪਰਦੇ ਯਾਨੀ ਟੈਲੀਵਿਜ਼ਨ ਵੱਲ ਕੀਤਾ। ਆਪਣੇ ਜਾਤੀ ਬੈਨਰ ਹੇਠ ਉਨ੍ਹਾਂ ਨੇ ਬਹੁਤ ਸਾਰੇ ਧਾਰਮਿਕ ਤੇ ਮਿਥਿਹਾਸਕ ਕਿਸ਼ਤਵਾਰਾਂ ਦਾ ਨਿਰਮਾਣ ਤੇ ਹਿਦਾਇਤਕਾਰੀ ਕੀਤੀ, ਜਿਨ੍ਹਾਂ ਵਿੱਚ ‘ਵਿਕਰਮ ਔਰ ਵੇਤਾਲ’, ‘ਦਾਦਾ ਦਾਦੀ ਕੀ ਕਹਾਨੀਆਂ’, ‘ਲਵ ਕੁਸ਼’, ‘ਸ੍ਰੀ ਕ੍ਰਿਸ਼ਨਾ’, ‘ਅਲਿਫ਼ ਲੈਲਾ’, ‘ਜੈ ਗੰਗਾ ਮਈਆ’, ‘ਜਯ ਮਹਾਂ ਲਕਸ਼ਮੀ’ ਆਦਿ ਤੋਂ ਇਲਾਵਾ ਜਿਸ ਸੀਰੀਅਲ ਨੇ ਉਨ੍ਹਾਂ ਨੂੰ ਦੁਨੀਆ ਭਰ ’ਚ ਮਕਬੂਲੀਅਤ ਦਿਵਾਈ, ਉਹ ਸੀ ਪ੍ਰਾਚੀਨ ਭਾਰਤੀ ਸੰਸਕ੍ਰਿਤ ਮਹਾਂਕਾਵਿ ‘ਰਾਮਾਇਣ’। ਸਾਗਰ ਆਰਟ ਇੰਟਰਪ੍ਰਾਈਸਜ਼ ਦੇ ਬੈਨਰ ਹੇਠ ਰਾਮਾਨੰਦ ਸਾਗਰ ਦੀ ਹਿਦਾਇਤਕਾਰੀ ਵਿੱਚ 25 ਜਨਵਰੀ 1987 ਤੋਂ 31 ਜੁਲਾਈ 1988 ਤੱਕ 78 ਕਿਸ਼ਤਾਂ ਵਿੱਚ ਡੀ. ਡੀ. ਨੈਸ਼ਨਲ ਉੱਤੇ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਕਿਸ਼ਤਵਾਰ ‘ਰਾਮਾਇਣ’ ਨੇ ਹੱਦ ਦਰਜਾ ਪ੍ਰਸਿੱਧੀ ਹਾਸਲ ਕੀਤੀ ਸੀ। ਰਾਮਾਨੰਦ ਸਾਗਰ ਨੇ ਇਸ ਲੜੀਵਾਰ ਵਿੱਚ ਰਾਮ ਦੀ ਉਸਤਤ ਕਰਨ ਵਾਲੇ ਇੱਕ ‘ਦੇਵਤਾ’ ਦਾ ਕਿਰਦਾਰ ਅਦਾ ਕੀਤਾ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਿਕ ‘ਰਮਾਇਣ’ ਨੂੰ 12 ਭਾਸ਼ਾਵਾਂ ਵਿੱਚ 53 ਦੇਸ਼ਾਂ ਵਿੱਚ ਪ੍ਰਸਾਰਿਤ ਕੀਤਾ ਗਿਆ, ਜਿਸ ਨੂੰ ਕਰੋੜਾਂ ਲੋਕਾਂ ਨੇ ਵੇਖਿਆ ਸੀ।
ਰਾਮਾਨੰਦ ਸਾਗਰ ਬਹੁਤ ਸਾਰੇ ਮਾਨਾਂ-ਸਨਮਾਨਾਂ ਨਾਲ ਵਡਿਆਏ ਗਏ, ਜਿਨ੍ਹਾਂ ਵਿੱਚ ‘ਪਦਮਸ਼੍ਰੀ’ (2000) ਅਤੇ ਫ਼ਿਲਮਾਂ ਵਿੱਚ ਆਪਣੀਆਂ ਜ਼ਿਕਰਯੋਗ ਪ੍ਰਾਪਤੀਆਂ ਸਦਕਾ ਕਈ ਫ਼ਿਲਮਫੇਅਰ ਐਵਾਰਡ ਸ਼ਾਮਲ ਹਨ। 12 ਦਸੰਬਰ 2005 ਨੂੰ ਰਾਮਾਨੰਦ ਸਾਗਰ 88 ਸਾਲਾਂ ਦੀ ਉਮਰ ਵਿੱਚ ਮੁੰਬਈ ਵਿਖੇ ਅਕਾਲ ਚਲਾਣਾ ਕਰ ਗਏ, ਪਰ ਭਾਰਤੀ ਫ਼ਿਲਮ ਇਤਿਹਾਸ ਵਿੱਚ ਰਾਮਾਨੰਦ ਸਾਗਰ ਦਾ ਨਾਮ ਹਮੇਸ਼ਾਂ ਅਮਰ ਰਹੇਗਾ।
ਸੰਪਰਕ: 97805-9545