ਇੰਦਰਜੀਤ ਸਿੰਘ ਹਰਪੁਰ
‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’ ਇਹ ਕਹਾਵਤ ਸਿੱਖ ਪੰਥ ਦੇ ਮਹਾਨ ਆਰਕੀਟੈਕਟ ਤੇ ਇੰਟੀਰੀਅਰ ਡਿਜ਼ਾਇਨਰ ਰਾਮ ਸਿੰਘ ਸੋਹਲ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਰਾਮ ਸਿੰਘ ਸੋਹਲ ਦੀ ਕਲਾ ਦਾ ਲੋਹਾ ਭਾਵੇਂ ਸਾਰੀ ਦੁਨੀਆਂ ਮੰਨਦੀ ਹੈ, ਪਰ ਉਸਦੇ ਆਪਣੇ ਪਿੰਡ ਰਸੂਲਪੁਰ, ਇਲਾਕੇ ਅਤੇ ਕੌਮ ਦੇ ਲੋਕ ਅੱਜ ਤਕ ਵੀ ਉਨ੍ਹਾਂ ਦੀ ਕਾਬਲੀਅਤ ਤੋਂ ਅਣਜਾਣ ਹਨ। ਰਾਮ ਸਿੰਘ ਸੋਹਲ ਨੇ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਇਮਾਰਤ ਦਾ ਨਕਸ਼ਾ ਬਣਾਉਣ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਇਨਿੰਗ ਅਤੇ ਵੁੱਡ ਕਾਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਐਚਿਸਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ਼ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜ਼ਾਇਨਿੰਗ ਦਾ ਕੰਮ ਕੀਤਾ।
ਅਸੀਂ ਆਪਣੇ ਵਿਰਸੇ ਅਤੇ ਮਹਾਨ ਹਸਤੀਆਂ ਨੂੰ ਕਿੰਨੀ ਜਲਦੀ ਆਪਣੇ ਮਨਾਂ ਵਿਚੋਂ ਵਿਸਾਰ ਦਿੰਦੇ ਹਾਂ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਸਰਦਾਰ ਰਾਮ ਸਿੰਘ ਸੋਹਲ ਦੇ ਪਿੰਡ ਵਾਸੀਆਂ ਨੂੰ ਨਾ ਤਾਂ ਸ. ਰਾਮ ਸਿੰਘ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਕੋਈ ਜਾਣਕਾਰੀ ਹੈ। ਊਨ੍ਹਾਂ ਦੀ ਆਪਣੇ ਪਿੰਡ ਵਿਚ ਕੋਈ ਯਾਦਗਾਰ ਨਹੀਂ ਬਚੀ। ਉਨ੍ਹਾਂ ਨੇ ਜਿਸ ਘਰ ਵਿਚ ਜਨਮ ਲਿਆ ਸੀ, ਹੁਣ ਉਸ ਥਾਂ ਦੇ ਮਾਲਕ ਨੇ ਪਸ਼ੂਆਂ ਦੀ ਹਵੇਲੀ ਬਣਾ ਲਈ ਹੈ। ਪਿੰਡ ਦੇ ਬਜ਼ੁਰਗ ਬਲਬੀਰ ਸਿੰਘ ਸੋਹਲ ਜੋ ਰਾਮ ਸਿੰਘ ਸੋਹਲ ਦੇ ਸ਼ਰੀਕੇ ਵਿਚੋਂ ਹੀ ਹਨ, ਨੇ ਦੱਸਿਆ ਕਿ ਪੁਰਾਣੇ ਬਜ਼ੁਰਗ ਉਨ੍ਹਾਂ ਬਾਰੇ ਦੱਸਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਪਿੰਡ ਵਿਚ ਵਲੈਤੀਆ ਕਿਹਾ ਜਾਂਦਾ ਸੀ।
ਰਾਮ ਸਿੰਘ ਸੋਹਲ ਦਾ ਜਨਮ 1858 ਨੂੰ ਬਟਾਲਾ ਤੋਂ 10 ਕਿਲੋਮੀਟਰ ਦੂਰ ਪਿੰਡ ਰਸੂਲਪੁਰ ਵਿਖੇ ਪਿਤਾ ਸ. ਆਸਾ ਸਿੰਘ ਦੇ ਘਰ ਹੋਇਆ। ਉਹ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਆਸਾ ਸਿੰਘ ਕੋਲ ਪਿੰਡ ਦੀ ਕੁਝ ਜ਼ਮੀਨ ਸੀ, ਪਰ ਆਰਥਿਕ ਤੰਗੀ ਕਾਰਨ ਉਹ ਅੰਮ੍ਰਿਤਸਰ ਚਲੇ ਗਏ। ਸ. ਰਾਮ ਸਿੰਘ ਦੀ ਬਚਪਨ ਤੋਂ ਹੀ ਡਰਾਇੰਗ ਵਿਚ ਰੁਚੀ ਸੀ ਅਤੇ ਉਹ ਡਰਾਇੰਗ ਵਿਚ ਇਮਾਰਤਾਂ ਦੀ ਡਰਾਇੰਗ ਕਰਨੀ ਬਹੁਤ ਪਸੰਦ ਕਰਦੇ ਸਨ।
ਉਨ੍ਹਾਂ ਨੇ ਅੰਮ੍ਰਿਤਸਰ ਵਿਚ ਇਕ ਲੱਕੜ ਤੇ ਕਾਪਰ ਦੀ ਦੁਕਾਨ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਸਨੇ ਮੇਯੋ ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਕਿਪਲਿੰਗ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਿੰਸੀਪਲ ਕਿਪਲਿੰਗ ਨੇ ਰਾਮ ਸਿੰਘ ਦੇ ਹੁਨਰ ਨੂੰ ਦੇਖ ਕੇ ਉਸਨੂੰ ਮੇਯੋ ਸਕੂਲ ਆਫ ਆਰਟਸ, ਲਾਹੌਰ ਵਿਖੇ ਡਰਾਇੰਗ ਮਾਸਟਰ ਦੀ ਨੌਕਰੀ ਦੇ ਦਿੱਤੀ।
ਇੰਗਲੈਂਡ ਦੀ ਮਹਾਰਾਣੀ ਕੁਈਨ ਵਿਕਟੋਰੀਆ ਨੇ ਇਕ ਵਾਰ ਇੱਛਾ ਜ਼ਾਹਰ ਕੀਤੀ ਕਿ ਉਸਦੇ ਪੈਲੇਸ ਦਾ ਅੰਦਰੂਨੀ ਡਿਜ਼ਾਇਨ ਭਾਰਤੀ ਵਾਸਤੂਕਲਾ ਅਨੁਸਾਰ ਹੋਵੇ ਅਤੇ ਉਸਨੇ ਪ੍ਰਿੰਸੀਪਲ ਕਿਪਲਿੰਗ ਨੂੰ ਇਹ ਡਿਜ਼ਾਇਨਿੰਗ ਕਰਨ ਲਈ ਕਿਹਾ। ਪ੍ਰਿੰਸੀਪਲ ਕਿਪਲਿੰਗ ਨੇ ਇਸ ਕੰਮ ਦੀ ਜ਼ਿੰਮੇਵਾਰੀ ਰਾਮ ਸਿੰਘ ਸੋਹਲ ਨੂੰ ਦੇ ਦਿੱਤੀ ਅਤੇ ਉਹ ਇਸ ਬੇਹੱਦ ਖ਼ਾਸ ਕੰਮ ਲਈ ਇੰਗਲੈਂਡ ਚਲੇ ਗਏ। ਰਾਮ ਸਿੰਘ ਪਹਿਲੀ ਵਾਰ ਗੋਰਿਆਂ ਦੀ ਧਰਤੀ ਉੱਪਰ ਪਹੁੰਚੇੇ ਸਨ।
ਸਰਦਾਰ ਸੋਹਲ ਨੇ ਜਦੋਂ ਕੁਈਨ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ ਦਾ ਨਕਸ਼ਾ ਤਿਆਰ ਕਰ ਦਿੱਤਾ ਤਾਂ ਕਿਸੇ ਅੰਗਰੇਜ਼ ਕਾਰੀਗਰ ਨੂੰ ਉਸ ’ਤੇ ਕੰਮ ਕਰਨਾ ਹੀ ਨਾ ਆਵੇ। ਆਖਰ ਰਾਮ ਸਿੰਘ ਸੋਹਲ ਤਿੰਨ ਸਾਲ ਇੰਗਲੈਂਡ ਵਿਖੇ ਹੀ ਰਹੇ ਅਤੇ ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਕੁਈਨ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ ਦਾ ਕੰਮ ਕਰਵਾਇਆ। ਜਦੋਂ ਇਹ ਕੰਮ ਮੁਕੰਮਲ ਹੋਇਆ ਤਾਂ ਇਹ ਇੰਨਾ ਖ਼ੂਬਸੂਰਤ ਸੀ ਕਿ ਕੁਈਨ ਵਿਕਟੋਰੀਆ ਸਮੇਤ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੋ ਗਿਆ। ਰਾਮ ਸਿੰਘ ਸੋਹਲ ਦੀ ਕਲਾ ਤੋਂ ਖ਼ੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਦਸਤਖ਼ਤ ਕਰਕੇ ਆਪਣੀ ਫੋਟੋ ਅਤੇ ਇਕ ਸੋਨੇ ਦਾ ਪੈਨਸਲ ਕੇਸ ਤੋਹਫੇ ਵਜੋਂ ਉਨ੍ਹਾਂ ਨੂੰ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਰਾਮ ਸਿੰਘ ਦੀ ਤਸਵੀਰ ਬਣਾਉਣ ਲਈ ਕਿਹਾ।
ਰਾਮ ਸਿੰਘ ਸੋਹਲ ਨੇ ਆਪਣੀ ਜ਼ਿੰਦਗੀ ਦੌਰਾਨ ਜੋ ਸਭ ਤੋਂ ਸੁੰਦਰ ਇਮਾਰਤਾਂ ਦੀ ਨਕਸ਼ਾ ਨਵੀਸੀ ਕੀਤੀ ਉਨ੍ਹਾਂ ਵਿਚੋਂ ਖਾਲਸਾ ਕਾਲਜ ਦੀ ਇਮਾਰਤ ਸਭ ਤੋਂ ਅਹਿਮ ਹੈ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ 20 ਦੇ ਕਰੀਬ ਅਜਿਹੀਆਂ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਇੰਟੀਰੀਅਰ ਡਿਜ਼ਾਇਨਿੰਗ ਕੀਤੀ ਜਿਨ੍ਹਾਂ ਦੀ ਸੁੰਦਰਤਾ ਦਾ ਲੋਹਾ ਦੁਨੀਆਂ ਅੱਜ ਤਕ ਮੰਨਦੀ ਹੈ।
ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਇਨਿੰਗ ਅਤੇ ਵੁੱਡ ਕਾਰਵਿੰਗ ਦਾ ਕੰਮ ਵੀ ਆਪਣੇ ਹੱਥੀਂ ਕੀਤਾ। ਇਸਤੋਂ ਇਲਾਵਾ ਉਨ੍ਹਾਂ ਕੁਈਨ ਵਿਕਟੋਰੀਆ ਦੇ ਦਰਬਾਰ ਹਾਲ ਦੀ ਸਾਰੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ, ਲਾਹੌਰ ਬੋਰਡਿੰਗ ਹਾਊਸ ਦਾ ਨਕਸ਼ਾ, ਚੰਬਾ ਹਾਊਸ ਲਾਹੌਰ, ਖਾਲਸਾ ਕਾਲਜ ਅੰਮ੍ਰਿਤਸਰ, ਸਾਰਾਗੜ੍ਹੀ ਗੁਰਦੁਆਰਾ ਅੰਮ੍ਰਿਤਸਰ, ਗਵਰਨਮੈਂਟ ਹਾਊਸ ਲਾਹੌਰ ਦਾ ਸਾਰਾ ਫਰਨੀਚਰ, ਸੀਲਿੰਗ ਆਫ ਗ੍ਰੀਨ ਹਾਲ ਜੰਮੂ ਕਸ਼ਮੀਰ, ਇਸਲਾਮੀਆ ਯੂਨੀਵਰਸਿਟੀ ਪਿਸ਼ਾਵਰ, ਡਿਜ਼ਾਇਨ ਆਫ ਨਿਊ ਰੇਲਵੇ ਥੀਏਟਰ ਲਾਹੌਰ, ਐਗਰੀਕਲਚਰ ਕਾਲਜ ਲਾਇਲਪੁਰ, ਐਚਿਸਨ ਕਾਲਜ ਲਾਹੌਰ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ।
ਇਕ ਵਾਰ ਪੰਜਾਬ ਦੇ ਗਵਰਨਰ ਨੇ ਰਾਮ ਸਿੰਘ ਸੋਹਲ ਨੂੰ ਕਿਹਾ ਕਿ ਉਹ ਕਲਾ ਦਾ ਇਕ ਉੱਤਮ ਨਮੂਨਾ ਤਿਆਰ ਕਰਨ। ਇਸ ’ਤੇ ਉਨ੍ਹਾਂ ਨੇ ‘ਤਖ਼ਤ-ਏ-ਤਾਊਸ’ ਦਾ ਨਿਰਮਾਣ ਕੀਤਾ ਜਿਸਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜ ਦਿੱਤਾ। ਜਦੋਂ ਕੁਈਨ ਵਿਕਟੋਰੀਆ ਨੇ ਅੰਗਰੇਜ਼ ਕਾਰੀਗਰਾਂ ਨੂੰ ‘ਤਖ਼ਤ-ਏ-ਤਾਊਸ’ ਜੋੜਨ ਲਈ ਕਿਹਾ ਤਾਂ ਕੋਈ ਵੀ ਕਾਰੀਗਰ ਇਸ ਵਿਚ ਕਾਮਯਾਬ ਨਾ ਹੋ ਸਕਿਆ। ਆਖਿਰ ਰਾਮ ਸਿੰਘ ਸੋਹਲ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਇੰਗਲੈਂਡ ਪਹੁੰਚੇ ਅਤੇ ਉਨ੍ਹਾਂ ਨੇ ‘ਤਖ਼ਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿਚ ਜੋੜਿਆ। ਉਨ੍ਹਾਂ ਦੀ ਇਸ ਕਲਾ ਤੋਂ ਵੀ ਕੁਈਨ ਵਿਕਟੋਰੀਆ ਬਹੁਤ ਪ੍ਰਭਾਵਿਤ ਹੋਈ।
ਬਰਤਾਨੀਆ ਹਕੂਮਤ ਵੱਲੋਂ ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਮੇਯੋ ਸਕੂਲ ਆਫ ਆਰਟਸ ਲਾਹੌਰ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਉਹ ਪਹਿਲੇ ਸਿੱਖ ਸਨ ਜਿਨ੍ਹਾਂ ਦੀ ਕੋਈ ਰਸਮੀ ਯੋਗਤਾ ਨਹੀਂ ਸੀ, ਪਰ ਫਿਰ ਵੀ ਬ੍ਰਿਟਿਸ਼ ਰਾਜ ਵੱਲੋਂ ਉਨ੍ਹਾਂ ਨੂੰ ਪ੍ਰਸਿੱਧ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਅਤੇ ਇਕ ਉੱਚ ਤਾਲੀਮ ਯਾਫ਼ਤਾ ਅੰਗਰੇਜ਼ ਨੂੰ ਦੋ ਨੰਬਰ ’ਤੇ ਰੱਖਿਆ। ਡਰਾਇੰਗ ਮਾਸਟਰ ਅਤੇ ਪ੍ਰਿੰਸੀਪਲ ਵਜੋਂ 38 ਸਾਲਾਂ ਲਈ ਮੇਯੋ ਸਕੂਲ ਆਫ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਰਾਮ ਸਿੰਘ ਸੋਹਲ ਸੇਵਾ ਮੁਕਤ ਹੋ ਗਏ।
ਆਪਣੀ ਕਲਾ ਦੇ ਦਮ ’ਤੇ ਉਨ੍ਹਾਂ ਨੇ ਕਈ ਸਨਮਾਨ ਹਾਸਲ ਕੀਤੇ। 1902 ਵਿਚ ਉਨ੍ਹਾਂ ਨੇ ਕੇਸਰੀ ਹਿੰਦ ਮੈਡਲ ਦਾ ਸਨਮਾਨ ਹਾਸਲ ਕੀਤਾ। ਬਰਤਾਨੀਆ ਹਕੂਮਤ ਵੱਲੋਂ ਉਨ੍ਹਾਂ ਨੂੰ 1904 ਵਿਚ ਸਰਦਾਰ ਸਾਹਿਬ ਅਤੇ 1909 ਵਿਚ ਸਰਦਾਰ ਬਹਾਦੁਰ ਦਾ ਖਿਤਾਬ ਦਿੱਤਾ ਗਿਆ। 1911 ਵਿਚ ਉਨ੍ਹਾਂ ਨੂੰ ‘ਮੈਂਬਰ ਆਫ ਦਿ ਰੌਇਲ ਵਿਕਟੋਰੀਅਨ ਆਰਡਰ’ (ਐੱਮ.ਵੀ.ਓ.) ਦਾ ਖਿਤਾਬ ਵੀ ਦਿੱਤਾ ਗਿਆ। ਇਸਦੇ ਨਾਲ ਬਰਤਾਨੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਪਿੰਡ ਰਸੂਲਪੁਰ (ਬਟਾਲਾ) ਵਿਖੇ ਇਨਾਮ ਵਜੋਂ ਕਾਫ਼ੀ ਜ਼ਮੀਨ ਵੀ ਦਿੱਤੀ ਗਈ। ਆਪਣੀ ਕਲਾ ਤੇ ਹੁਨਰ ਦਾ ਲੋਹਾ ਮਨਵਾ ਕੇ ਸਿੱਖ ਕੌਮ ਦਾ ਇਹ ਕੋਹੇਨੂਰ ਹੀਰਾ 1916 ਨੂੰ ਅੰਮ੍ਰਿਤਸਰ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਭਾਵੇਂ ਉਨ੍ਹਾਂ ਨੂੰ ਗੁਜ਼ਰਿਆਂ ਇਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਵੱਲੋਂ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਭਾਵੇਂ ਅੱਜ ਦੀ ਪੀੜ੍ਹੀ ਆਪਣੇ ਪੰਥ ਦੇ ਇਸ ਸਪੂਤ ਦੀ ਮਹਾਨਤਾ ਤੋਂ ਅਣਜਾਣ ਹੋਵੇ, ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ।
ਸੰਪਰਕ : 98155-77574